‘ਆਪ’ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵੱਡੇ ਫਰਕ ਨਾਲ ਜਿੱਤੇਗੀ: ਝਾੜਵਾਂ
ਕੁਲਦੀਪ ਸਿੰਘ
ਚੰਡੀਗੜ੍ਹ, 10 ਜੂਨ
‘ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਵੱਡੇ ਫਰਕ ਨਾਲ ਜ਼ਿਮਨੀ ਚੋਣ ਜਿੱਤਣਗੇ ਅਤੇ ਹਲਕੇ ਦੇ ਸੂਝਵਾਨ ਵੋਟਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਪੱਖੀ ਨੀਤੀਆਂ ਉੱਪਰ ਮੋਹਰ ਲਾਉਣ ਨੂੰ ਤਿਆਰ ਹਨ।’ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਟਕਸਾਲੀ ਅਤੇ ਨੌਜਵਾਨ ਆਗੂ ਅਤੇ ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਕੀਤਾ। ਅੱਜ ਬਲਵਿੰਦਰ ਝਾੜਵਾਂ ਨੇ ਇੱਕ ਵੱਡੇ ਕਾਫਲੇ ਸਣੇ ਲੁਧਿਆਣਾ ਪੱਛਮੀ ਹਲਕੇ ਦੀ ਪ੍ਰਚਾਰ ਮੁਹਿੰਮ ਵਿੱਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨਾਲ ਸੀਵਰੇਜ ਬੋਰਡ ਦੇ ਵਾਈਸ ਪ੍ਰਧਾਨ ਸ਼ੁਭਾਸ਼ ਸ਼ਰਮਾ, ਪ੍ਰਦੀਪ ਜੋਸ਼ਨ ਪ੍ਰਧਾਨ ਮਿਉਂਸਿਪਲ ਕੌਂਸਲ ਸਨੌਰ, ਤਜਿੰਦਰ ਮਹਿਤਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪਟਿਆਲਾ, ਮੇਘ ਚੰਦ ਸ਼ੇਰਮਾਜਰਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਪਟਿਆਲਾ, ਅਮਿਤ ਜੈਨ ਗਊ ਸੇਵਾ ਕਮਿਸ਼ਨ, ਲੇਖਰਾਜ ਜ਼ਿਲ੍ਹਾ ਇੰਚਾਰਜ, ਪ੍ਰਭਜੋਤ ਕੌਰ ਗਿੱਲ ਅਤੇ ਵਿੱਕੀ ਸੀਨੀਅਰ ਆਗੂ ਲੁਧਿਆਣਾ, ਵਾਰਡ ਨੰਬਰ 58 ਦੇ ਐੱਮ.ਸੀ. ਸੇਵੀ ਮਾਸਟਰ ਆਦਿ ਸ਼ਾਮਲ ਸਨ। ਉਹਨਾਂ ਹਰ ਇੱਕ ਵੋਟਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।
ਝਾੜਵਾਂ ਨੇ ਸੰਜੀਵ ਅਰੋੜਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗਲੀ-ਗਲੀ ਹੋਕਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਸੂਬੇ ਭਰ ਵਿੱਚ ਇਤਿਹਾਸਕ ਕੰਮ ਹੋਏ ਹਨ।