ਆਵਾਰਾ ਪਸ਼ੂਆਂ ਦੇ ਹੱਲ ਲਈ ਸਿਆਸੀ ਧਿਰਾਂ ਤੋਂ ਬਾਅਦ ਆਮ ਲੋਕ ਜੁੜੇ

ਭੁੱਖ ਹੜਤਾਲ ’ਤੇ ਬੈਠੇ ਵੱਖ-ਵੱਖ ਧਿਰਾਂ ਦੇ ਆਗੂ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 20 ਸਤੰਬਰ
ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਧਾਰਮਿਕ, ਸਮਾਜਿਕ, ਵਪਾਰਕ ਅਤੇ ਜਥੇਬੰਦਕ ਧਿਰਾਂ ਵੱਲੋਂ ਅਮਰੀਕੀ ਢੱਠਿਆਂ ਦੇ ਖਾਤਮੇ ਲਈ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਸ਼ਹਿਰ ਵਿੱਚ ਮੋਮਬੱਤੀ ਮਾਰਚ ਕਰਨ ਤੋਂ ਬਾਅਦ ਅੱਜ ਆਵਾਰਾ ਪਸ਼ੂਆਂ ਦੇ ਵਿਰੋਧ ਵਿੱਚ ਦਿੱਤੇ ਜਾ ਰਹੇ ਧਰਨੇ ਦੌਰਾਨ ਵੱਡੀ ਗਿਣਤੀ ਲੋਕ ਜੁੜੇ। ਧਰਨਾਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮਾਨਸਾ ਦੀ ਧਰਤੀ ਤੋਂ ਰਾਜ ਪੱਧਰੀ ਲਹਿਰ ਖੜ੍ਹੀ ਹੋਣ ਦੇ ਬਾਵਜੂਦ ਸਿਵਲ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ।
ਅੱਜ ਦੇ ਧਰਨੇ ਵਿੱਚ ਰੂਪ ਚੰਦ, ਰੁਲਦੂ ਸਿੰਘ, ਸੁਰਿੰਦਰ ਸਿੰਘ, ਜਸਵੰਤ ਸਿੰਘ, ਮੱਖਣ ਸਿੰਘ, ਗੁਰਤੇਜ ਸਿੰਘ ਦਰਾਕਾ, ਬੋਘ ਸਿੰਘ, ਮੇਜਰ ਸਿੰਘ, ਬੋਹੜ ਸਿੰਘ, ਉਗਰ ਸਿੰਘ, ਰਮਨਜੀਤ ਸਿੰਘ ਭੁੱਖ ਹੜਤਾਲ ’ਤੇ ਬੈਠੇ।
ਟਰੇਡ ਯੂਨੀਅਨ ਆਗੂ ਬਿੱਕਰ ਸਿੰਘ ਮੰਘਾਣੀਆਂ, ਜਤਿੰਦਰ ਆਗਰਾ ਤੇ ਡਾ.ਧੰਨਾ ਮੱਲ ਗੋਇਲ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਇੱਕ ਹੋਰ ਨੌਜਵਾਨ ਪਸ਼ੂਆਂ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਮੌਕੇ ਸਾਬਕਾ ਆਈਐਮਏ ਪ੍ਰਧਾਨ ਡਾ.ਮਨਜੀਤ ਸਿੰਘ ਰੰਧਾਵਾ ਨੇ ਸੰਘਰਸ਼ ਵਿੱਚ ਆਈਏਐਮ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ।

ਅਮਰੀਕੀ ਨਸਲ ਦੇ ਸੀਮਨ ’ਤੇ ਪਾਬੰਦੀ ਮੰਗੀ

ਆਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ ਮੈਂਬਰ ਐਡਵੋਕੇਟ ਗੁਰਲਾਭ ਸਿੰਘ ਮਾਹਲ, ਪ੍ਰੇਮ ਅਗਰਵਾਲ ਅਤੇ ਸਮੀਰ ਛਾਬੜਾ ਆਰਐਸਐਸ ਦੇ ਪੰਜਾਬ ਗਊ ਸਵਰਧਨ ਵਿੰਗ ਦੇ ਪੰਜਾਬ ਇੰਚਾਰਜ ਚੰਦਰ ਕਾਂਤ ਨੂੰ ਮਾਲੇਰਕੋਟਲਾ ਵਿਚ ਮਿਲੇ। ਉਨ੍ਹਾਂ ਦੱਸਿਆ ਕਿ ਅਮਰੀਕੀ ਨਸਲ ਦਾ ਹਿੰਦੂ ਆਸਥਾ ਨਾਲ ਕੋਈ ਸਬੰਧ ਨਹੀਂ ਜਿਸ ਕਰਕੇ ਅਮਰੀਕੀ ਨਸਲ ਦੇ ਸੀਮਨ ’ਤੇ ਪੰਜਾਬ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ ਅਤੇ ਦੇਸੀ ਗਾਵਾਂ ਲਈ ਡੇਅਰੀ ਫਾਰਮ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

Tags :