‘ਆਪ’ ਨੇ ਭਾਜਪਾ ਨੂੰ ਔਰਤਾਂ ਨਾਲ ਕੀਤਾ ਵਾਅਦਾ ਯਾਦ ਕਰਵਾਇਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਮਾਰਚ
ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਦੇਣ ਦੀ ਦਿੱਤੀ ਗਈ ਗਾਰੰਟੀ ਨੂੰ ਮੁੜ ਯਾਦ ਕਰਵਾਈ ਹੈ। ਇਸ ਸਬੰਧੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਅੱਜ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੱਤਰ ’ਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀਆਂ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ 8 ਮਾਰਚ ਨੂੰ ਉਨ੍ਹਾਂ ਦੇ ਖਾਤਿਆਂ ’ਚ 2500 ਰੁਪਏ ਪਹੁੰਚ ਜਾਣਗੇ ਅਤੇ ਹੁਣ 8 ਮਾਰਚ ਤਰੀਕ ਆਉਣ ’ਚ ਸਿਰਫ਼ ਇੱਕ ਦਿਨ ਬਾਕੀ ਹੈ।
ਮੁੱਖ ਮੰਤਰੀ ਨੂੰ ਪੱਤਰ ’ਚ ਆਤਿਸ਼ੀ ਨੇ ਕਿਹਾ ਹੈ, ‘‘ਮੈਂ ਤੁਹਾਨੂੰ ਇਹ ਪੱਤਰ ਦਿੱਲੀ ਦੀਆਂ ਲੱਖਾਂ ਮਾਵਾਂ-ਭੈਣਾਂ ਦੀ ਵੱਲੋਂ ਲਿਖ ਰਹੀ ਹਾਂ। ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ 31 ਜਨਵਰੀ ਨੂੰ ਦਵਾਰਕਾ ਵਿੱਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀਆਂ ਮਾਵਾਂ ਤੇ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਭਾਜਪਾ ਦੀ ਸਰਕਾਰ ਬਣਦੇ ਹੀ ਪਹਿਲੀ ਮੀਟਿੰਗ ’ਚ ਸਕੀਮ ਪਾਸ ਕੀਤੀ ਜਾਵੇਗੀ ‘ਮਹਿਲਾ ਦਿਵਸ’ ’ਤੇ ਔਰਤਾਂ ਦੇ ਖਾਤੇ ’ਚ ਪੈਸਾ ਆਉਣਾ ਸ਼ੁਰੂ ਜਾਵੇਗਾ। ਮੈਂ ਸਾਰੀਆਂ ਔਰਤਾਂ ਨੂੰ ਮੋਬਾਈਲ ਨੰਬਰ ਨੂੰ ਬੈਂਕ ਖਾਤੇ ਨਾਲ ਲਿੰਕ ਕਰਨ ਦੀ ਸਲਾਹ ਦਿੱਤੀ ਹੈ, ਤਾਂ ਕਿ ਜਦੋਂ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆਉਣ ’ਤੇ ਉਨ੍ਹਾਂ ਫੋਨ ’ਤੇ ਇਸ ਦੀ ਜਾਣਕਾਰੀ ਮਿਲ ਸਕੇ।’’ ਆਤਿਸ਼ੀ ਨੇ ਕਿਹਾ ਹੈ ਕਿ ਹੁਣ ਮਹਿਲਾ ਦਿਵਸ ’ਚ ਸਿਰਫ ਇਕ ਦਿਨ ਬਚਿਆ ਹੈ। ਪੂਰੀ ਦਿੱਲੀ ਦੀਆਂ ਔਰਤਾਂ ਇਸ ਦਿਨ ਨੂੰ ਬੇਸਬਰੀ ਨਾਲ ਉਡੀਕ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਭਾਜਪਾ ਵੱਲੋਂ ਕੀਤੇ ਵਾਅਦੇ ਮੁਤਾਬਕ ਪਹਿਲੀ ਕਿਸ਼ਤ 8 ਮਾਰਚ ਤੋਂ ਔਰਤਾਂ ਦੇ ਖਾਤੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ। ਸਾਬਕਾ ਮੁੱਖ ਮੰਤਰੀ ਨੇ ਆਖਿਆ, ‘‘ਮੁੱਖ ਮੰਤਰੀ ਦਿੱਲੀ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣ ਲਈ ਤੁਰੰਤ ਉਨ੍ਹਾਂ ਦੇ ਖਾਤਿਆਂ ’ਚ ਪੈਸੇ ਟਰਾਂਸਫਰ ਕੀਤੇ ਜਾਣ। ਦਿੱਲੀ ਦੀ ਹਰ ਔਰਤ ਤੁਹਾਡੇ ਵੱਲ ਦੇਖ ਰਹੀ ਹੈ, ਉਨ੍ਹਾਂ ਦੀਆਂ ਉਮੀਦਾਂ ਟੁੱਟਣੀਆਂ ਨਹੀਂ ਚਾਹੀਦੀਆਂ।’’
ਆਮ ਆਦਮੀ ਪਾਰਟੀ ਵੱਲੋਂ ਐਕਸ’ ਹੈਂਡਲ ’ਤੇ ਪੋਸਟਰ ਜਾਰੀ
‘ਆਪ’ ਨੇ ਆਪਣੇ ਅਧਿਕਾਰਤ ਐਕਸ ਹੈਂਡਲ ’ਤੇ ਪੋਸਟਰ ਜਾਰੀ ਕਰਕੇ ਭਾਜਪਾ ਨੂੰ ਉਸ ਦਾ ਵਾਅਦਾ ਯਾਦ ਕਰਵਾਇਆ ਹੈ। ਪਾਰਟੀ ਨੇ ਪੋਸਟਰ ਵਿੱਚ ਲਿਖਿਆ ਹੈ ਕਿ 8 ਮਾਰਚ ਨੂੰ ਸਿਰਫ਼ ਇੱਕ ਦਿਨ ਬਾਕੀ ਹੈ। ਆਪਣੀ ਗਾਰੰਟੀ ਪੂਰੀ ਕਰਦੇ ਹੋਏ ਮੋਦੀ ਜੀ ਦਿੱਲੀ ਦੀਆਂ ਮਾਵਾਂ-ਭੈਣਾਂ ਦੇ ਖਾਤਿਆਂ ‘ਚ 2500 ਰੁਪਏ ਭੇਜ ਦੇਣਗੇ। ਇਸ ਪੋਸਟਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ, ਮੰਤਰੀ ਪ੍ਰਵੇਸ਼ ਵਰਮਾ ਅਤੇ ਸੰਸਦ ਮੈਂਬਰ ਮਨੋਜ ਤਿਵਾਰੀ ਦੀਆਂ ਫੋਟੋਆਂ ਸ਼ਾਮਲ ਹਨ। ਇਹ ਪੋਸਟਰ ਉਨ੍ਹਾਂ ਨੂੰ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਦੇਣ ਦੇ ਵਾਅਦੇ ਦੀ ਯਾਦ ਦਿਵਾਉਂਦਾ ਹੈ।
‘‘ਮੁਫ਼ਤ ਬਿਜਲੀ, ਪਾਣੀ, ਬੱਸ ਯਾਤਰਾ ਬੰਦ ਕਰੇਗੀ ਭਾਜਪਾ’’
ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਐਕਸ ’ਤੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਭਾਜਪਾ ਜਿੱਤ ਗਈ ਤਾਂ ਮੁਹੱਲਾ ਕਲੀਨਿਕ, ਸਕੂਲ, ਮੁਫ਼ਤ ਬਿਜਲੀ, ਪਾਣੀ ਅਤੇ ਬੱਸ ਯਾਤਰਾ ਸਭ ਬੰਦ ਹੋ ਜਾਣਗੇ। ਉਨ੍ਹਾਂ ਕਿਹਾ,‘ ‘ਕੇਜਰੀਵਾਲ ਦੀ ਗੱਲ ਸੱਚ ਹੋ ਗਈ। ਭਾਜਪਾ ਸਰਕਾਰ ਮੁਹੱਲਾ ਕਲੀਨਿਕ ਬੰਦ ਕਰਨ ਜਾ ਰਹੀ ਹੈ। ਇਹ ਸ਼ੁਰੂਆਤ ਹੈ। ਜਲਦੀ ਹੀ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਔਰਤਾਂ ਲਈ ਮੁਫ਼ਤ ਬੱਸ ਯਾਤਰਾ, ਮੁਫ਼ਤ ਸਿੱਖਿਆ - ਸਭ ਕੁਝ ਬੰਦ ਹੋ ਜਾਵੇਗਾ।’’