ਆਸ਼ੂ ਦਾ ਨੇੜਲਾ ਸਾਥੀ ਸੁਨੀਲ ਕਪੂਰ ‘ਆਪ’ ’ਚ ਸ਼ਾਮਲ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੂਨ
ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਅੱਜ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਸਭ ਤੋਂ ਨੇੜਲੇ ਸਾਥੀ ਸਾਬਕਾ ਕੌਂਸਲਰ ਤੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਕਪੂਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ। ਉਨ੍ਹਾਂ ਦਾ ‘ਆਪ’ ਵਿੱਚ ਸ਼ਾਮਲ ਹੋਣਾ ਪਾਰਟੀ ਨੂੰ ਯਕੀਨੀ ਤੌਰ ’ਤੇ ਫਾਇਦਾ ਦੇਵੇਗਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਸ਼ਾਮ ਨੂੰ ਇੱਕ ਜਨਸਭਾ ਦੌਰਾਨ ਸੁਨੀਲ ਕਪੂਰ ਨੂੰ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕਰਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ’ਤੇ ‘ਆਪ’ ਦੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ, ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਲੁਧਿਆਣਾ ਪੱਛਮੀ ਤੋਂ ‘ਆਪ’ ਉਮੀਦਵਾਰ ਸੰਜੀਵ ਅਰੋੜਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ।
ਸੁਨੀਲ ਕਪੂਰ ਲੁਧਿਆਣਾ ਦੇ ਵੱਕਾਰੀ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਸਵਰਗੀ ਲਾਲਾ ਸਰਦਾਰੀ ਲਾਲ ਕਪੂਰ ਦੇ ਪੋਤੇ ਹਨ। ਸਰਦਾਰੀ ਲਾਲ ਕਪੂਰ ਨੇ ਪੰਜਾਬ ਦੀ ਰਾਜਨੀਤੀ ਨੂੰ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਸੁਨੀਲ ਕਪੂਰ ਦੀ ਪਤਨੀ ਵੀ ਲੁਧਿਆਣਾ ਨਗਰ ਨਿਗਮ ਦੀ ਸਾਬਕਾ ਕੌਂਸਲਰ ਰਹਿ ਚੁੱਕੀ ਹਨ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਅਜੇ ਵੀ ਸਥਾਨਕ ਪੱਧਰ ’ਤੇ ਲੋਕਾਂ ਨਾਲ ਡੂੰਘਾ ਸਬੰਧ ਹੈ। ਉਨ੍ਹਾਂ ਦੇ ਪਰਿਵਾਰ ਦਾ ਅਜੇ ਵੀ ਲੁਧਿਆਣਾ ਦੀ ਰਾਜਨੀਤੀ ਵਿੱਚ ਵੱਡਾ ਪ੍ਰਭਾਵ ਹੈ। ਉਨ੍ਹਾਂ ਦੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ 19 ਜੂਨ ਨੂੰ ਹੋਣ ਵਾਲੀ ਜਿਮਨੀ ਚੋਣ ਵਿੱਚ ਵੋਟਾਂ ਦੇ ਮਾਮਲੇ ਵਿੱਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਬਹੁਤ ਫਾਇਦਾ ਹੋਵੇਗਾ।ਲੁਧਿਆਣਾ ਪੱਛਮੀ ਵਿੱਚ ਆਮ ਆਦਮੀ ਪਾਰਟੀ ਲਈ ਜਨਤਕ ਸਮਰਥਨ ਲਗਾਤਾਰ ਵਧ ਰਿਹਾ, ਹਰ ਰੋਜ਼ ਸੈਂਕੜੇ ਲੋਕ ਪਾਰਟੀ ਵਿੱਚ ਹੋ ਰਹੇ ਸ਼ਾਮਲ
ਖਿਡੌਣਾ ਕਾਰੋਬਾਰੀ ਵੀ 150 ਸਮਰਥਕਾਂ ਸਣੇ ’ਆਪ’ ਵਿੱਚ ਹੋਏ ਸ਼ਾਮਲ
ਪੱਛਮੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਲਈ ਜਨਤਕ ਸਮਰਥਨ ਲਗਾਤਾਰ ਵਧ ਰਿਹਾ ਹੈ। ਮੰਗਲਵਾਰ ਨੂੰ ਲੁਧਿਆਣਾ ਸ਼ਹਿਰ ਦੇ ਪ੍ਰਮੁੱਖ ਖਿਡੌਣਾ ਕਾਰੋਬਾਰੀ ਸਰਦਾਰ ਜੀ ਖਿਡੌਣਿਆਂ ਵਾਲ ੇਜਸਵਿੰਦਰ ਪਾਲ ਸਿੰਘ ਆਪਣੇ ਪਰਿਵਾਰ ਅਤੇ ਲਗਭਗ 150 ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦਾ ਸ਼ਹਿਰ ਵਿੱਚ ਕਈ ਥਾਵਾਂ ’ਤੇ ਸਲੂਜਾ ਸਟੋਰ ਦੇ ਨਾਮ ’ਤੇ ਬੱਚਿਆਂ ਲਈ ਖਿਡੌਣਿਆਂ ਅਤੇ ਮਨੋਰੰਜਨ ਨਾਲ ਸਬੰਧਤ ਹੋਰ ਚੀਜ਼ਾਂ ਦੀਆਂ ਵੱਡੀਆਂ ਦੁਕਾਨਾਂ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਕਮਲਜੀਤ ਕੌਰ ਸਲੂਜਾ, ਜਸਪਾਲ ਸਿੰਘ ਸਲੂਜਾ, ਜਸਵਿੰਦਰ ਪਾਲ ਸਿੰਘ ਬੱਗਾ ਅਤੇ ਗੁਰਮੀਤ ਸਿੰਘ ਬੱਗਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸਰਦਾਰ ਜੀ ਦਾ ਪਰਿਵਾਰ ਗੁਰੂ ਕ੍ਰਿਪਾ ਨਾਮ ਦੀ ਇੱਕ ਐਨਜੀਓ ਵੀ ਚਲਾਉਂਦਾ ਹੈ, ਜਿਸਨੂੰ ਕਮਲਜੀਤ ਕੌਰ ਸਲੂਜਾ ਚਲਾਉਂਦੀ ਹਨ। ਇਹ ਸੰਸਥਾ ਸ਼ਹਿਰ ਦੇ ਗਰੀਬ, ਅਨਾਥ ਅਤੇ ਅਪਾਹਜ ਬੱਚਿਆਂ ਨੂੰ ਸਿੱਖਿਆ, ਰਿਹਾਇਸ਼, ਭੋਜਨ, ਕੱਪੜੇ ਆਦਿ ਸਮੇਤ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਸਿੱਖਿਅਤ ਅਤੇ ਸਵੈ-ਨਿਰਭਰ ਬਣਾਉਣ ਦਾ ਕੰਮ ਕਰਦੀ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾ. ਸੰਨੀ ਆਹਲੂਵਾਲੀਆ ਅਤੇ ਹੋਰ ਸਥਾਨਕ ਆਗੂਆਂ ਦੀ ਮੌਜੂਦਗੀ ਵਿੱਚ, ਮੈਂਬਰਾਂ ਨੂੰ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ’ਆਪ’ ਪਰਿਵਾਰ ਵਿੱਚ ਸਵਾਗਤ ਕੀਤਾ।
‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ, ਸਰਦਾਰ ਜੀ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਾਂ। ਉਨ੍ਹਾਂ ਕਿਹਾ ਕਿ ਮੇਰੇ ਕਾਰੋਬਾਰ ਨਾਲ ਲਗਭਗ ਦੋ ਸੌ ਲੋਕ, ਖਾਸ ਕਰਕੇ ਮਜ਼ਦੂਰ ਅਤੇ ਹੋਰ ਕਾਮੇ ਜੁੜੇ ਹੋਏ ਹਨ ਅਤੇ ਪਿਛਲੇ ਤਿੰਨ ਸਾਲਾਂ ਤੋਂ, ਸਾਰਿਆਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਕਾਫ਼ੀ ਵਿੱਤੀ ਰਾਹਤ ਮਿਲੀ ਹੈ।