ਜਤਿੰਦਰ ਸਿੰਘ ਬਾਵਾਸ੍ਰੀ ਗੋਇੰਦਵਾਲ ਸਾਹਿਬ, 27 ਜੂਨਗੁਰਦੁਆਰਾ ਬਾਉਲੀ ਸਾਹਿਬ ਦੀ ਪਾਰਕਿੰਗ ਵਿਚ ਸਥਿਤ ਆਰਜ਼ੀ ਦੁਕਾਨਾਂ ਦੀ ਬੋਲੀ ਨੂੰ ਲੈ ਕੇ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦ ਪਿੰਡ ਵਾਸੀਆਂ ਵੱਲੋਂ ਇਸ ਬੋਲੀ ਦਾ ਭਾਰੀ ਵਿਰੋਧ ਜਤਾਇਆ ਗਿਆ। ਇਸ ਮੌਕੇ ਸਰਪੰਚ ਨਿਰਮਲ ਸਿੰਘ ਦੀ ਅਗਵਾਈ ਵਿੱਚ ਇਕੱਤਰ ਪਿੰਡ ਵਾਸੀਆਂ ਵੱਲੋਂ ਐਚਜੀਪੀਸੀ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਐਸਜੀਪੀਸੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ ਅਤੇ ਮੈਨੇਜਰ ਗੁਰਾ ਸਿੰਘ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਰਜ਼ੀ ਦੁਕਾਨਾਂ ਨੂੰ ਬੋਲੀ ਤੋਂ ਬਿਨਾਂ ਹੀ ਖੋਲ੍ਹ ਦਿੱਤਾ ਗਿਆ। ਇਸ ਦੌਰਾਨ ਐਸਜੀਪੀਸੀ ਪ੍ਰਬੰਧਕਾਂ ਅਤੇ ਪਿੰਡ ਦੀ ਪੰਚਾਇਤ ਵਿਚ ਮਾਹੌਲ ਤਲਖੀ ਵਾਲਾ ਬਣ ਗਿਆ ਜਿਸ ਦੇ ਚੱਲਦਿਆਂ ਐਸਜੀਪੀਸੀ ਮੁਲਾਜ਼ਮਾਂ ਨੂੰ ਬੇਰੰਗ ਵਾਪਸ ਜਾਣਾ ਪਿਆ। ਸਰਪੰਚ ਨਿਰਮਲ ਸਿੰਘ ਢੋਟੀ, ਫਤਿਹ ਸਿੰਘ ਬਾਠ, ਨਿਸ਼ਾਨ ਸਿੰਘ ਢੋਟੀ, ਹਰਪਿੰਦਰ ਸਿੰਘ ਗਿੱਲ ਨੇ ਆਖਿਆ ਕਿ ਗੁਰਦੁਆਰਾ ਪ੍ਰਬੰਧਕ ਬੋਲੀ ਦੀ ਆੜ ਵਿੱਚ ਲੰਮੇ ਸਮੇਂ ਤੋਂ ਦੁਕਾਨਾਂ ਚਲਾ ਰਹੇ ਪਰਿਵਾਰਾਂ ’ਤੇ ਆਰਥਿਕ ਬੋਝ ਪਾ ਰਹੇ ਹਨ। ਉਨ੍ਹਾਂ ਆਖਿਆ ਕਿ ਸਮੁੱਚੇ ਪਿੰਡ ਵਾਸੀ ਹਰ ਹਾਲ ਵਿੱਚ ਇਨ੍ਹਾਂ ਆਰਜ਼ੀ ਦੁਕਾਨਾਂ ਦੀ ਬੋਲੀ ਨਹੀ ਹੋਣ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਗੁਰਦੁਆਰਾ ਪ੍ਰਬੰਧਕ ਵੱਲੋਂ ਬੋਲੀ ਰਾਹੀਂ ਦੁਕਾਨਦਾਰਾਂ ’ਤੇ ਨਵਾਂ ਠੇਕੇਦਾਰ ਥੋਪਿਆ ਜਾ ਰਿਹਾ ਹੈ, ਜਿਸ ਕਾਰਨ ਦੁਕਾਨਾਂ ਦਾ ਕਿਰਾਇਆ ਦੁੱਗਣਾ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਕੋਈ ਵੀ ਗਰੀਬ ਦੁਕਾਨਦਾਰ ਬੋਲੀ ਦੀਆਂ ਸ਼ਰਤਾਂ ਅਨੁਸਾਰ ਬੋਲੀ ਦੇਣ ਲਈ ਆਰਥਿਕ ਪੱਖੋਂ ਸਮਰੱਥ ਨਹੀ ਹੈ ਜਿਸ ਕਾਰਨ ਐਸਜੀਪੀਸੀ ਨੂੰ ਬੋਲੀ ਰੱਦ ਕਰਨੀ ਚਾਹੀਦੀ ਹੈ। ਇਸ ਮੌਕੇ ਸ਼੍ਰੋੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੌਰੀਆ ਨੇ ਵੀ ਦੁਕਾਨਦਾਰਾਂ ਦੇ ਹੱਕ ਵਿੱਚ ਬੋਲਦਿਆਂ ਐਸਜੀਪੀਸੀ ਨੂੰ ਆਪਣਾ ਫੈਸਲਾ ਵਿਚਾਰਨ ਲਈ ਅਪੀਲ ਕੀਤੀ ਹੈ। ਜਬਰੀ ਬੋਲੀ ਰੱਦ ਕਰਵਾਉਣ ਵਾਲਿਆਂ ਖਿਲਾਫ਼ ਕੀਤੀ ਸ਼ਿਕਾਇਤ: ਕਰਮੂੰਵਾਲਾਐਸਜੀਪੀਸੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਆਖਿਆ ਕਿ ਅੱਜ ਦੀ ਰੱਖੀ ਗਈ ਬੋਲੀ ਦੌਰਾਨ ਗੁਰਦੁਆਰਾ ਕੰਪਲੈਕਸ ਵਿਖੇ ਮਾੜਾ ਮਾਹੌਲ ਸਿਰਜਣ ਵਾਲਿਆਂ ਖਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ। ਉੱਥੇ ਹੀ ਗੁਰੂ ਘਰ ਵਿੱਚ ਸਿਆਸੀ ਧਿਰਾਂ ਦੀ ਦਖ਼ਲਅੰਦਾਜ਼ੀ ਅਤੇ ਉਨ੍ਹਾਂ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਨੂੰ ਮਾੜੀ ਸ਼ਬਦਾਵਲੀ ਵਰਤਣ ਨੂੰ ਮੰਦਭਾਗਾ ਆਖਦਿਆਂ ਕਿਹਾ ਕਿ ਆਰਜ਼ੀ ਦੁਕਾਨਾਂ ਦੀ ਬੋਲੀ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਗਈ ਹੈ। ਬੋਲੀ ਲਈ ਅਗਲੇ ਹੁਕਮਾਂ ਤੱਕ ਬੋਲੀਕਾਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਿਆਸੀ ਆਗੂਆ ਵੱਲੋਂ ਅੱਜ ਦੇ ਕੀਤੇ ਵਰਤਾਰੇ ਅਤੇ ਦੁਕਾਨਾਂ ਜਬਰੀ ਖੋਲ੍ਹਣ ਸਬੰਧੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।