For the best experience, open
https://m.punjabitribuneonline.com
on your mobile browser.
Advertisement

ਆਰਐੱਸਐੱਸ ਦੇ ਫਿਰਕੂ-ਫਾਸ਼ੀ ਹੱਲਿਆਂ ਖਿਲਾਫ਼ ਘੋਲ ਵਿੱਢਣ ਦਾ ਐਲਾਨ

05:39 AM Jul 01, 2025 IST
ਆਰਐੱਸਐੱਸ ਦੇ ਫਿਰਕੂ ਫਾਸ਼ੀ ਹੱਲਿਆਂ ਖਿਲਾਫ਼ ਘੋਲ ਵਿੱਢਣ ਦਾ ਐਲਾਨ
Advertisement

ਹਤਿੰਦਰ ਮਹਿਤਾ
ਜਲੰਧਰ, 30 ਜੂਨ
ਇੱਥੇ ਸ਼ਹੀਦ ਕਾਮਰੇਡ ਸਰਵਣ ਸਿੰਘ ਚੀਮਾ ਭਵਨ ਵਿੱਚ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰ ਦੀ ਪ੍ਰਧਾਨਗੀ ਹੇਠ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਤੇ ਜਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਸੱਦੀ ਗਈ। ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵਲੋਂ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਅਮਰਜੀਤ ਸਿੰਘ ਆਸਲ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਏ, ਮਹੀਪਾਲ, ਪ੍ਰੋ ਜੈਪਾਲ ਸਿੰਘ ਤੇ ਗੁਰਨਾਮ ਸਿੰਘ ਦਾਊਦ, ਸੀ.ਪੀ.ਆਈ. (ਮ.ਲ.) ਨਿਊ ਡੈਮੋਕਰੇਸੀ ਵੱਲੋਂ ਦਰਸ਼ਨ ਸਿੰਘ ਖਟਕੜ, ਅਜਮੇਰ ਸਿੰਘ ਸਮਰਾ ਤੇ ਸਰਦਾਰਾ ਸਿੰਘ ਮਾਹਲ, ਸੀ.ਪੀ.ਆਈ. (ਮ.ਲ.) ਲਿਬਰੇਸ਼ਨ ਵਲੋਂ ਰਾਜਬਿੰਦਰ ਸਿੰਘ ਰਾਣਾ, ਸੁਖਦਰਸ਼ਨ ਸਿੰਘ ਨੱਤ, ਰੁਲਦੂ ਸਿੰਘ ਮਾਨਸਾ ਤੇ ਗੁਰਨਾਮ ਸਿੰਘ ਭੀਖੀ, ਇਨਕਲਾਬੀ ਕੇਂਦਰ ਪੰਜਾਬ ਵਲੋਂ ਮੁਖਤਿਆਰ ਸਿੰਘ ਪੂਹਲਾ, ਕੰਵਲਜੀਤ ਖੰਨਾ, ਗੁਰਸੇਵਕ ਸਿੰਘ ਸ਼ਾਮਲ ਹੋਏ। ਐਮ.ਸੀ.ਪੀ.ਆਈ. (ਯੂ.) ਵਲੋਂ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਨੇ ਮੀਟਿੰਗ ਦੇ ਫੈਸਲਿਆਂ ਨਾਲ ਸਹਿਮਤੀ ਜਤਾਈ।
ਮੀਟਿੰਗ ’ਚ ਬੁਲਾਰਿਆਂ ਆਖਿਆ ਕਿ ਮੋਦੀ ਹਕੂਮਤ ਦੇ ਲੰਘੇ ਤਕਰੀਬਨ 11 ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਭਰ ’ਚ ਧਾਰਮਿਕ ਘੱਟ ਗਿਣਤੀਆਂ,ਖਾਸ ਕਰਕੇ ਮੁਸਲਿਮ ਤੇ ਈਸਾਈ ਭਾਈਚਾਰੇ ਖਿਲਾਫ਼ ਫਿਰਕੂ ਜ਼ਹਿਰ ਫੈਲਾਈ ਜਾ ਰਹੀ ਹੈ। ਮਨੂੰਵਾਦੀ-ਹਿੰਦੂਤਵੀ ਖਰੂਦੀ ਟੋਲਿਆਂ ਨੇ ਦਲਿਤਾਂ, ਔਰਤਾਂ ਖਿਲਾਫ਼ ਜਾਤੀਵਾਦੀ ਤੇ ਲਿੰਗਕ ਅਪਰਾਧਾਂ ਦਾ ਹੜ੍ਹ ਲਿਆਂਦਾ ਹੋਇਆ ਹੈ। ਆਰ.ਐੱਸ.ਐੱਸ. ਦਾ ਚਿਤਵਿਆ ਤਾਨਾਸ਼ਾਹੀ ਚੌਖਟੇ ਵਾਲਾ ਧਰਮ ਅਧਾਰਤ ਰਾਜ ਪ੍ਰਬੰਧ ਸਥਾਪਤ ਕਰਨ ਦਾ ਰਾਹ ਪੱਧਰਾ ਕਰਨ ਲਈ ਲਈ ਸੰਵਿਧਾਨਕ ਸੰਸਥਾਵਾਂ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ।

Advertisement

ਵਿਚਾਰ-ਚਰਚਾ ਮਗਰੋਂ ਸਰਬ ਸਾਂਝੀ ਰਾਇ ਬਣੀ ਕਿ ਮੌਜੂਦਾ ਹਾਲਾਤ ’ਚ ਦੇਸ਼ ਦੇ ਕਿਰਤੀ ਵਰਗ ਸਨਮੁੱਖ ਮੂੰਹ ਅੱਡੀ ਖੜ੍ਹੀਆਂ ਫਿਰਕੂ-ਫਾਸ਼ੀਵਾਦੀ ਹਮਲਿਆਂ ਅਤੇ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਰੂਪੀ ਦੋ ਵੱਡੀਆਂ ਚੁਣੌਤੀਆਂ ਦਾ ਟਾਕਰਾ ਕਰਨ ਹਿੱਤ ਖੱਬੀਆਂ ਤਾਕਤਾਂ ਦਾ ਇਕਜੁੱਟ ਸੰਗਰਾਮੀ ਹੱਲਾ ਸਮੇਂ ਦੀ ਪਲੇਠੀ ਤੇ ਮਹੱਤਵਪੂਰਨ ਲੋੜ ਹੈ। ਫਰੰਟ ਦੇ ਆਗੂਆਂ ਵੱਲੋਂ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਨੂੰ ਮੁੜ ਸਰਗਰਮ ਕਰਨ ਅਤੇ ਉੱਪਰ ਬਿਆਨੇ ਹਕੀਕੀ ਖਤਰਿਆਂ ਤੋਂ ਬਚਾਅ ਲਈ  ਲੋਕ ਲਾਮਬੰਦੀ ’ਤੇ ਆਧਾਰਿਤ ਤਿੱਖੇ ਤੇ ਬੱਝਵੇਂ ਘੋਲ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਉਕਤ ਘੋਲਾਂ ਦੀ ਰੂਪ-ਰੇਖਾ ਅਤੇ ਤਰੀਕਾਂ ਦਾ ਐਲਾਨ ਫਰੰਟ ਦੇ ਆਗੂਆਂ ਵਲੋਂ 7 ਜੁਲਾਈ ਨੂੰ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਜਾਵੇਗਾ। ਮੀਟਿੰਗ ਵਲੋਂ ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਤੇ ਆਜ਼ਾਦ ਫੈਡਰੇਸ਼ਨਾਂ ਵੱਲੋਂ ਆਉਣ ਵਾਲੀ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦਾ ਮੁਕੰਮਲ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ।

Advertisement
Advertisement

Advertisement
Author Image

Harpreet Kaur

View all posts

Advertisement