ਆਪਣੀ ਬੋਲੀ ਆਪਣੀ ਸ਼ਾਨ
ਡਾ. ਰਣਜੀਤ ਸਿੰਘ
ਪੰਜਾਬ ਸੰਸਾਰ ਦਾ ਇੱਕ ਅਜਿਹਾ ਖਿੱਤਾ ਹੈ ਜਿੱਥੇ ਸੱਭਿਅਤਾ ਵਿਕਸਤ ਹੋਈ। ਸੰਸਾਰ ਦੇ ਪਹਿਲੇ ਗ੍ਰੰਥ, ਰਿਗਵੇਦ ਦੀ ਰਚਨਾ ਵੀ ਇਸੇ ਧਰਤੀ ਉੱਤੇ ਹੋਈ। ਇੱਥੇ ਹੀ ਪਵਿੱਤਰ ਰਾਮਾਇਣ ਅਤੇ ਗੀਤਾ ਦੀ ਰਚਨਾ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਇਸੇ ਧਰਤੀ ਉੱਤੇ ਹੋਈ। ਸੰਸਾਰ ਨੂੰ ਕਿਰਤ, ਇਮਾਨਦਾਰੀ, ਭਾਈਚਾਰਕ ਸਾਂਝ, ਸੰਤੋਖ ਆਦਿ ਦੀ ਸਿੱਖਿਆ ਦੇਣ ਵਾਲੇ ਸੂਬੇ ਦੇ ਲੋਕ ਆਪ ਇਸ ਤੋਂ ਬੇਮੁੱਖ ਹੋ ਰਹੇ ਹਨ। ਰਾਤੋ ਰਾਤ ਅਮੀਰ ਬਣਨ ਦੇ ਸੁਪਨੇ ਵੇਖਣ ਵਾਲੇ ਪੰਜਾਬੀ ਰਿਸ਼ਵਤਖੋਰੀ, ਮਿਲਾਵਟ, ਹੇਰਾਫ਼ੇਰੀ ਅਤੇ ਨਸ਼ਿਆਂ ਦੇ ਵਿਉਪਾਰੀ ਬਣ ਰਹੇ ਹਨ। ਅਖੌਤੀ ਅੰਗਰੇਜ਼ੀ ਸਕੂਲਾਂ ਦੇ ਪ੍ਰਭਾਵ ਹੇਠ ਬੱਚੇ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਹਨ। ਇਸੇ ਕਰਕੇ ਉਨ੍ਹਾਂ ਵਿੱਚੋਂ ਮਿੱਟੀ ਦਾ ਮੋਹ, ਭਾਈਚਾਰਾ ਅਤੇ ਆਪਸੀ ਪਿਆਰ ਖ਼ਤਮ ਹੋ ਰਿਹਾ ਹੈ। ਇਸ ਦੇ ਹੋਰ ਵੀ ਅਨੇਕਾਂ ਕਾਰਨ ਹੋਣਗੇ, ਪਰ ਆਪਣੀ ਮਾਂ ਬੋਲੀ ਤੋਂ ਮੁੱਖ ਮੋੜਨਾ ਪ੍ਰਮੁੱਖ ਕਾਰਨ ਹੈ। ਆਪਣੇ ਅਮੀਰ ਵਿਰਸੇ, ਸਮਾਜਿਕ ਕਦਰਾਂ ਕੀਮਤਾਂ ਅਤੇ ਸੱਭਿਆਚਾਰ ਨਾਲ ਸਾਂਝ ਆਪਣੀ ਮਾਂ ਬੋਲੀ ਰਾਹੀਂ ਹੀ ਪਾਈ ਜਾ ਸਕਦੀ ਹੈ। ਸੰਸਾਰ ਦੇ ਵਿਕਸਿਤ ਮੁਲਕਾਂ ਦੇ ਵਿਕਾਸ ਬਾਰੇ ਘੋਖ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਹਨ। ਸਾਰੀ ਪੜ੍ਹਾਈ ਮਾਤ ਭਾਸ਼ਾ ਵਿੱਚ ਹੋਣ ਕਰਕੇ ਉਨ੍ਹਾਂ ਦੀ ਸੋਚ ਕਿਸੇ ਬਾਹਰੀ ਪ੍ਰਭਾਵ ਦੀ ਗ਼ੁਲਾਮ ਨਹੀਂ ਹੈ ਸਗੋਂ ਉਹ ਆਪਣੀ ਲੋੜ ਅਨੁਸਰ ਖੋਜਾਂ ਕਰਦੇ ਹਨ।
ਦੇਸ਼ ਨੂੰ ਬਰਤਾਨਵੀ ਹਕੁੂਮਤ ਤੋਂ ਆਜ਼ਾਦੀ ਮਿਲਣ ਪਿੱਛੋਂ ਪੰਜਾਬ ਦੇ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਵਿੱਚ ਪੜ੍ਹਾਈ ਸ਼ੁਰੂ ਕੀਤੀ ਗਈ ਤਾਂ ਪੰਜਾਬ ਨੇ ਤੇਜ਼ੀ ਨਾਲ ਵਿਕਾਸ ਸ਼ੁਰੂ ਕੀਤਾ। ਦੇਸ਼ ਦੀ ਵੰਡ ਦਾ ਸੰਤਾਪ ਭੋਗ ਚੁੱਕੇ ਸੂਬੇ ਦੇ ਲੋਕਾਂ ਨੇ ਆਪਣੀ ਹਿੰਮਤ ਨਾਲ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾ ਦਿੱਤਾ। ਪਰ ਜਦੋਂ ਤੋਂ ਇੱਥੇ ਅਖੌਤੀ ਅੰਗਰੇਜ਼ੀ ਸਕੂਲਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ ਤਾਂ ਅੰਗਰੇਜ਼ੀ ਦੇ ਪ੍ਰਭਾਵ ਹੇਠ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਤੋਂ ਮੁੱਖ ਮੋੜਨਾ ਸ਼ੁਰੂ ਕਰ ਦਿੱਤਾ। ਨਵੀਂ ਪੀੜ੍ਹੀ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਤੋਂ ਦੂਰ ਹੋਣ ਲੱਗ ਪਈ ਤੇ ਪੰਜਾਬ ਦੇ ਵਿਕਾਸ ਵਿੱਚ ਨਿਘਾਰ ਆਉਣ ਲੱਗ ਪਿਆ। ਸੂਬੇ ਵਿੱਚ ਆਪਣੇ ਅਮੀਰ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਥਾਂ ਵਿਖਾਵਾ, ਨਸ਼ਾ, ਰਿਸ਼ਵਤ, ਮਿਲਾਵਟਖੋਰੀ ਅਤੇ ਰਾਤੋ ਰਾਤ ਅਮੀਰ ਬਣਨ ਦੇ ਸੁਪਨਿਆਂ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ।
ਪੰਜਾਬੀ ਭਾਸ਼ਾ ਨੂੰ ਸੰਸਾਰ ਦੀਆਂ ਵਿਕਸਿਤ ਬੋਲੀਆਂ ਵਿੱਚ ਗਿਣਿਆ ਜਾਂਦਾ ਹੈ। ਬਾਰ੍ਹਵੀਂ ਸਦੀ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਪੰਜਾਬੀ ਸਾਹਿਤ ਦਾ ਉੱਤਮ ਨਮੂਨਾ ਹੈ, ਪਰ ਬਦਕਿਸਮਤੀ ਇਹ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਪੰਜਾਬੀਆਂ ਨੇ ਆਪ ਹੀ ਪਰਾਈ ਬਣਾ ਦਿੱਤਾ ਹੈ। ਪੰਜਾਬੀਆਂ ਦਾ ਪੜ੍ਹਿਆ ਲਿਖਿਆ ਵਰਗ ਪੰਜਾਬੀ ਵਿੱਚ ਲਿਖਣ ਪੜ੍ਹਨ ਨੂੰ ਹੱਤਕ ਸਮਝਦਾ ਹੈ। ਉਨ੍ਹਾਂ ਨੇ ਆਪਣੇ ਬੱਚੇ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਦਾਖਲ ਕਰਵਾਏ ਹਨ। ਸਕੂਲ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਦੀ ਆਗਿਆ ਨਹੀਂ ਹੈ ਅਤੇ ਘਰ ਵਿੱਚ ਮਾਪੇ ਉਨ੍ਹਾਂ ਨਾਲ ਪੰਜਾਬੀ ਵਿੱਚ ਗੱਲਾਂ ਨਹੀਂ ਕਰਦੇ।
ਇਸ ਦਾ ਨਤੀਜਾ ਹੈ ਕਿ ਸਾਡੀ ਨਵੀਂ ਪੀੜ੍ਹੀ ਆਪਣੇ ਵਿਰਸੇ ਅਤੇ ਕਦਰਾਂ ਕੀਮਤਾਂ ਤੋਂ ਦੂਰ ਹੋ ਰਹੀ ਹੈ। ਇਸੇ ਕਰਕੇ ਉਨ੍ਹਾਂ ਵਿੱਚ ਬੇਚੈਨੀ ਹੈ। ਪਰਿਵਾਰਕ ਸਾਂਝਾਂ ਟੁੱਟ ਰਹੀਆਂ ਹਨ। ਸਮਾਜ ਵਿੱਚ ਪੈਸਾ ਹੀ ਪ੍ਰਧਾਨ ਹੋ ਰਿਹਾ ਹੈ ਅਤੇ ਇਸ ਦੀ ਪ੍ਰਾਪਤੀ ਲਈ ਗ਼ਲਤ ਢੰਗ ਤਰੀਕੇ ਅਪਨਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਆਪਣੀ ਬੇਚੈਨੀ ਨੂੰ ਦੂਰ ਕਰਨ ਲਈ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਸੇਵਨ ਵਧ ਰਿਹਾ ਹੈ। ਵਿਆਹ ਸਮਾਗਮਾਂ ਵਿੱਚ ਸ਼ਰਾਬ ਵਰਤਾਉਣਾ ਉੱਚੇ ਰੁਤਬੇ ਦਾ ਵਿਖਾਵਾ ਬਣ ਗਿਆ ਹੈ।
ਆਪਣੇ ਸੂਬੇ ਪੰਜਾਬ ਦੀ ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਲਈ ਲੰਮਾ ਸਮਾਂ ਘੋਲ ਕਰਨਾ ਪਿਆ। ਮਹਾਂ ਪੰਜਾਬ ਨੂੰ ਕੁਰਬਾਨ ਕਰਕੇ ਇੱਕ ਛੋਟਾ ਸੂਬਾ ਹੋਂਦ ਵਿੱਚ ਆਇਆ ਤਾਂ ਜੋ ਪੰਜਾਬੀ ਇਸ ਸੂਬੇ ਦੀ ਰਾਜ ਭਾਸ਼ਾ ਬਣ ਸਕੇ ਪਰ ਫਿਰ ਵੀ ਅਜਿਹਾ ਨਹੀਂ ਹੋ ਸਕਿਆ। ਸਰਕਾਰ ਦੇ ਵੱਡੇ ਅਫਸਰ ਅਤੇ ਕਰਮਚਾਰੀ ਪੰਜਾਬੀ ਭਾਸ਼ਾ ਨਹੀਂ ਜਾਣਦੇ। ਉਹ ਕੰਮ ਚਲਾਉਣ ਲਈ ਥੋੜ੍ਹੀ ਬਹੁਤੀ ਪੰਜਾਬੀ ਸਿੱਖਣ ਦਾ ਯਤਨ ਕਰਦੇ ਹਨ।
ਇਸ ਦੇ ਨਾਲ ਹੀ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਨੇ ਵੀ ਪੰਜਾਬੀ ਦੀ ਵਰਤੋਂ ਨਹੀਂ ਕੀਤੀ। ਸਰਕਾਰ ਦੇ ਬਹੁਤੇ ਫਾਰਮ ਹੁਣ ਪੰਜਾਬੀ ਵਿੱਚ ਹਨ ਪਰ ਸਾਡੀ ਬਹੁਗਿਣਤੀ ਇਨ੍ਹਾਂ ਨੂੰ ਅੰਗਰੇਜ਼ੀ ਵਿੱਚ ਭਰਦੀ ਹੈ। ਡਾਕਘਰ ਤੇ ਬੈਂਕ ਵਿੱਚ ਅਸੀਂ ਪੰਜਾਬੀ ਦੀ ਵਰਤੋਂ ਨਹੀਂ ਕਰਦੇ। ਘਰਾਂ ਦੇ ਬਾਹਰ ਆਪਣੇ ਨਾਵਾਂ ਦੀ ਤਖਤੀਆਂ ਵੀ ਅੰਗਰੇਜ਼ੀ ਵਿੱਚ ਹੀ ਲਗਾਈਆਂ ਜਾਂਦੀਆਂ ਹਨ। ਪੰਜਾਬ ਹੀ ਦੇਸ਼ ਦਾ ਇੱਕ ਅਜਿਹਾ ਸੂਬਾ ਹੈ ਜਿੱਥੇ ਦੁਕਾਨਾਂ ਅਤੇ ਦਫ਼ਤਰਾਂ ਦੇ ਬਾਹਰ ਨਾਵਾਂ ਦੀਆਂ ਤਖਤੀਆਂ ਅੰਗਰੇਜ਼ੀ ਵਿੱਚ ਹਨ। ਵਿਆਹਾਂ ਦੇ ਬਹੁਤੇ ਸੱਦਾ ਪੱਤਰ ਵੀ ਅੰਗਰੇਜ਼ੀ ਵਿੱਚ ਲਿਖੇ ਜਾਂਦੇ ਹਨ। ਇਹ ਲੋਕ ਹੀ ਪੰਜਾਬੀ ਨਾਲ ਹੋ ਰਹੇ ਧੱਕੇ ਵਿਰੁੱਧ ਪ੍ਰਚਾਰ ਕਰਦੇ ਹਨ। ਸਾਰਾ ਦੋਸ਼ ਸਰਕਾਰ ਸਿਰ ਮੜ੍ਹਿਆ ਜਾਂਦਾ ਹੈ। ਜੇਕਰ ਸਾਡੇ ਬੱਚੇ ਸਕੂਲ ਵਿੱਚ ਪੰਜਾਬੀ ਪੜ੍ਹਨਗੇ ਤਾਂ ਉਹ ਜਦੋਂ ਸਰਕਾਰੀ ਨੌਕਰੀ ਕਰਨਗੇ, ਕੁਦਰਤੀ ਹੈ ਕਿ ਪੰਜਾਬੀ ਵਿੱਚ ਆਪਣਾ ਕੰਮ ਕਰਨਗੇ। ਅਸੀਂ ਤਾਂ ਬੋਲੀ ਨੂੰ ਧਰਮ ਨਾਲ ਜੋੜ ਦਿੱਤਾ ਹੈ ਜਿਸ ਨਾਲ ਵੀ ਭਾਸ਼ਾ ਦਾ ਨੁਕਸਾਨ ਹੋ ਰਿਹਾ ਹੈ।
ਮਾਤ ਭਾਸ਼ਾ ਰਾਹੀਂ ਮਨੁੱਖ ਆਪਣੀ ਸੋਚ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਮਾਤ ਭਾਸ਼ਾ ਰਾਹੀਂ ਹੀ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਸੋਝੀ ਹੁੰਦੀ ਹੈ।
ਪੰਜਾਬੀ ਅਜਿਹੀ ਭਾਸ਼ਾ ਹੈ ਜਿਸ ਨੂੰ ਪੰਜਾਬੀਆਂ ਨੇ ਹੀ ਨਕਾਰਿਆ ਹੈ। ਇਹ ਬਹੁਤ ਪੁਰਾਣੀ ਅਤੇ ਸਮਰੱਥ ਭਾਸ਼ਾ ਹੈ, ਪਰ ਇਸ ਨੂੰ ਕਦੇ ਸਰਕਾਰ ਦੀ ਸਰਪ੍ਰਸਤੀ ਹਾਸਲ ਨਹੀਂ ਹੋਈ। ਇਹ ਖੁਸ਼ਕਿਸਮਤੀ ਹੈ ਕਿ ਪੰਜਾਬੀ ਨੂੰ ਪੀਰਾਂ, ਫ਼ਕੀਰਾਂ, ਪੈਗੰਬਰਾਂ ਅਤੇ ਗੁਰੂਆਂ ਦੀ ਸਰਪ੍ਰਸਤੀ ਪ੍ਰਾਪਤ ਹੋਈ ਹੈ, ਸ਼ਾਇਦ ਇਸ ਕਰਕੇ ਆਪਣਿਆਂ ਵੱਲੋਂ ਨਕਾਰਨ ਪਿੱਛੋਂ ਵੀ ਇਹ ਵਧਦੀ ਫੁਲਦੀ ਰਹੀ ਹੈ। ਦਰਅਸਲ, ਇਸ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਪੰਜਾਬ ਦੇ ਪਿੰਡਾਂ ਨੇ ਹੀ ਸੰਭਾਲਿਆ ਸੀ, ਪਰ ਵਿਦੇਸ਼ਾਂ ਦੀ ਖਿੱਚ ਕਰਕੇ ਹੁਣ ਪਿੰਡ ਵਾਸੀਆਂ ਨੇ ਵੀ ਪੰਜਾਬੀ ਸੱਭਿਆਚਾਰ ਤੋਂ ਦੂਰ ਹੋਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪਿੰਡਾਂ ਵਿੱਚ ਥਾਂ ਥਾਂ ਅਖੌਤੀ ਅੰਗਰੇਜ਼ੀ ਸਕੂਲ ਖੁੱਲ੍ਹ ਗਏ ਹਨ। ਪੰਜਾਬੀਆਂ ਦਾ ਇੱਕ ਹਿੱਸਾ ਲਿਖਣ ਪੜ੍ਹਤ, ਧਾਰਮਿਕ ਰਸਮੋ ਰਿਵਾਜ ਅਤੇ ਆਪਣੇ ਧਾਰਮਿਕ ਸਥਾਨਾਂ ਉੱਤੇ ਹਿੰਦੀ ਦੀ ਹੀ ਵਰਤੋਂ ਕਰਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੋਲੀ ਅਤੇ ਸੱਭਿਆਚਾਰ ਦੇ ਵਿਕਾਸ ਲਈ ਸਰਕਾਰੀ ਸਰਪ੍ਰਸਤੀ ਦੀ ਲੋੜ ਹੈ, ਪਰ ਇਹ ਵੀ ਜ਼ਰੂਰੀ ਹੈ ਕਿ ਲੋਕ ਆਪਣੀ ਭਾਸ਼ਾ ਨੂੰ ਅਪਨਾਉਣ ਲਈ ਆਪ ਪਹਿਲ ਕਰਨ। ਰੱਜਵੀਂ ਰੋਟੀ ਖਾਣ ਵਾਲੇ ਘਰਾਂ ਦੇ ਬੱਚੇ ਪੰਜਾਬੀ ਪੜ੍ਹਦੇ ਹੀ ਨਹੀਂ। ਉਨ੍ਹਾਂ ਨਾਲ ਅਸੀਂ ਘਰਾਂ ਤੇ ਸਕੂਲਾਂ ਅੰਦਰ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਦੇ ਹਾਂ। ਦਰਅਸਲ, ਅੰਗਰੇਜ਼ੀ ਦੇ ਪ੍ਰਭਾਵ ਵਿੱਚ ਆਏ ਮਾਪੇ ਆਪਣੇ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋਣ ਨਹੀਂ ਦਿੰਦੇ। ਸੋਚ ਦੀਆਂ ਉਡਾਰੀਆਂ ਤੇ ਮੁੱਢਲਾ ਗਿਆਨ ਆਪਣੀ ਮਾਂ ਬੋਲੀ ਰਾਹੀਂ ਪ੍ਰਾਪਤ ਹੋ ਸਕਦੇ ਸਨ। ਪੰਜਵੀਂ ਜਮਾਤ ਵਿੱਚ ਪਹੁੰਚੇ ਬੱਚੇ ਨੂੰ ਸੋਝੀ ਆ ਜਾਂਦੀ ਹੈ ਤੇ ਵਿਦੇਸ਼ੀ ਭਾਸ਼ਾ ਉਹ ਸਹਿਜ ਨਾਲ ਸਿੱਖ ਸਕਦਾ ਹੈ। ਦੇਸ਼ ਦੇ ਵੱਡੇ ਵੱਡੇ ਆਗੂਆਂ ਨੇ ਵੀ ਅੰਗਰੇਜ਼ੀ ਪੰਜਵੀਂ ਜਮਾਤ ਵਿੱਚ ਆ ਕੇ ਹੀ ਸਿੱਖਣੀ ਸ਼ੁਰੂ ਕੀਤੀ, ਪਰ ਉਹ ਅੰਗਰੇਜ਼ੀ ਵਿੱਚ ਕਿਸੇ ਪਾਸਿਉਂ ਘੱਟ ਨਹੀਂ ਹਨ। ਅੱਜ ਦੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਬੱਚੇ ਅੰਗਰੇਜ਼ੀ ਬੋਲ ਤਾਂ ਸਕਦੇ ਹਨ, ਪਰ ਸ਼ੁੱਧ ਅੰਗਰੇਜ਼ੀ ਲਿਖਣ ਤੋਂ ਅਸਮਰੱਥ ਹਨ। ਦਰਅਸਲ, ਉਹ ਆਪਣੀਆਂ ਸੋਚਾਂ ਤੇ ਭਾਵਨਾਵਾਂ ਨੂੰ ਉਜਾਗਰ ਕਰ ਹੀ ਨਹੀਂ ਸਕਦੇ ਕਿਉਂਕਿ ਅੰਗਰੇਜ਼ੀ ਵਿੱਚ ਇਹ ਹੋਣਾ ਔਖਾ ਹੈ ਤੇ ਆਪਣੀ ਬੋਲੀ ਉਨ੍ਹਾਂ ਨੂੰ ਆਉਂਦੀ ਨਹੀਂ।
ਇਸੇ ਕਰਕੇ ਅਸੀਂ ਜੁਗਾੜੀ ਤਾਂ ਬਣ ਗਏ ਹਾਂ, ਪਰ ਵਧੀਆ ਵਿਗਿਆਨੀ ਨਹੀਂ ਬਣ ਸਕੇ। ਸੂਬੇ ਦੀਆਂ ਬਹੁਤੀਆਂ ਮੁਸ਼ਕਿਲਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਢੁੱਕਵੇਂ ਵਿਗਿਆਨਕ ਢੰਗ ਵਿਕਸਿਤ ਨਹੀਂ ਕਰ ਸਕੇ। ਪੰਜਾਬ ਨੂੰ ਵਿਕਾਸ ਦੇ ਅਗਲੇ ਪੜਾਅ ’ਤੇ ਲਿਜਾਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਬੋਲੀ ਵਿੱਚ ਸੋਚੀਏ ਤੇ ਆਪਣੇ ਸੱਭਿਆਚਾਰ ਆਧਾਰਿਤ ਵਿਕਾਸ ਦੀਆਂ ਯੋਜਨਾਵਾਂ ਉਲੀਕੀਏ।
ਇਸ ਦੇ ਨਾਲ ਹੀ ਬੋਲੀ ਦੇ ਆਧਾਰ ’ਤੇ ਬਣੇ ਸੂਬੇ ਦੀ ਸਰਕਾਰ ਦਾ ਫ਼ਰਜ਼ ਹੈ ਕਿ ਉਹ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਵਿਕਸਿਤ ਕਰੇ। ਸਾਰੇ ਸਰਕਾਰੀ ਕੰਮਕਾਜ ਪੰਜਾਬੀ ਵਿੱਚ ਕੀਤੇ ਜਾਣ ਅਤੇ ਪੰਜਾਬੀ ਗੀਤ ਸੰਗੀਤ ਵਿੱਚ ਵਧ ਰਹੇ ਲੱਚਰਪੁਣੇ ਨੂੰ ਠੱਲ੍ਹ ਪਾਈ ਜਾਵੇ। ਪੰਜਾਬ ਸਰਕਾਰ ਨੇ ਅਜਿਹਾ ਕਰਨ ਦੇ ਐਲਾਨ ਤਾਂ ਕੀਤੇ ਹਨ, ਪਰ ਸਫ਼ਲਤਾ ਕਿੰਨੀ ਪ੍ਰਾਪਤ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ। ਬੋਲੀ ਅਤੇ ਸੱਭਿਆਚਾਰ ਉਦੋਂ ਹੀ ਵਿਕਸਿਤ ਹੋ ਸਕਣਗੇ, ਜਦੋਂ ਪੰਜਾਬੀ ਆਪ ਆਪਣੀ ਬੋਲੀ ਦੀ ਆਪਣੇ ਰੋਜ਼ਾਨਾ ਦੇ ਕੰਮਕਾਜ ਵਿੱਚ ਵਰਤੋਂ ਕਰਨਗੇ। ਘਰਾਂ, ਦਫ਼ਤਰਾਂ ਅਤੇ ਦੁਕਾਨਾਂ ਦੇ ਬਾਹਰ ਬੋਰਡ ਪੰਜਾਬੀ ਵਿੱਚ ਲਗਾਏ ਜਾਣ। ਸਰਕਾਰੀ ਫਾਰਮ ਅਤੇ ਹੋਰ ਚਿੱਠੀ ਪੱਤਰ ਪੰਜਾਬੀ ਵਿੱਚ ਭਰੇ ਤੇ ਲਿਖੇ ਜਾਣ। ਬੈਂਕਾਂ ਤੇ ਡਾਕਘਰਾਂ ਵਿੱਚ ਫਾਰਮ ਤੇ ਚੈੱਕ ਪੰਜਾਬੀ ਵਿੱਚ ਭਰੇ ਜਾਣ।
ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜੀਏ। ਬੇਸ਼ੱਕ, ਇਨ੍ਹਾਂ ਸਕੂਲਾਂ ਵਿੱਚ ਸਹੂਲਤਾਂ ਦੀ ਘਾਟ ਹੈ, ਪਰ ਅਧਿਆਪਕ ਵੱਧ ਪੜ੍ਹੇ ਲਿਖੇ ਅਤੇ ਯੋਗ ਹਨ। ਜੇਕਰ ਵੱਡੇ ਘਰਾਂ ਦੇ ਬੱਚੇ ਇਨ੍ਹਾਂ ਸਕੂਲਾਂ ਵਿੱਚ ਜਾਣਗੇ ਤਾਂ ਅਧਿਆਪਕ ਵੀ ਪੂਰੀ ਸੰਜੀਦਗੀ ਨਾਲ ਆਪਣੀ ਡਿਊਟੀ ਨਿਭਾਉਣਗੇ। ਡਾ. ਮਨਮੋਹਨ ਸਿੰਘ ਅਤੇ ਡਾ. ਅਬਦੁਲ ਕਲਾਮ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹੇ ਸਨ। ਬੱਚਿਆਂ ਨੂੰ ਲੋੜ ਤੋਂ ਵੱਧ ਸਹੂਲਤਾਂ ਦੇਣਾ ਵੀ ਠੀਕ ਨਹੀਂ, ਉਹ ਸੋਹਲ ਬਣ ਰਹੇ ਹਨ ਤੇ ਮਿਹਨਤ ਕਰਨ ਤੋਂ ਕੰਨੀ ਕਤਰਾਉਣ ਲੱਗ ਜਾਂਦੇ ਹਨ। ਸਰਕਾਰ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਅਖੌਤੀ ਅੰਗਰੇਜ਼ੀ ਸਕੂਲਾਂ ਵੱਲੋਂ ਮਾਪਿਆਂ ਦਾ ਮੁੱਖ ਮੋੜਿਆ ਜਾ ਸਕੇ। ਆਪਣੀ ਭਾਸ਼ਾ ਨੂੰ ਬਚਾ ਕੇ ਹੀ ਆਪਣਾ ਸੱਭਿਆਚਾਰ ਬਚਾਇਆ ਜਾ ਸਕਦਾ ਹੈ। ਇਸ ਪਾਸੇ ਪਹਿਲ ਦੇ ਆਧਾਰ ਉੱਤੇ ਯਤਨ ਕਰਨ ਦੀ ਲੋੜ ਹੈ। ਜਦੋਂ ਸਰਕਾਰੀ ਸਕੂਲ ਸਮੇਂ ਦੇ ਹਾਣੀ ਬਣ ਗਏ ਤਾਂ ਮਾਪੇ ਆਪਣੇ ਆਪ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਭੇਜਣਾ ਸ਼ੁਰੂ ਕਰ ਦੇਣਗੇ। ਸਾਡੇ ਧਾਰਮਿਕ ਆਗੂ ਅਤੇ ਸਮਾਜ ਸੇਵਕ ਇਸ ਪਾਸੇ ਅਹਿਮ ਭੂਮਿਕਾ ਨਿਭਾ ਸਕਦੇ ਹਨ। ਜਦੋਂ ਤੱਕ ਪੰਜਾਬੀ ਆਪਣੀ ਬੋਲੀ ਨੂੰ ਅਪਣਾ ਨਹੀਂ ਲੈਂਦੇ ਉਦੋਂ ਤੱਕ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ, ਪੰਜਾਬ ਦੇ ਗੌਰਵਮਈ ਇਤਿਹਾਸ ਅਤੇ ਪੰਜਾਬੀ ਕਦਰਾਂ-ਕੀਮਤਾਂ ਨਾਲ ਜੋੜਿਆ ਨਹੀਂ ਜਾ ਸਕਦਾ। ਪੰਜਾਬ ਦੀ ਮੌਜੂਦਾ ਸਥਿਤੀ ਦਾ ਮੁੱਖ ਕਾਰਨ ਆਪਣੇ ਵਿਰਸੇ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਦੂਰ ਹੋਣਾ ਹੈ। ਬੱਚਿਆਂ ਨੂੰ ਮਾਂ ਬੋਲੀ ਪੜ੍ਹਾਈਏ, ਉਨ੍ਹਾਂ ਨਾਲ ਆਪਣੇ ਗੌਰਵਮਈ ਵਿਰਸੇ ਦੀਆਂ ਬਾਤਾਂ ਪਾਈਏ ਅਤੇ ਉਨ੍ਹਾਂ ਨੂੰ ਸਮਾਜਿਕ ਕਦਰਾਂ-ਕੀਮਤਾਂ ਨਾਲ ਜੋੜੀਏ।