‘ਆਪ’ ਨੇ ਨਕਲੀ ਸਿੱਖਿਆ ਮਾਡਲ ਵਿਕਸਤ ਕੀਤਾ: ਰੇਖਾ ਗੁਪਤਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਜੂਨ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ‘ਆਪ’ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਕਾਰਜਕਾਲ ਦੌਰਾਨ ਦਿੱਲੀ ਸਿੱਖਿਆ ਮਾਡਲ ਅਤੇ ਬੁਨਿਆਦੀ ਢਾਂਚੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ‘ਆਪ’ ਨੇ ਇੱਕ ਨਕਲੀ ਸਿੱਖਿਆ ਮਾਡਲ ਵਿਕਸਤ ਕੀਤਾ ਹੈ। ਅੱਜ ਸਕੂਲਾਂ ਦੇ ਹਾਲਾਤ ਜਿਵੇਂ ਦੇ ਤਿਵੇਂ ਹਨ। ਬੁਨਿਆਦੀ ਢਾਂਚਾ ਹਾਲੇ ਵੀ ਉਹੀ ਹੈ। ਉਨ੍ਹਾਂ ਹੈਦਰਪੁਰ ਵਿੱਚ ਇੱਕ ਸਕੂਲ ਦਾ ਨਰੀਖਣ ਕਰਨ ਮਗਰੋਂ ਕਿਹਾ ਕਿ ਇਸ ਸਕੂਲ ਦਾ ਸਾਲ 2018 ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਨਵੀਨੀਕਰਨ ਕੀਤਾ ਸੀ ਤੇ ਇਹ ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ ਆਪਣੀ ਅਸਲ ਸਥਿਤੀ ਵਿੱਚ ਵਾਪਸ ਆ ਗਿਆ ਹੈ। ‘ਆਪ’ ਨੇ ਇੱਕ ਨਕਲੀ ਸਿੱਖਿਆ ਮਾਡਲ ਵਿਕਸਤ ਕੀਤਾ। ਹੈਦਰਪੁਰ ਪਿੰਡ ਇਸ ਵਿਧਾਨ ਸਭਾ ਵਿੱਚ ਇੱਕ ਭਾਰੀ ਆਬਾਦੀ ਵਾਲਾ ਖੇਤਰ ਹੈ ਪਰ ਇੱਕ ਵੀ ਸਕੂਲ ਨਹੀਂ ਹੈ, ਜੋ ਵਿਗਿਆਨ ਦਾ ਵਿਸ਼ਾ ਪੜ੍ਹਾਉਂਦਾ ਹੋਵੇ। ਉਹ ਵਿਦਿਆਰਥੀ ਕਿੱਥੇ ਜਾਣ ਜੋ ਵਿਗਿਆਨ ਪੜ੍ਹਨਾ ਚਾਹੁੰਦੇ ਹਨ? ਉਨ੍ਹਾਂ ਕਿਹਾ, ‘ਤੁਸੀਂ ਦੇਖ ਸਕਦੇ ਹੋ ਕਿ ‘ਆਪ’ ਦੀ ਸਿੱਖਿਆ ਨੀਤੀ ਕਿਸ ਦਿਸ਼ਾ ਵੱਲ ਸੀ, ਜੇ ਉਹ ਆਪਣੇ ਸ਼ਾਸਨ ਦੇ ਪਿਛਲੇ 11 ਸਾਲਾਂ ਵਿੱਚ ਇੱਕ ਵੀ ਵਿਗਿਆਨ ਸਕੂਲ ਨਹੀਂ ਦੇ ਸਕੇ।’
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਮੈਦਾਨ ਅਤੇ ਬਗੀਚੇ ਮਾੜੇ ਹਾਲਤ ਵਿੱਚ ਹਨ। ਸਕੂਲਾਂ ਵਿੱਚ ਕੋਈ ਖੇਡ ਸਹੂਲਤਾਂ ਨਹੀਂ ਹਨ, ਜ਼ਿਆਦਾਤਰ ਸਕੂਲਾਂ ਵਿੱਚ ਸਟਾਫ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਕੂਲੀ ਅਮਲੇ ਦੀ ਭਰਤੀ ਸਹੀ ਢੰਗ ਨਾਲ ਕੀਤੀ ਜਾਵੇ ਅਤੇ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ। ਉਨ੍ਹਾਂ ਕਿਹਾ ਕਿ 75 ਪ੍ਰਧਾਨ ਮੰਤਰੀ ਸ੍ਰੀ ਸਕੂਲ ਬਣਾਏ ਜਾਣਗੇ, ਜੋ ਉਹ ਨਿੱਜੀ ਸਕੂਲਾਂ ਨਾਲੋਂ ਬਿਹਤਰ ਹੋਣਗੇ। ਇਹ ਨਵੀਂ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਸਕੂਲ ਦੀ ਇਮਾਰਤ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨਾਲ ਸਿੱਖਿਆ ਮਹਿਕਮੇ ਦੇ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਨਾਲ ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਵੀ ਸਨ, ਜਿਨ੍ਹਾਂ ਸਕੂਲ ਇਮਾਰਤ ਦੀਆਂ ਖਾਮੀਆਂ ਦੇਖੀਆਂ ਅਤੇ ਮੁੱਖ ਮੰਤਰੀ ਨਾਲ ਸੁਧਾਰ ਬਾਰੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਕੇਜਰੀਵਾਲ ਸਰਕਾਰ ਵੇਲੇ ਤਤਕਾਲੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਅੰਦਰ ਸਿੱਖਿਆ ਨੀਤੀ ਵਿੱਚ ਵੱਡਾ ਬਦਲਾਓ ਕਰਨ ਦੇ ਦਾਅਵੇ ਕੀਤੇ ਸਨ ਅਤੇ ਬਾਅਦ ਵਿੱਚ ਮੁੱਖ ਮੰਤਰੀ ਬਣੀ ਆਤਿਸ਼ੀ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਸੀ। ‘ਆਪ’ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਕੌਮਾਂਤਰੀ ਪੱਧਰ ’ਤੇ ਇਸ ਸਿੱਖਿਆ ਨੀਤੀ ਵੱਲ ਲੋਕਾਂ ਦਾ ਧਿਆਨ ਗਿਆ ਸੀ।