ਆਰਓ ਦੀ ਮੋਟਰ ਚੋਰ ਕਰਦੀਆਂ ਦੋ ਔਰਤਾਂ ਸਣੇ ਚਾਰ ਕਾਬੂ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 8 ਜੂਨ
ਪਿੰਡ ਗਾਗੇਵਾਲ ਵਿੱਚ ਬਣਾਏ ਸਾਂਝੇ ਆਰਓ ਸਿਸਟਮ ਦੇ ਕਮਰੇ ’ਚੋਂ ਪਾਣੀ ਵਾਲੀ ਮੋਟਰ ਚੋਰੀ ਕਰਦੀਆਂ 2 ਔਰਤਾਂ ਸਣੇ ਚਾਰ ਲੋਕਾਂ ਨੂੰ ਲੋਕਾਂ ਨੇ ਮੌਕੇ ਤੋਂ ਕਾਬੂ ਕਰ ਲਿਆ। ਜਿਸ ਤੋਂ ਬਾਅਦ ਸਭ ਨੂੰ ਥਾਣਾ ਟੱਲੇਵਾਲ ਦੀ ਪੁਲੀਸ ਹਵਾਲੇ ਕਰ ਦਿੱਤਾ ਗਿਆ।
ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਗਾਗੇਵਾਲ ਨੇ ਪੁਲੀਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਦੋਸਤ ਲਵਪ੍ਰੀਤ ਸਿੰਘ ਨਾਲ ਪਿੰਡ ਦੇ ਗਰਾਊਂਡ ’ਚ ਗਿਆ ਹੋਇਆ ਸੀ, ਜਿੱਥੇ ਆਰਓ ਸਿਸਟਮ ਵਾਲੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਦੋ ਔਰਤਾਂ ਤੇ ਦੋ ਵਿਅਕਤੀ ਕਮਰੇ ਅੰਦਰ ਮੋਟਰ ਨੂੰ ਖੋਲ੍ਹ ਕੇ ਪੱਲੀ ਦੀ ਝੋਲੀ ਵਿੱਚ ਬੰਨ੍ਹ ਰਹੇ ਸਨ। ਚੋਰੀ ਦੀ ਘਟਨਾ ਦੀ ਇਤਲਾਹ ਮਿਲਦਿਆਂ ਹੀ ਟੱਲੇਵਾਲ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਚੋਰੀ ਹੋਈ ਮੋਟਰ ਨੂੰ ਬਰਾਮਦ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਹਜੂਰਾ, ਗੀਤਾ, ਬੋਬੀ ਕੁਮਾਰ ਅਤੇ ਅਕਸ਼ੈ ਵਾਸੀ ਰਾਏਕੋਟ ਵਜੋਂ ਹੋਈ ਹੈ। ਪੁਲੀਸ ਚਾਰੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।