ਆਬਾਦਕਾਰਾਂ ਨੂੰ ਮਾਲਕੀ ਦੇ ਹੱਕ ਦਿਵਾਉਣ ਲਈ ਜਿਉਂਦ ਮੋਰਚੇ ’ਚ ਡਟੇ ਕਿਸਾਨ
ਸ਼ਗਨ ਕਟਾਰੀਆ
ਬਠਿੰਡਾ, 2 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਜਿਉਂਦ ’ਚ ਲਾਇਆ ਗਿਆ ਦਿਨ-ਰਾਤ ਦਾ ਪੱਕਾ ਮੋਰਚਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਿਉਂਦ ਜ਼ਮੀਨੀ ਘੋਲ ਸਿਰਫ ਜਿਉਂਦ ਜਾਂ ਜ਼ਿਲ੍ਹਾ ਬਠਿੰਡਾ ਦੇ ਮੁਜ਼ਾਰੇ ਕਿਸਾਨਾਂ ਦਾ ਹੀ ਨਹੀਂ, ਬਲਕਿ ਪੰਜਾਬ ਪੱਧਰਾ ਘੋਲ ਬਣ ਚੁੱਕਿਆ ਹੈ ਕਿਉਂਕਿ ਸਾਮਰਾਜੀ ਕਾਰਪੋਰੇਟ ਲਗਾਤਾਰ ਜ਼ਮੀਨਾਂ ਖੋਹ ਕੇ ਦਿਓ ਕੱਦ ਕੰਪਨੀਆਂ ਨੂੰ ਵੱਡੇ ਖੇਤੀ ਫਾਰਮ ਉਸਾਰਨ ਦੀ ਤਾਕ ਵਿੱਚ ਹਨ। ਉਨ੍ਹਾਂ ਆਖਿਆ ਕਿ ਕਦੀ ਦੁੱਨੇਵਾਲਾ, ਕਦੀ ਲ਼ੇਲ਼ੇ ਵਾਲਾ, ਝਨੇੜੀ ਅਤੇ ਹੁਣ ਸਿੱਧਾ ਹਮਲਾ ਜਿਉਂਦ ਦੀ ਲਗਪਗ ਸੱਤ ਸੌ ਏਕੜ ਜ਼ਮੀਨ ’ਤੇ ਅਦਾਲਤੀ ਹੁਕਮਾਂ ਬਹਾਨੇ ਹਕੂਮਤ ਵੱਲੋਂ ਚਾਰ ਜ਼ਿਲ੍ਹਿਆਂ ਦੀ ਪੁਲੀਸ ਫੋਰਸ ਦੇ ਰਾਹੀਂ ਧਾੜਵੀ ਬਣ ਕੇ ਵਿੱਢਿਆ ਗਿਆ, ਪ੍ਰੰਤੂ ਉਗਰਾਹਾਂ ਜਥੇਬੰਦੀ ਵੱਲੋਂ ਡੱਟ ਕੇ ਵਿਰੋਧ ਕਰਦਿਆਂ ਜ਼ਮੀਨ ਦੀ ਕਬਜ਼ਾ-ਨਿਸ਼ਾਨਦੇਹੀ ਕਰਨ ਤੋਂ ਪ੍ਰਸ਼ਾਸਨ ਨੂੰ ਰੋਕਿਆ ਗਿਆ।
ਆਗੂਆਂ ਨੇ ਸੰਨ 1948 ਦੇ ਨੋਟੀਫਿਕੇਸ਼ਨ ਦੇ ਹਵਾਲੇ ਨਾਲ 117 ਸਾਲ ਤੋਂ ਵੱਧ ਜ਼ਮੀਨਾਂ ’ਤੇ ਕਾਬਜ਼ ਜਿਉਂਦ ਦੇ ਮੁਜ਼ਾਰੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਮੰਗ ਕੀਤੀ ਕਿ ਲੰਘੀ 20 ਜਨਵਰੀ ਨੂੰ ਸ਼ਾਂਤਮਈ ਵਿਰੋਧਕਾਰੀਆਂ ਉੱਤੇ ਮੜ੍ਹੇ ਝੂਠੇ ਕੇਸ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਅਜਿਹੇ ਮੁਜ਼ਾਰੇ ਕਿਸਾਨਾਂ, ਆਬਾਦਕਾਰ ਕਿਸਾਨਾਂ ਅਤੇ ਦਹਾਕਿਆਂ ਤੋਂ ਸਾਂਝੀਆਂ ਜ਼ਮੀਨਾਂ ਉੱਤੇ ਕਾਸ਼ਤਕਾਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ।
ਅੱਜ ਦੇ ਇਕੱਠ ਨੂੰ ਬਲਦੇਵ ਸਿੰਘ ਚਾਉਕੇ, ਸਿਕੰਦਰ ਸਿੰਘ ਘੁੰਮਣ, ਪਰਮਜੀਤ ਕੌਰ ਪਿੱਥੋ, ਬਲਜੀਤ ਸਿੰਘ ਪੂਹਲਾ, ਰਾਮ ਸਿੰਘ ਕੋਟ ਗੁਰੂ, ਦਰਸ਼ਨ ਸਿੰਘ ਜੰਡ ਵਾਲਾ, ਹਰਜਿੰਦਰ ਬੱਗੀ, ਜੱਗਾ ਸਿੰਘ ਜੋਗੇਵਾਲ, ਗੁਲਾਬ ਸਿੰਘ ਜਿਉਂਦ ਆਦਿ ਨੇ ਸੰਬੋਧਨ ਕੀਤਾ ਅਤੇ ਰਾਮ ਸਿੰਘ ਹਠੂਰ ਨੇ ਲੋਕ ਪੱਖੀ ਗੀਤ ਪੇਸ਼ ਕੀਤੇ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸਮੇਂ ਦੀਆਂ ਹਕੂਮਤਾਂ ਵੱਲੋਂ ਖੇਤੀ ਯੋਗ ਜ਼ਮੀਨਾਂ ਅਤੇ ਖੇਤੀ ਮੰਡੀਕਰਨ ਨੀਤੀ ਉੱਪਰ ਵਿੱਢੇ ਹੋਏ ਕਾਰਪੋਰੇਟ ਪੱਖੀ ਹੱਲੇ ਖ਼ਿਲਾਫ਼, ਪੂਰੇ ਪੰਜਾਬ ਵਿੱਚ ਜ਼ਮੀਨੀ ਘੋਲ ਨੂੰ ਜ਼ਰ੍ਹਬਾਂ ਦੇਣ ਲਈ 23 ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਪਿੰਡ ਜਿਉਂਦ ਵਿੱਚ ‘ਜ਼ਮੀਨੀ ਸੰਗਰਾਮ ਕਾਨਫਰੰਸ’ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖੇਤੀ ਮੰਡੀਕਰਨ ਨੀਤੀ ਖਰੜੇ ਅਤੇ ਐੱਮਐੱਸਪੀ ਵਰਗੇ ਕੌਮੀ ਕਿਸਾਨ ਮਸਲਿਆਂ ਸਬੰਧੀ ਸੰਯੁਕਤ ਕਿਸਾਨ ਮੋਰਚੇ ਤਰਫ਼ੋਂ ਜਨਤਕ ਵਫ਼ਦ 8 ਅਤੇ 9 ਫਰਵਰੀ ਨੂੰ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪਣਗੇ। ਆਗੂਆਂ ਨੇ ਕਿਸਾਨ ਹਿਤੈਸ਼ੀ ਧਿਰਾਂ ਨੂੰ ਦੋਵਾਂ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।