ਆਲੂਆਂ ਦੀ ਪੁਟਾਈ ਤੇ ਮਟਰਾਂ ਦੀ ਤੁੜਾਈ ਦੀ ਆਗਿਆ

ਮੋਗਾ ਦੇ ਇਕ ਖੇਤ ਵਿੱਚ ਕੀਤੀ ਜਾ ਰਹੀ ਆਲੂਆਂ ਦੀ ਪੁਟਾਈ।

ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਮਾਰਚ
ਕੋਵਿਡ-19 ਪ੍ਰਕੋਪ ਕਾਰਨ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਆਲੂ ਉਤਪਾਦਕ ਕਿਸਾਨਾਂ ਨੂੰ ਹਦਾਇਤਾਂ ਕੀਤੀਆਂ ਹਨ। ਕਿਸਾਨ ਆਲੂ ਦੀ ਪਟਾਈ ਤੇ ਮਟਰਾਂ ਦੀ ਤੁੜਾਈ ਦਾ ਕੰਮ ਪਿੰਡ ਵਿੱਚ ਮੌਜੂਦ ਮਜ਼ਦੂਰਾਂ ਤੋਂ ਕਰਵਾਉਣ ਤੇ 10 ਤੋਂ ਵੱਧ ਮਜ਼ਦੂਰ ਇਕੱਠੇ ਨਹੀਂ ਹੋਣਗੇ। ਉਹ ਕੰਮ ਕਰਦੇ ਸਮੇਂ ਦੌਰਾਨ ਆਪਸ ਵਿੱਚ 1 ਮੀਟਰ ਤੋਂ ਵੱਧ ਦੀ ਦੂਰੀ ਬਣਾ ਕੇ ਰੱਖਣਗੇ। ਇਸ ਦੌਰਾਨ ਮਜ਼ਦੂਰਾਂ ਨੂੰ ਪਰਿਵਾਰ ਸਮੇਤ ਨਿੱਤ ਵਰਤੋਂ ਯੋਗ ਰਾਸ਼ਨ, ਸੈਨੀਟਾਈਜ਼ਰ, ਮਾਸਕ ਆਦਿ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਆਲੂ ਉਤਪਾਦਕ ਕਿਸਾਨ ਦੀ ਹੋਵੇਗੀ। ਕਿਸਾਨਾਂ ਨੂੰ ਆਪਣੀ ਫਸਲ ਕੋਲਡ ਸਟੋਰਾਂ ਤੱਕ ਲਿਜਾਣ ਲਈ ਉਨ੍ਹਾਂ ਦੇ ਵਹੀਕਲ ਸਮੇਤ ਕਰਫਿਊ ਤੋਂ ਛੋਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਪਛਾਣ ਪੱਤਰ ਭਾਵੇਂ ਫੋਟੋ ਵੋਟਰ ਕਾਰਡ, ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੰਸ ਦਿਖਾ ਕੇ ਆਪਣੀ ਫਸਲ ਕੋਲਡ ਸਟੋਰ ਤੱਕ ਲਿਜਾ ਸਕਦਾ ਹੈ। ਜ਼ਿਲ੍ਹੇ ਅੰਦਰ ਪੈਂਦੇ ਸਮੂਹ ਕੋਲਡ ਸਟੋਰਾਂ ਨੂੰ ਆਲੂ ਦੀ ਫਸਲ ਸਟੋਰ ਕਰਨ ਲਈ ਖੋਲ੍ਹਣ ਦਾ ਹੁਕਮ ਦਿੱਤਾ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਹੰਸ ਨੇ ਜ਼ਿਲ੍ਹੇ ’ਚ ਪੰਜ ਪੈਟਰੋਲ ਪੰਪ 24 ਘੰਟੇ ਖੁੱਲ੍ਹੇ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ। ਮੋਗਾ ’ਚ ਪ੍ਰਕਾਸ਼ ਆਟੋ ਸਰਵਿਸ ਲੁਧਿਆਣਾ ਰੋਡ ਮੋਗਾ, ਬਾਘਾਪੁਰਾਣਾ ’ਚ ਬਰਾੜ ਮੋਟਰਜ਼ ਮੋਗਾ ਰੋਡ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ’ਚ ਹੇਮਕੁੰਟ ਫਿਊਲ ਸੈਂਟਰ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਮੋਬਾਈਲ, ਬੱਧਨੀ ਕਲਾਂ ’ਚ ਇੰਡੋ ਐਗਰੋ, ਧਰਮਕੋਟ ’ਚ ਮਾਡਰਨ ਆਟੋ ਸੈਂਟਰ, ਕੋਟ ਈਸੇ ਖਾਂ ’ਚ ਸੰਤ ਰਾਮ ਐਂਡ ਸੰਨਜ਼ ਜ਼ੀਰਾ ਰੋਡ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਘਰੇਲੂ ਤੇ ਕਮਰਸ਼ੀਅਲ ਐਲਪੀਜੀ. ਸਿਲੰਡਰਾਂ ਦੀ ਸਪਲਾਈ ਸਵੇਰੇ 9 ਤੋ ਦੁਪਹਿਰ 2 ਵਜੇ ਤੱਕ ਹੋਵੇਗੀ। ਸਿਲੰਡਰਾਂ ਦੀ ਡਲੀਵਰੀ ਕਰਨ ਵਾਲੇ ਮੁਲਾਜ਼ਮਾਂ ਪਾਸ ਸਬੰਧਤ ਗੈਸ ਏਜੰਸੀ ਵੱਲੋ ਜਾਰੀ ਕੀਤਾ ਗਿਆ ਸ਼ਨਾਖਤੀ ਕਾਰਡ ਹੋਣਾ ਲਾਜ਼ਮੀ ਹੈ।

ਭਾਈਰੂਪਾ ਵਿੱਚ ਆਲੂ ਪੁੱਟਣ ਦਾ ਕੰਮ ਰੁਕਿਆ

ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਕਰੋਨਾ ਵਾਇਰਸ ਦੀ ਚੇਨ ਤੋੜਨ ਲਈ ਸਰਕਾਰ ਵੱਲੋਂ ਲਗਾਏ ਕਰਫਿਊ ਦੀ ਮਾਰ ਆਲੂ ਉਤਪਾਦਕਾਂ ਤੇ ਭਾਰੀ ਪੈ ਰਹੀ ਹੈ ਕਿਉਂਕਿ ਆਲੂ ਪੁੱਟਣ ਦਾ ਜੋ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀ ਉਹ ਕਰਫਿਊ ਲੱਗਣ ਕਾਰਨ ਰੁਕ ਗਿਆ ਹੈ ਜਿਸ ਕਾਰਨ ਆਲੂ ਉਤਪਾਦਕ ਕਿਸਾਨ ਨਿਰਾਸ਼ ਹਨ। ਬੀਕੇਯੂ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਸੁਰਮੁੱਖ ਸਿੰਘ ਸਿੱਧੂ ਨੇ ਦੱਸਿਆ ਕਿ ਰਾਮਪੁਰਾ ਫੂਲ ਇਲਾਕੇ ਵਿੱਚ ਕਰੋਨਾ ਵਾਇਰਸ ਕਾਰਨ ਪੁਟਾਈ ਦਾ ਕੰਮ ਠੱਪ ਹੋ ਗਿਆ ਹੈ।ਉਨ੍ਹਾ ਕਿਹਾ ਕਿ ਜੇਕਰ ਇਸ ਹਫਤੇ ਆਲੂਆਂ ਦੀ ਪੁਟਾਈ ਨਾ ਕੀਤੀ ਗਈ ਤਾਂ ਗਰਮੀ ਨਾਲ ਆਲੂਆਂ ਦੇ ਪਟਾਖੇ ਪੈਣੇ ਸ਼ੁਰੂ ਹੋ ਜਾਣਗੇ।