ਨਵੀਂ ਦਿੱਲੀ, 4 ਫਰਵਰੀਅਮਰੀਕੀ ਖੋਜ ਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਦੇ ਬਾਨੀ ਨਾਥਨ ਐਂਡਰਸਨ ਨੇ ਕਿਹਾ ਕਿ ਉਹ ਆਪਣੀ ਕੰਪਨੀ ਦਾ ਕਾਰੋਬਾਰ ਕਿਸੇ ਕਾਨੂੰਨੀ ਜਾਂ ਹੋਰ ਖਤਰੇ ਕਾਰਨ ਨਹੀਂ ਸਮੇਟ ਰਹੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਉਨ੍ਹਾਂ ਵੱਲੋਂ ਨਸ਼ਰ ਕੀਤੀਆਂ ਸਾਰੀਆਂ ਰਿਪੋਰਟਾਂ ’ਤੇ ਹਾਲੇ ਵੀ ਕਾਇਮ ਹਨ।ਐਂਡਰਸਨ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਿੰਡਨਬਰਗ ਦੀ ਜਨਵਰੀ 2023 ਦੀ ਰਿਪੋਰਟ, ਜਿਸ ਵਿੱਚ ਅਡਾਨੀ ਸਮੂਹ ’ਤੇ ‘ਕਾਰਪੋਰੇਟ ਇਤਿਹਾਸ ਦੀ ਸਭ ਤੋਂ ਵੱਡੀ ਧੋਖਾਧੜੀ’ ਦਾ ਦੋਸ਼ ਲਾਇਆ ਗਿਆ ਸੀ, ਉਹ ਮੀਡੀਆ ’ਚ ਸਮੂਹ ਖ਼ਿਲਾਫ਼ ਪ੍ਰਸਾਰਿਤ ਖ਼ਬਰਾਂ ਦਾ ਨਤੀਜਾ ਸੀ। ਉਦਯੋਗਪਤੀ ਗੌਤਮ ਅਡਾਨੀ ਤੇ ਉਨ੍ਹਾਂ ਦੇ ਸਮੂਹ ਖ਼ਿਲਾਫ਼ ਰਿਪੋਰਟ ਜਾਰੀ ਕਰਨ ਤੋਂ ਬਾਅਦ ਇਹ ਕੰਪਨੀ ਚਰਚਾ ’ਚ ਆ ਗਈ ਸੀ। ਹਾਲਾਂਕਿ ਅਡਾਨੀ ਸਮੂਹ ਨੇ ਰਿਪੋਰਟ ’ਚ ਲਾਏ ਗਏ ਸਾਰੇ ਦੋਸ਼ਾਂ ਦਾ ਵਾਰ-ਵਾਰ ਖੰਡਨ ਕੀਤਾ ਸੀ। ਐਂਡਰਸਨ ਨੇ ਕੁਝ ਲੋਕਾਂ ਵੱਲੋਂ ਹਿੰਡਨਬਰਗ ਨੂੰ ਓਸੀਸੀਆਰਪੀ ਤੇ ਜੌਰਜ ਸੋਰੋਸ ਜਿਹੇ ਕਥਿਤ ਭਾਰਤ ਵਿਰੋਧੀ ਸਮੂਹਾਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਨੂੰ ‘ਮੂਰਖਾਨਾ ਸਾਜ਼ਿਸ਼ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਕਦੀ ਵੀ ਇਨ੍ਹਾਂ ’ਤੇ ਟਿੱਪਣੀ ਨਹੀਂ ਕੀਤੀ ਕਿਉਂਕਿ ਉਹ ਅਜਿਹੇ ‘ਮੂਰਖਾਨਾ ਸਾਜ਼ਿਸ਼ ਦੇ ਸਿੱਧਾਤਾਂ’ ਨੂੰ ਹੁਲਾਰਾ ਨਾ ਦੇਣ ਦੀ ਨੀਤੀ ਦਾ ਪਾਲਣ ਕਰਦੇ ਹਨ।ਹਿੰਡਨਬਰਗ ਦਾ ਕਾਰੋਬਾਰ ਸਮੇਟਣ ਦਾ ਫ਼ੈਸਲਾ ਲੈਣ ਦੀ ਥਾਂ ਕੰਪਨੀ ਦੀ ਕਮਾਨ ਕਿਸੇ ਹੋਰ ਨੂੰ ਸੌਂਪਣ ਦਾ ਬਦਲ ਨਾ ਚੁਣਨ ਸਬੰਧੀ ਸਵਾਲ ’ਤੇ ਉਨ੍ਹਾਂ ਕਿਹਾ, ‘ਮੈਨੂੰ ਬਰਾਂਡ ਤੋਂ ਵੱਖ ਕਰਨ ਦਾ ਕੋਈ ਢੰਗ ਨਹੀਂ ਹੈ।’ ਉਨ੍ਹਾਂ ਕਿਹਾ, ‘ਹਿੰਡਨਬਰਗ ਮੂਲ ਰੂਪ ’ਚ ਮੇਰਾ ਸਮਾਨਰਥੀ ਹੈ। ਜੇ ਇਹ ਕੋਈ ਸਾਫਟਵੇਅਰ ਐਪ ਜਾਂ ਸਾਈਕਲ ਕਾਰਖਾਨਾ ਹੁੰਦਾ ਤਾਂ ਤੁਸੀਂ ਐਪ ਜਾਂ ਕਾਰਖਾਨਾ ਵੇਚ ਸਕਦੇ ਸੀ। ਪਰ ਜਦੋਂ ਇਹ ਮੇਰੇ ਵੱਲੋਂ ਕੀਤੀ ਗਈ ਖੋਜ ਹੈ ਤਾਂ ਤੁਸੀਂ ਅਸਲ ਵਿੱਚ ਇਸ ਨੂੰ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਹਾਲਾਂਕਿ ਜੇ ਇਹ ਟੀਮ ਕੋਈ ਨਵਾਂ ਬਰਾਂਡ ਪੇਸ਼ ਕਰਨਾ ਚਾਹੁੰਦੀ ਤਾਂ ਮੈਂ ਖੁਸ਼ੀ ਨਾਲ ਉਨ੍ਹਾਂ ਦੀ ਹਮਾਇਤ ਕਰਾਂਗਾ, ਜਿਸ ਦੀ ਮੈਨੂੰ ਉਮੀਦ ਹੈ ਕਿ ਉਹ ਅਜਿਹਾ ਕਰਨਗੇ।’ ਨਿਊਯਾਰਕ ’ਚ ਵਸੇ ਐਂਡਰਸਨ ਨਾਲ ਇੰਟਰਵਿਊ ਫੋਨ ਕਾਲ ਤੇ ‘ਟੈਕਸਟ’ ਮੈਸੇਜਾਂ ਰਾਹੀਂ ਕੀਤੀ ਗਈ ਹੈ।ਉਨ੍ਹਾਂ ਕਿਹਾ, ‘ਮੈਂ ਹੁਣ ਆਰਾਮ ਕਰਨ ਬਾਰੇ ਫ਼ੈਸਲਾ ਕਿਉਂ ਕੀਤਾ, ਇਸ ਸਭ ਪੱਤਰ (16 ਜਨਵਰੀ ਨੂੰ ਜਾਰੀ) ’ਚ ਲਿਖਿਆ ਹੈ। ਇਹ ਕਿਸੇ ਧਮਕੀ, ਸਿਹਤ ਸਬੰਧੀ ਮਸਲੇ, ਨਿੱਜੀ ਮੁੱਦੇ ਜਾਂ ਕਿਸੇ ਹੋਰ ਕਾਰਨ ਨਹੀਂ ਲਿਆ ਗਿਆ।’ ਇਹ ਪੁੱਛੇ ਜਾਣ ’ਤੇ ਕੀ ਉਹ ਹਿੰਡਨਬਰਗ ਦੀ ਰਿਪੋਰਟ, ਖਾਸ ਕਰਕੇ ਅਡਾਨੀ ਸਮੂਹ ਖ਼ਿਲਾਫ਼ ਜਾਰੀ ਰਿਪੋਰਟ ’ਤੇ ਕਾਇਮ ਹਨ ਤਾਂ ਉਨ੍ਹਾਂ ਕਿਹਾ, ‘ਅਸੀਂ ਆਪਣੀ ਖੋਜ ਦੇ ਨਤੀਜਿਆਂ ਨਾਲ ਪੂਰੀ ਤਰ੍ਹਾਂ ਖੜ੍ਹੇ ਹਾਂ।’ -ਪੀਟੀਆਈ