‘ਆਪ’ ਖ਼ਿਲਾਫ਼ ਅਧਿਆਪਕਾਂ ’ਚ ਰੋਸ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 8 ਜੂਨ
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਨਾਅਰੇ ਨੂੰ ਖੋਖਲਾ ਕਰਾਰ ਦਿੰਦਿਆਂ ਤੇ ਅਧਿਆਪਕਾਂ ਦੀਆਂ ਵਿਭਾਗੀ ਤੇ ਵਿੱਤੀ ਮੰਗਾਂ ਦਾ ਸਥਾਈ ਹੱਲ ਨਾ ਹੋਣ ਦੇ ਰੋਸ ਵਜੋਂ 11 ਜੂਨ ਨੂੰ ਲੁਧਿਆਣਾ ਵਿੱਚ ਸੂਬਾ ਪੱਧਰੀ ਮੁਜ਼ਾਹਰਾ ਕੀਤਾ ਜਾਵੇਗਾ। ਇਹ ਫ਼ੈਸਲਾ ਅੱਜ ਇੱਥੇ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਜ਼ਿਲ੍ਹਾ ਮੁਹਾਲੀ ਦੀ ਗੁਰਪਿਆਰ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ।
ਜਨਰਲ ਸਕੱਤਰ ਅਮਰੀਕ ਸਿੰਘ ਨੇ ਕਿਹਾ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਭੱਜਣਾ ਗ਼ੈਰ-ਜ਼ਿੰਮੇਵਾਰੀ ਵਾਲਾ ਰਵੱਈਆ ਹੈ। ਅਧਿਆਪਕ ਮੰਗਾਂ ਅਤੇ ਹੋਰ ਵਿਭਾਗੀ ਮਸਲੇ ਹੱਲ ਕਰਨ ਲਈ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇ ਕੇ ਸੰਜੀਦਗੀ ਨਾਲ ਹੱਲ ਕਰਨੇ ਚਾਹੀਦੇ ਹਨ।
ਡਾ. ਹਰਿੰਦਰ ਸਿੰਘ, ਸ਼ਿਵ ਸ਼ੰਕਰ, ਰੌਸ਼ਨ ਲਾਲ, ਰਮੇਸ਼ ਕੁਮਾਰ, ਚਰਨਜੀਤ ਸਿੰਘ, ਹਰਤੇਜ ਸਿੰਘ, ਗੁਰਸ਼ਰਨ ਸਿੰਘ, ਪ੍ਰੇਮ ਰਾਣੀ, ਅਪਰਨਾ ਮਿਸਰਾ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਿਕਾਸਟ ਮੈਰਿਟ ਸੂਚੀਆਂ ’ਚੋਂ ਬਾਹਰ ਕੀਤੇ 3704 ਮਾਸਟਰ ਕਾਰਡਰ, 899 ਅੰਗਰੇਜ਼ੀ, 6635 ਈਟੀਟੀ ਦੇ ਸੈਂਕੜੇ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਸੁਰੱਖਿਅਤ ਕੀਤਾ ਜਾਵੇ। 3704 ਕਾਰਡਰ ਅਤੇ 6635 ਈਟੀਟੀ ਨੂੰ ਜਾਰੀ ਸੇਵਾਵਾਂ ਟਰਮੀਨੇਸ਼ਨ ਸਬੰਧੀ ਸੋ ਕਾਜ਼ ਨੋਟਿਸ ਰੱਦ ਕੀਤੇ ਜਾਣ। ਪੱਖਪਾਤੀ ਸਟੇਸ਼ਨ ਚੋਣ ਨੀਤੀ ਦਾ ਸ਼ਿਕਾਰ ਈਟੀਟੀ ਤੋਂ ਮਾਸਟਰ ਅਤੇ ਮਾਸਟਰ ਤੋਂ ਲੈਕਚਰਾਰ ਪਦਉੱਨਤ ਅਧਿਆਪਕਾਂ ਅਤੇ ਛੋਟ ਪ੍ਰਾਪਤ ਵਰਗਾਂ ਲਈ ਬਿਨਾਂ ਸ਼ਰਤ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਆਦਿ।