‘ਆਪ’ ਨੇ ਲੋਕਾਂ ਦੀ ਆਵਾਜ਼ ਨੂੰ ਅਣਗੌਲਿਆਂ ਕੀਤਾ: ਪਡਿਆਲਾ
ਮਿਹਰ ਸਿੰਘ
ਕੁਰਾਲੀ, 8 ਜੂਨ
ਜ਼ਿਲ੍ਹਾ ਕਾਂਗਰਸ ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਜਨ ਸੰਪਰਕ ਮੁਹਿੰਮ ਤਹਿਤ ਹਲਕਾ ਖਰੜ ਦੇ ਪਿੰਡ ਸ਼ਾਹਪੁਰ ਵਿੱਚ ਵਰਕਰ ਮੀਟਿੰਗ ਹੋਈ। ਇਸ ਮੌਕੇ ਪਿੰਡ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸ੍ਰੀ ਪਡਿਆਲਾ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦੀ ਆਵਾਜ਼ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜਦੋਂਕਿ ਮੌਜੂਦਾ ‘ਆਪ’ ਸਰਕਾਰ ਦੇ ਨੁਮਾਇੰਦੇ ਇਸ ਆਵਾਜ਼ ਨੂੰ ਭੁਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਘਰ, ਪਿੰਡ ਤੇ ਨੌਜਵਾਨ ਦੇ ਮੂੰਹੋਂ ਨਿਕਲੀ ਆਵਾਜ਼ ਹਲਕੇ ਤੇ ਪੰਜਾਬ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਜੀਤੀ ਪਡਿਆਲਾ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਲਕੇ ਦੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਖਸਤਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਸੰਕਲਪ ਲਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਖਰੜ ਤੋਂ ਸਥਾਨਕ ਉਮੀਦਵਾਰ ਨੂੰ ਮੌਕਾ ਦੇਣਗੇ ਜੋ ਉਨ੍ਹਾਂ ਦੇ ਦੁੱਖ ਦਰਦ ਨੂੰ ਸਮਝ ਸਕੇ।
ਇਸ ਮੌਕੇ ਸਰਪੰਚ ਰਮਨਦੀਪ ਕੌਰ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ ਸ਼ੇਰਗਿੱਲ, ਸਰਪੰਚ ਰਘਬੀਰ ਸਿੰਘ, ਸੁਰਿੰਦਰ ਸਿੰਘ, ਦਿਲਬਰ ਸਿੰਘ, ਬਬਲੀ ਸਿੰਘ, ਕਰਮਜੀਤ ਸਿੰਘ, ਗੁਰਿੰਦਰ ਸਿੰਘ, ਹਰਵਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਗੁਰਮੇਲ ਸਿੰਘ, ਸ਼ੀਤਲ ਸਿੰਘ, ਹਾਕਮ ਸਿੰਘ ਤੇ ਦਿਲਬਾਗ ਸਿੰਘ ਹਾਜ਼ਰ ਸਨ।