‘ਆਪ’ ਵੱਲੋਂ ਭਾਜਪਾ ਮੰਤਰੀ ਸਿਰਸਾ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਆਮ ਆਦਮੀ ਪਾਰਟੀ ਦੇ ਪੂਰਵਾਂਚਲ ਵਿੰਗ ਨੇ ਭਾਜਪਾ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਪੂਰਵਾਂਚਲ ਦੇ ਲੋਕਾਂ ਨੂੰ ਬੰਗਲਾਦੇਸ਼ੀ-ਰੋਹਿੰਗਿਆ ਕਹਿਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ‘ਆਪ’ ਆਗੂਆਂ ਨੇ ਰਾਜੌਰੀ ਗਾਰਡਨ ਵਿੱਚ ਵਿਧਾਇਕ ਦਫ਼ਤਰ ਦੇ ਬਾਹਰ ਕਿਹਾ ਕਿ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੂੰ ਪੂਰਵਾਂਚਲੀਆਂ ਨੂੰ ਰੋਹਿੰਗਿਆ-ਬੰਗਲਾਦੇਸ਼ੀ ਕਹਿ ਕੇ ਉਨ੍ਹਾਂ ਦਾ ਅਪਮਾਨ ਕਰਨਾ ਬੰਦ ਕਰਨਾ ਚਾਹੀਦਾ ਹੈ ਅਤੇ ਅਪਮਾਨ ਕਰਨ ਲਈ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ। ‘ਘਰ-ਰੁਜ਼ਗਾਰ ਬਚਾਓ’ ਅੰਦੋਲਨ ਦੇ ਹਿੱਸੇ ਵਜੋਂ ਕੀਤੇ ਗਏ ਇਸ ਪ੍ਰਦਰਸ਼ਨ ਦੌਰਾਨ, ਵਿਧਾਇਕ ਸੰਜੀਵ ਝਾਅ, ਸਾਬਕਾ ਵਿਧਾਇਕ ਰਿਤੁਰਾਜ ਝਾਅ, ਅਖਿਲੇਸ਼ਪਤੀ ਤ੍ਰਿਪਾਠੀ ਅਤੇ ਵਿਨੈ ਮਿਸ਼ਰਾ ਅਤੇ ਦਿੱਲੀ ਮਹਿਲਾ ਵਿੰਗ ਦੀ ਪ੍ਰਧਾਨ ਸਾਰਿਕਾ ਚੌਧਰੀ ਸਣੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੀ ਮੌਜੂਦ ਸਨ।
ਪੂਰਵਾਂਚਲ ਸਮਾਜ ਨੇ ‘ਆਪ’ ਆਗੂਆਂ ਨਾਲ ਮਿਲ ਕੇ ਮਨਜਿੰਦਰ ਸਿਰਸਾ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਮੁਆਫ਼ੀ ਮੰਗਣ ਲਈ ਕਿਹਾ। ਇਸ ਦੌਰਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਪੂਰਵਾਂਚਲ ਦੇ ਲੋਕਾਂ ਨੂੰ ਬੰਗਲਾਦੇਸ਼ੀ-ਰੋਹਿੰਗਿਆ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ । ਸੰਜੀਵ ਝਾਅ ਨੇ ਕਿਹਾ ਕਿ ਦਿੱਲੀ ਚੋਣਾਂ ਦੌਰਾਨ, ਭਾਜਪਾ ਆਗੂ ਪੂਰਵਾਂਚਲੀਆਂ ਨੂੰ ਮਾਈ-ਬਾਪ ਕਹਿੰਦੇ ਸਨ ਅਤੇ ਹੁਣ ਉਹ ਉਨ੍ਹਾਂ ਨੂੰ ਬੰਗਲਾਦੇਸ਼ੀ ਰੋਹਿੰਗਿਆ ਕਹਿ ਰਹੇ ਹਨ।
ਅਖਿਲੇਸ਼ ਪਤੀ ਤ੍ਰਿਪਾਠੀ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਪੂਰਵਾਂਚਲ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਹ ਜਿੱਥੇ ਵੀ ਜਾਣਗੇ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ। ਰਿਤੁਰਾਜ ਝਾਅ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਪੂਰਵਾਂਚਲ ਦੇ ਲੋਕਾਂ ਨੂੰ ਨਫ਼ਰਤ ਕਰਦੀ ਹੈ। ਵਿਨੈ ਮਿਸ਼ਰਾ ਨੇ ਕਿਹਾ ਕਿ ਚੋਣਾਂ ਦੌਰਾਨ ਭਾਜਪਾ ਦੇ ਲੋਕ ਬਿਹਾਰ ਦਿਵਸ ਮਨਾ ਕੇ ਪੂਰਵਾਂਚਲੀਆਂ ਨੂੰ ਪਿਆਰ ਦਿਖਾਉਂਦੇ ਹਨ ਅਤੇ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ। ਸਾਰਿਕਾ ਚੌਧਰੀ ਨੇ ਕਿਹਾ ਕਿ ਸਿਰਸਾ ਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਦੇਸ਼ ਦੇ ਲੋਕਾਂ ਦਾ ਅਪਮਾਨ ਕਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਪੂਰਵਾਂਚਲ ਸਮਾਜ ਸਿਰਸਾ ਦਾ ਅਸਤੀਫਾ ਮੰਗ ਰਿਹਾ ਹੈ।