‘ਆਪ’ ਨੇ ਬੈਨਰਾਂ ਰਾਹੀਂ ਭਾਜਪਾ ਨੂੰ ਵਾਅਦਾ ਯਾਦ ਕਰਵਾਇਆ
ਕੁਲਵਿੰਦਰ ਕੌਰ ਦਿਓਲ
ਨਵੀਂ ਦਿੱਲੀ, 13 ਮਾਰਚ
ਆਮ ਆਦਮੀ ਪਾਰਟੀ ਨੇ ਅੱਜ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੋਲੀ ਮੱਦੇਨਜ਼ਰ ਦਿੱਲੀ ਦੀਆਂ ਔਰਤਾਂ ਨੂੰ ਮੁਫ਼ਤ ਸਿਲੰਡਰ ਦੇਣ ਦਾ ਵਾਅਦਾ ਯਾਦ ਕਰਵਾਇਆ। ਇਸ ਸਬੰਧ ਆਈਟੀਓ ਅਤੇ ਹੋਰ ਥਾਵਾਂ ’ਤੇ ਆਮ ਆਦਮੀ ਪਾਰਟੀ ਦੇ ਬੈਨਰ ਲੱਗੇ ਦਿਖਾਈ ਦੇ ਰਹੇ ਹਨ। ‘ਆਪ’ ਦੇ ਸੀਨੀਅਰ ਆਗੂ ਅਤੇ ਕੌਂਡਲੀ ਦੇ ਵਿਧਾਇਕ ਕੁਲਦੀਪ ਕੁਮਾਰ ਸਦੇ ਵਰਕਰਾਂ ਨੇ ‘ਹੋਲੀ ਆ ਗਈ ਹੈ, ਮੁਫ਼ਤ ਸਿਲੰਡਰ ਕਦੋਂ ਆਵੇਗਾ’ ਵਾਲੇ ਬੈਨਰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਰਕਰਾਂ ਨੇ ‘ਮੁਫ਼ਤ ਸਿਲੰਡਰ ਕਦੋਂ ਆਵੇਗਾ, ਮੋਦੀ ਜੀ ਦੀ ਗਾਰੰਟੀ ਹੈ’ ਸਮੇਤ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਤੋਂ ਮੁਫ਼ਤ ਸਿਲੰਡਰ ਦੇਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ| ਇਸ ਦੇ ਨਾਲ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਨੇ ਐਕਸ ‘ਤੇ ਪੋਸਟ ਕਰਕੇ ਭਾਜਪਾ ਨੂੰ ਸਵਾਲ ਕੀਤਾ ਕਿ ਦਿੱਲੀ ਦੇ ਲੋਕ ਪੁੱਛ ਰਹੇ ਹਨ ਕਿ ਹੋਲੀ ਆ ਗਈ ਹੈ, ਮੁਫਤ ਸਿਲੰਡਰ ਕਦੋਂ ਆਵੇਗਾ।
ਆਈਟੀਓ ਵਿੱਚ ਪ੍ਰਦਰਸ਼ਨ ਦੌਰਾਨ ‘ਆਪ’ ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇਪੀ ਨੱਢਾ ਅਤੇ ਭਾਜਪਾ ਆਗੂਆਂ ਨੇ ਦਿੱਲੀ ਵਾਸੀਆਂ ਨੂੰ ਗਾਰੰਟੀ ਦਿੱਤੀ ਸੀ ਕਿ ਹੋਲੀ ’ਤੇ ਦਿੱਲੀ ਦੀਆਂ ਔਰਤਾਂ ਨੂੰ ਮੁਫ਼ਤ ਸਿਲੰਡਰ ਮਿਲਣਗੇ। ਅੱਜ ਛੋਟੀ ਹੋਲੀ ਹੈ। ਹੋਲੀ ਆ ਗਈ, ਪਰ ਸਿਲੰਡਰ ਨਹੀਂ ਆਇਆ। ਦਿੱਲੀ ਦੀਆਂ ਔਰਤਾਂ ਕਿਸੇ ਨਾ ਕਿਸੇ ਬਹਾਨੇ ਮੁਫ਼ਤ ਸਿਲੰਡਰ ਲੈਣ ਦੀ ਉਡੀਕ ਕਰ ਰਹੀਆਂ ਹਨ, ਪਰ ਮੋਦੀ ਜੀ ਦੀ ਗਾਰੰਟੀ ਜੁਮਲਾ ਹੀ ਨਿਕਲੀ। ਕੁਲਦੀਪ ਕੁਮਾਰ ਨੇ ਕਿਹਾ ਕਿ ਭਾਜਪਾ ਅਤੇ ਮੋਦੀ ਜੀ ਨੇ ਵੀ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਉਹ ਵੀ ਜੁਮਲਾ ਹੀ ਨਿਕਲਿਆ। ਹੁਣ ਮੁਫ਼ਤ ਸਿਲੰਡਰ ਦੇਣ ਦਾ ਵਾਅਦਾ ਵੀ ਝੂਠਾ ਨਿਕਲਿਆ। ਆਮ ਆਦਮੀ ਪਾਰਟੀ ਆਈਟੀਓ ਵਿੱਚ ਮਨੁੱਖੀ ਬੈਨਰ ਰਾਹੀਂ ਭਾਜਪਾ ਨੂੰ ਆਪਣਾ ਵਾਅਦਾ ਯਾਦ ਕਰਵਾ ਰਹੀ ਹੈ ਕਿ ਹੋਲੀ ਆ ਗਈ ਹੈ। ਅੱਜ ਵੀ ਸਮਾਂ ਹੈ, ਔਰਤਾਂ ਨੂੰ ਮੁਫ਼ਤ ਸਿਲੰਡਰ ਦਿਓ।
ਕੁਲਦੀਪ ਕੁਮਾਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੁਮਲਾ ਪਾਰਟੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਔਰਤਾਂ ਨੂੰ ਨਾ ਤਾਂ ਮੁਫ਼ਤ ਸਿਲੰਡਰ ਮਿਲਿਆ ਅਤੇ ਨਾ ਹੀ ਉਨ੍ਹਾਂ ਦੇ ਖਾਤੇ ਵਿੱਚ 2500 ਰੁਪਏ ਆਏ। ਆਮ ਆਮ ਕੈਪਸ਼ਨ: ਦਿੱਲੀ ਦੇ ਈਟੀਓ ਇਲਾਕੇ ਵਿੱਚ ਆਦਮੀ ਪਾਰਟੀ ਵੱਲੋਂ ਲਾਏ ਗਏ ਬੈਨਰ।