ਆਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਬਣੀ

ਕਾਲਾਂਵਾਲੀ: ਇਨ੍ਹੀਂ ਦਿਨੀਂ ਮੰਡੀ ਕਾਲਾਂਵਾਲੀ ਦੇ ਲੋਕ ਆਵਾਰਾ ਪਸ਼ੂਆਂ ਕਾਰਨ ਭੈਭੀਤ ਹਨ। ਸ਼ਹਿਰ ਦੇ ਹਰ ਗਲੀ ਮੁਹੱਲੇ ਅਤੇ ਬਾਜ਼ਾਰ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ ਰਹਿੰਦੀ ਹੈ ਜਿਸ ਕਾਰਨ ਹਰ ਰੋਜ਼ ਹਾਦਸੇ ਹੋ ਰਹੇ ਹਨ। ਦੂਜੇ ਪਾਸੇ ਖੇਤਰ ਦੇ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਮੰਗ ਪੱਤਰ ਵੀ ਦਿੱਤੇ ਹਨ। ਇਹ ਆਵਾਰਾ ਪਸ਼ੂ ਕਈ ਵਾਰ ਤਾਂ ਗਲੀ ਮੁਹੱਲਿਆਂ ਦਾ ਪੂਰਾ ਰਸਤਾ ਰੋਕ ਲੈਂਦੇ ਹਨ ਜਿਸ ਕਾਰਨ ਟਰੈਫ਼ਿਕ ਪੂਰੀ ਤਰ੍ਹਾਂ ਜਾਮ ਹੋ ਜਾਂਦਾ ਹੈ। ਹਾਲਾਂਕਿ ਮੰਡੀ ਕਾਲਾਂਵਾਲੀ ਦੇ ਤਖ਼ਤਮੱਲ ਰੋਡ ’ਤੇ ਵਿਸ਼ਾਲ ਗਊਸ਼ਾਲਾ ਅਤੇ ਡੱਬਵਾਲੀ ਰੋਡ ਸਥਿਤ ਨੰਦੀਸ਼ਾਲਾ ਵੀ ਬਣੀ ਹੋਈ ਹੈ ਪਰ ਇਸ ਦੇ ਬਾਵਜੂਦ ਮੰਡੀ ਵਿੱਚ ਅਵਾਰਾ ਪਸ਼ੂਆਂ ਖਾਸਕਰ ਅਵਾਰਾ ਢੱਠਿਆਂ ਦੇ ਕਹਿਰ ਕਾਰਨ ਸਕੂਲੀ ਬੱਚਿਆਂ ਦੇ ਮਾਪੇ ਵੀ ਡਰੇ ਹੋਏ ਹਨ।
-ਪੱਤਰ ਪ੍ਰੇਰਕ