ਆਪਣਿਆਂ ਹੱਥੋਂ
ਲਖਵਿੰਦਰ ਸਿੰਘ ਬਾਜਵਾ
ਕਥਾ ਪ੍ਰਵਾਹ
ਸੰਨ ਸੰਤਾਲੀ ਦੀ ਕਾਲੀ ਬੋਲੀ ਹਨੇਰੀ ਐਸੀ ਝੁੱਲੀ ਸੀ ਕਿ ਧਰਤੀ ਤੇ ਆਸਮਾਨ ਦੇ ਦੋਵੇਂ ਪੁੜ ਜਿਵੇਂ ਮਿਲ ਗਏ ਹੋਣ ਤੇ ਇਹ ਦੋਵੇਂ ਪੁੜ ਮਿਲ ਕੇ ਮਾਸੂਮਾਂ ਨੂੰ ਪੀਹ ਰਹੇ ਹੋਣ।
ਉਹ ਪੁੜ ਕੋਈ ਕੁਦਰਤੀ ਆਫ਼ਤ ਨਹੀਂ ਸੀ ਜੋ ਮਜ਼ਲੂਮ ਤੇ ਜ਼ਾਲਮ ਵਿੱਚ ਫ਼ਰਕ ਨਾ ਕਰਦਾ। ਦਰਅਸਲ, ਮਨੁੱਖਾਂ ਦਾ ਮਜ਼ਹਬ ਦੇ ਨਾਂ ਉੱਤੇ ਚਲਾਇਆ ਕਾਲ ਚੱਕਰ ਮਨੁੱਖਾਂ ਉੱਤੇ ਚੱਲ ਰਿਹਾ ਸੀ। ਧਰਮ ਦੇ ਨਾਂ ਉੱਤੇ ਅਧਰਮ ਕਹਿਰ ਵਰਤਾ ਰਿਹਾ ਸੀ।
ਕਹਿੰਦੇ ਨੇ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ। ਇਹ ਗੱਲ ਹੁਣ ਉਨ੍ਹਾਂ ’ਤੇ ਢੁਕ ਰਹੀ ਸੀ ਕਿਉਂਕਿ ਹੁਣ ਉਹ ਆਪਣੇ ਆਪ ਨੂੰ ਇਨ੍ਹਾਂ ਗਲੀਆਂ ਦੇ ਮਾਲਕ ਸਮਝਦੇ ਸਨ ਤੇ ਉੱਜੜ ਜਾਣ ਵਾਲਿਆਂ ਨੂੰ ਗ਼ੈਰ। ਹੁਣ ਇਹ ਦੇਸ਼ ਉੱਜੜ ਜਾਣ ਵਾਲਿਆਂ ਦਾ ਨਹੀਂ ਸੀ। ਇਸ ਕਰਕੇ ਹੁਣ ਉਨ੍ਹਾਂ ਨਾਲ ਨਾ ਉੱਜੜਨ ਵਾਲਿਆਂ ਦਾ ਕਾਹਦਾ ਰਿਸ਼ਤਾ ਸੀ? ਨਾਲੇ ਧਰਮ ਦੀ ਹੱਦਬੰਦੀ ਦੀ ਲਕੀਰ ਪਾਣੀ ’ਤੇ ਨਹੀਂ, ਪੱਥਰ ’ਤੇ ਖਿੱਚੀ ਗਈ ਸੀ ਜੋ ਹੁਣ ਮਿਟਣ ਵਾਲੀ ਨਹੀਂ ਸੀ।
ਅੱਗਾਂ ਲੱਗੀਆਂ, ਭਾਂਬੜ ਬਲੇ, ਲੱਖਾਂ ਮਾਸੂਮ ਜਾਨਾਂ ਝੁਲਸ ਗਈਆਂ। ਲੁੱਟਣ ਵਾਲਿਆਂ ਦੇ ਘਰ ਆਫ਼ਰ ਗਏ ਤੇ ਲੁੱਟੇ ਜਾਣ ਵਾਲਿਆਂ ਦੀ ਇੱਜ਼ਤ ਤੱਕ ਲੁੱਟੀ ਲਈ ਗਈ। ਸ਼ਾਇਦ ਉਹ ਚਾਹੁੰਦੇ ਹੋਣ ਕਿ ਅੱਵਲ ਤਾਂ ਜਿਉਂਦੇ ਨਾ ਜਾਣ, ਜੇ ਜਾਣ ਤਾਂ ਸਿਰਫ਼ ਹੱਡ ਮਾਸ ਦਾ ਪਿੰਜਰ ਹੀ ਹੱਦੋਂ ਪਾਰ ਪਹੁੰਚੇ। ਖ਼ੈਰ, ਉਹ ਅੱਗ ਹੌਲੀ ਹੌਲੀ ਠੰਢੀ ਪੈ ਰਹੀ ਸੀ। ਏਧਰ ਓਧਰ ਰਹੇ ਖੁਹੇ ਲੁਕੇ ਛਿਪੇ ਲੋਕ ਹੀ ਵਿਰਲੇ ਵਾਂਝੇ ਏਧਰ ਓਧਰ ਆ ਜਾ ਰਹੇ ਸਨ। ਥੋੜ੍ਹੇ ਲੋਕ ਹੋਣ ਕਰਕੇ ਹੁਣ ਫ਼ੌਜੀ ਹਿਫਾਜ਼ਤ ਵੀ ਵਧ ਗਈ ਸੀ, ਪਰ ਉਨ੍ਹਾਂ ਰਹੇ ਖੁਹੇ ਲੋਕਾਂ ਕੋਲ ਹੱਦੋਂ ਪਾਰ ਜਾਣ ਲਈ ਸ਼ਾਇਦ ਤਨ ਦੇ ਪੂਰੇ ਕੱਪੜੇ ਵੀ ਨਹੀਂ ਸਨ। ਫੇਰ ਵੀ ਸ਼ਿਕਰੇ ਕਿਤੇ ਨਾ ਕਿਤੇ ਨਿਗਾਹ ਲਾਈ ਬੈਠੇ, ਸ਼ਿਕਾਰ ’ਤੇ ਝਪਟਣ ਦੀ ਕੋਸ਼ਿਸ਼ ਕਰਦੇ ਵੇਖੇ ਜਾ ਸਕਦੇ ਸਨ।
ਅੱਗ ਭਾਵੇਂ ਬੁਝ ਰਹੀ ਸੀ, ਪਰ ਉਸ ’ਚੋਂ ਉੱਠਦਾ ਧੂੰਆਂ ਉਨ੍ਹਾਂ ਦੇ ਚਿਹਰਿਆਂ ’ਤੇ ਕਾਲਖ ਮਲ ਰਿਹਾ ਸੀ। ਇਹ ਕਾਲੀਆਂ ਕਰਤੂਤਾਂ ਕਰਨ ਵਾਲਿਆਂ ਦੇ ਮੂੰਹ ’ਤੇ ਸ਼ਰਮ ਜਾਂ ਪਛਤਾਵੇ ਦੀ ਥਾਂ ਬਹਾਦਰੀ ਦਾ ਭਾਵ ਸੀ। ਇਹ ਲੋਕ ਜਿੱਥੇ ਵੀ ਇਕੱਠੇ ਹੋ ਕੇ ਬੈਠਦੇ, ਆਪਣੇ ਵੱਲੋਂ ਕੀਤੇ ਜ਼ੁਲਮ ਤਸ਼ੱਦਦ ਦੀ ਕਥਾ ਵਧਾ ਚੜ੍ਹਾ ਕੇ ਸੁਣਾਉਂਦੇ। ਜਿਵੇਂ ਇਸ ਕੰਮ ਦਾ ਕੋਈ ਵੱਖਰਾ ਤਗ਼ਮਾ ਮਿਲ ਜਾਣਾ ਹੋਵੇ।
ਮੱਲੂ ਵੀ ਉਨ੍ਹਾਂ ਵਿੱਚੋਂ ਇੱਕ ਸੀ। ਉਸ ਨੇ ਵੀ ਆਪਣੀ ਤਲਵਾਰ ਦੀ ਧਾਰ ਪਰਖਣ ਲੱਗਿਆਂ ਕੋਈ ਕਸਰ ਨਹੀਂ ਸੀ ਛੱਡੀ। ਅੱਜ ਜਦੋਂ ਫੇਰ ਉਸ ਦੀ ਚੰਡਾਲ ਚੌਕੜੀ ਰਲ ਬੈਠੀ ਤਾਂ ਮੁੜ ਉਹੋ ਕਿੱਸੇ ਦੁਹਰਾਏ ਜਾਣ ਲੱਗੇ। ਨਾਲ ਦੇ ਸਾਥੀਆਂ ਨੇ ਬੇਵੱਸ ਕੁੜੀਆਂ ਅਤੇ ਔਰਤਾਂ ਦੀ ਬੇਰਹਿਮੀ ਨਾਲ ਲੁੱਟੀ ਇੱਜ਼ਤ ਦੇ ਕਿੱਸੇ ਚਟਕਾਰੇ ਲਾ ਲਾ ਪੇਸ਼ ਕੀਤੇ। ਹਰ ਕੋਈ ਆਪਣਾ ਕਿੱਸਾ ਸੁਣਾਉਣ ਨੂੰ ਇੱਕ ਦੂਜੇ ਨਾਲੋਂ ਕਾਹਲਾ ਪੈ ਰਿਹਾ ਸੀ, ਪਰ ਮੱਲੂ ਚੁੱਪ ਬੈਠਾ ਹੋਇਆ ਸੀ। ਉਸ ਨੂੰ ਚੁੱਪ ਵੇਖ ਕੇ ਉਸ ਦੇ ਸਾਥੀ ਬਚਨੇ ਨੇ ਆਖਿਆ, “ਉਏ ਮੱਲੂ ਤੂੰ ਨਹੀਂ ਦੱਸਦਾ?”
ਮੱਲੂ ਨੇ ਜਿਵੇਂ ਅਫ਼ਸੋਸ ਨਾਲ ਕਿਹਾ ਹੋਵੇ, “ਯਾਰ, ਮੈਂ ਤਾਂ ਬੰਦੇ ਈ ਮਾਰਦਾ ਰਿਹਾ। ਇਹ ਕੰਮ ਤਾਂ ਕੀਤਾ ਹੀ ਨਹੀਂ।’’ ਸਾਰਿਆਂ ਨੇ ਉਸ ਦੀ ਹਾਸੀ ਉਡਾਈ। ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ!
“ਉਏ ਇਹੋ ਜਿਹੇ ਸਮੇਂ ਵਾਰ ਵਾਰ ਥੋੜ੍ਹਾ ਆਉਂਦੇ ਨੇ, ਜੋ ਮਜ਼ੇ ਲੁੱਟ ਗਿਆ ਸੋ ਲੁੱਟ ਗਿਆ, ਨਾ ਪੁੱਛ ਨਾ ਪੜਤਾਲ। ਭਾਵੇਂ ਕੋਠੇ ਚੜ੍ਹ ਕੇ ਢੋਲ ਵਜਾਈ ਜਾਉ।” ਇਹ ਸੁਣ ਕੇ ਮੱਲੂ ਮਨ ਮਸੋਸ ਕੇ ਰਹਿ ਗਿਆ। ਉਸ ਨੂੰ ਜਾਪਿਆ ਕਿ ਉਹ ਬੜੀ ਵੱਡੀ ਗ਼ਲਤੀ ਕਰ ਬੈਠਾ ਹੈ। ਜੇ ਮੌਜ ਮਸਤੀ ਕਰ ਲੈਂਦਾ ਤਾਂ ਕੀ ਸੀ ਭਲਾ। ਸੋਚਿਆ ਹੀ ਨਹੀਂ ਸੀ ਉਦੋਂ। ਉਸ ਨੇ ਮਨ ਵਿੱਚ ਗਿਣਤੀ ਗਿਣੀ ਤੇ ਹੁਣ ਉਸ ਨੂੰ ਡਾਢਾ ਪਛਤਾਵਾ ਹੋ ਰਿਹਾ ਸੀ।
ਉਹ ਘਰ ਆਇਆ, ਪਰ ਉਸ ਦੇ ਮਨ ਵਿੱਚ ਇੱਕੋ ਗੱਲ ਵਾਰ ਵਾਰ ਚੱਕਰ ਕੱਟ ਰਹੀ ਸੀ ਜੋ ਉਸ ਨੂੰ ਚੈਨ ਨਾਲ ਨਹੀਂ ਸੀ ਬੈਠਣ ਦਿੰਦੀ। ਅੱਜ ਰਾਤ ਉਸ ਨੂੰ ਚੰਗੀ ਤਰ੍ਹਾਂ ਨੀਂਦ ਵੀ ਨਾ ਆਈ। ਅੱਧੀ ਰਾਤ ਤੋਂ ਬਾਅਦ ਅੱਖ ਲੱਗੀ ਤਾਂ ਉਸ ਨੂੰ ਸੁਪਨਿਆਂ ਨੇ ਹੋਰ ਵੀ ਪ੍ਰੇਸ਼ਾਨ ਕੀਤਾ। ਉਹ ਕਿਸੇ ਕੁੜੀ ਦੀ ਬਾਂਹ ਫੜ ਕੇ ਖਿੱਚ ਰਿਹਾ ਹੈ ਤੇ ਫ਼ੌਜੀ ਦੀ ਗੋਲੀ ਦੀ ਆਵਾਜ਼... ਉਹ ਤ੍ਰਭਕ ਕੇ ਉੱਠ ਬੈਠਾ।
‘ਕਿੰਨਾ ਵਧੀਆ ਸੁਪਨਾ ਆ ਰਿਹਾ ਸੀ ... ਆਹ ਫ਼ੌਜੀ ਕਿਧਰੋਂ ਆ ਗਿਆ। ਪਰ ਇਹ ਫ਼ੌਜੀ ਤਾਂ ਆਪਣੇ ਵੱਲ ਹੀ ਸਨ, ਰਲ ਕੇ ਹੀ ਲੁਟਾਉਂਦੇ ਸਨ।’ ਉਸ ਨੇ ਫਿਰ ਸੋਚਿਆ ਤੇ ਉਸ ਦੇ ਬੁੱਲ੍ਹਾਂ ’ਤੇ ਮੁਸਕਾਨ ਫਿਰ ਗਈ। ਹੁਣ ਉਸ ਨੂੰ ਨੀਂਦ ਨਾ ਆਈ। ਸਵੇਰ ਹੋਣ ਦਾ ਇੰਤਜ਼ਾਰ ਵੀ ਉਹ ਨਾ ਕਰ ਸਕਿਆ ਤੇ ਉੱਠ ਕੇ ਤਲਵਾਰ ਫੜ ਹੌਲੀ ਜਿਹੀ ਘਰੋਂ ਬਾਹਰ ਤੁਰ ਗਿਆ। ਉਹ ਉਸ ਪਾਸੇ ਜਾ ਨਿਕਲਿਆ ਜਿੱਧਰੋਂ ਕਾਫ਼ਲੇ ਲੰਘਦੇ ਰਹੇ ਸਨ ਤੇ ਉਸ ਨੇ ਸਾਥੀਆਂ ਨਾਲ ਰਲ ਕੇ ਪੂਰੀ ਵਾਹ ਲਾਈ ਸੀ ਕਿ ਜਿਉਂਦਾ ਕੋਈ ਨਹੀਂ ਜਾਣ ਦੇਣਾ।
ਹੁਣ ਸਵੇਰ ਦੇ ਚਾਨਣ ਵਿੱਚ ਕੁਝ ਦੂਰੀ ਤੱਕ ਵੇਖਿਆ ਜਾ ਸਕਦਾ ਸੀ। ਦੂਰ ਦੋ ਪਰਛਾਵੇਂ ਉਸ ਨੂੰ ਨਜ਼ਰ ਆਏ। ‘ਕਾਸ਼ ਔਰਤਾਂ ਹੀ ਹੋਣ।’ ਉਸ ਨੇ ਮਨ ਵਿੱਚ ਸੋਚਿਆ ਤੇ ਤੇਜ਼ ਤੇਜ਼ ਕਦਮ ਪੁੱਟਦਾ ਉਨ੍ਹਾਂ ਵੱਲ ਹੋ ਤੁਰਿਆ। ਜਦੋਂ ਉਸ ਨੇ ਦੋ ਔਰਤਾਂ ਆਪਣੇ ਵੱਲ ਆਉਂਦੀਆਂ ਵੇਖੀਆਂ, ਉਸ ਦਾ ਮਨ ਇੱਕ ਵਾਰ ਤਾਂ ਖਿੜ ਗਿਆ। ਪਰ ਇਹ ਤਾਂ ਏਧਰ ਆ ਰਹੀਆਂ ਹਨ। ਉੱਜੜ ਕੇ ਜਾਣ ਵਾਲੀਆਂ ਹੁੰਦੀਆਂ ਤਾਂ ਦੂਜੇ ਪਾਸੇ ਜਾਂਦੀਆਂ।
ਹੁਣ ਭਾਵੇਂ ਉਹ ਕਈ ਦਿਨਾਂ ਤੋਂ ਮਾਰ ਕਾਟ ਨਹੀਂ ਸੀ ਕਰ ਸਕਿਆ, ਪਰ ਉਸ ਨੇ ਸੁਣਿਆ ਸੀ ਕੋਈ ਟਾਵਾਂ ਟਾਵਾਂ ਅਜੇ ਵੀ ਆ ਜਾ ਰਿਹਾ ਹੈ। ‘ਸ਼ਾਇਦ ਕੋਈ ਸ਼ਿਕਾਰ ਮਿਲ ਜਾਵੇ। ਕੋਈ ਕੁੜੀ ਜਾਂ ਔਰਤ।’ ਉਸ ਨੇ ਸੋਚਿਆ।
ਉਹ ਸਵੇਰ ਦੇ ਘੁਸਮੁਸੇ ਵਿੱਚ ਅੱਗੇ ਤੁਰਿਆ ਜਾਂਦਾ ਸੀ। ਉਸ ਦੇ ਸਿਰ ’ਤੇ ਇੱਕੋ ਭੂਤ, ਨਹੀਂ ਨਹੀਂ ਕਾਮ ਸਵਾਰ ਸੀ। ਉਸ ਨੂੰ ਹੁਣ ਹੋਰ ਕੁਝ ਵੀ ਹੋਸ਼ ਨਹੀਂ ਸੀ। ਉਹ ਆਪਣੀ ‘ਗ਼ਲਤੀ’ ਨੂੰ ਸੁਧਾਰਨ ਨਿਕਲਿਆ ਸੀ ਕਿ ਕੱਲ੍ਹ ਨੂੰ ਮੈਂ ਵੀ ਸਾਥੀਆਂ ਵਿੱਚ ਫੜ ਮਾਰ ਸਕਾਂਗਾ ਜਾਂ ਉਹ ਇਹ ਸੋਚ ਰਿਹਾ ਸੀ ਕਿ ਜੋ ਮਜ਼ੇ ਸਾਥੀ ਲੁੱਟ ਗਏ ਹਨ, ਉਹ ਉਨ੍ਹਾਂ ਤੋਂ ਵਾਂਝਾ ਨਾ ਰਹਿ ਜਾਵੇ।
ਉਹ ਹੁਣ ਕਾਫ਼ੀ ਦੂਰ ਨਿਕਲ ਆਇਆ ਸੀ। ਸਵੇਰ ਵੇਲੇ ਪੂਰਬ ਦੀ ਲਾਲ ਜਿਹੀ ਭਾਹ ਸੂਰਜ ਦੇ ਆਗਮਨ ਦਾ ਸੁਨੇਹਾ ਦੇ ਰਹੀ ਸੀ। ਪਰ ਉਸ ਨੂੰ ਉਹ ਕਿਸੇ ਕੁਆਰੀ ਦੇ ਸੁਰਖ਼ ਹੋਂਠਾਂ ਦਾ ਭੁਲੇਖਾ ਪਾ ਰਹੀ ਸੀ। ਉਸ ਦੀ ਭੁੱਖ ਹੋਰ ਵੀ ਤੀਬਰ ਹੁੰਦੀ ਗਈ।
ਹਾਂ, ਇਹ ਜ਼ਰੂਰ ਓਧਰੋਂ ਉੱਜੜ ਕੇ ਆਈਆਂ ਹੋਣਗੀਆਂ। ਨਹੀਂ ਤਾਂ ਐਸ ਵੇਲੇ... ਤੇ ਉਹ ਤੇਜ਼ ਤੇਜ਼ ਕਦਮ ਪੁੱਟਦਾ ਉਨ੍ਹਾਂ ਦੇ ਕੋਲ ਜਾ ਪੁੱਜਾ। ਪੱਚੀ ਛੱਬੀ ਸਾਲ ਦੀ ਇੱਕ ਗਰਭਵਤੀ ਔਰਤ ਤੇ ਨਾਲ ਚੌਦਾਂ ਪੰਦਰਾਂ ਸਾਲਾਂ ਦੀ ਇੱਕ ਮੁਟਿਆਰ ਤੁਰੀਆਂ ਆ ਰਹੀਆਂ ਸਨ। ਸ਼ਾਇਦ ਰਾਤ ਦੇ ਹਨੇਰੇ ਵਿੱਚ ਕੋਈ ਉਨ੍ਹਾਂ ਨੂੰ ਸਰਹੱਦ ਪਾਰ ਕਰਾ ਗਿਆ ਸੀ। ਉਹ ਕਿੰਨੇ ਕੁ ਝੱਖੜ ਤੂਫ਼ਾਨ ਝੱਲ ਕੇ ਏਧਰ ਆਈਆਂ ਸਨ, ਪੁੱਛਣ ਦੀ ਲੋੜ ਨਹੀਂ ਸੀ। ਉਨ੍ਹਾਂ ਦੇ ਪੀਲੇ ਤੇ ਮੁਰਝਾਏ ਚਿਹਰੇ, ਸੱਖਣੀਆਂ ਅੱਖਾਂ ਦੇ ਕੋਇਆਂ ’ਤੇ ਵਗ ਕੇ ਸੁੱਕੇ ਅੱਥਰੂ, ਉਨ੍ਹਾਂ ਦੇ ਦੁੱਖਾਂ ਦੀ ਦਾਸਤਾਨ ਚੀਕ ਚੀਕ ਕੇ ਕਹਿ ਰਹੇ ਸਨ। ਫਿਰ ਵੀ ਉਹ ਆਪਣੀ ਇੱਜ਼ਤ ਬਚਾਉਣ ਵਿੱਚ ਕਾਮਯਾਬ ਰਹੀਆਂ ਸਨ ਤੇ ਲੁਕਦੀਆਂ ਛੁਪਦੀਆਂ ਸਾਥ ਨਾਲੋਂ ਵਿੱਛੜ ਕੇ ਵੀ ਏਧਰ ਆਉਣ ਵਿੱਚ ਕਾਮਯਾਬ ਹੋ ਗਈਆਂ ਸਨ।
ਕੁੜੀ ਦੇ ਨਾਲ ਉਸ ਦੀ ਭਰਜਾਈ ਸੀ, ਜੋ ਉਸ ਦੇ ਭਰਾ ਦੇ ਅੰਸ਼ ਨੂੰ ਖ਼ਤਮ ਹੋਣੋਂ ਬਚਾਉਣ ਦੀ ਸਾਰੀ ਵਾਹ ਲਾਉਂਦੀ ਏਧਰ ਆਉਣ ਵਿੱਚ ਸਫ਼ਲ ਹੋ ਗਈ ਸੀ। ਉਸ ਨੰਨ੍ਹੀ ਜਿਹੀ ਜਾਨ ਨੂੰ ਪੇਟ ਵਿੱਚ ਕੀ ਪਤਾ ਸੀ ਕਿ ਉਸ ਨੂੰ ਦੁਨੀਆ ਵਿਖਾਉਣ ਲਈ ਉਸ ਦੀ ਜਨਨੀ ਨੂੰ ਕਿੰਨੀਆਂ ਅਗਨ ਪ੍ਰੀਖਿਆਵਾਂ ਵਿੱਚੋਂ ਲੰਘਣਾ ਪਿਆ ਸੀ। ਕੁੜੀ ਨੇ ਸਾਹਮਣੇ ਆਉਂਦਾ ਮਰਦ ਵੇਖ ਕੇ ਭਰਜਾਈ ਵੱਲ ਸੁਆਲੀ ਨਜ਼ਰਾਂ ਨਾਲ ਵੇਖਿਆ, ਜਿਵੇਂ ਹੋਂਠਾਂ ਨੂੰ ਹਿਲਾਉਣ ਦੀ ਤਾਕਤ ਜਵਾਬ ਦੇ ਗਈ ਹੋਵੇ। ਭਰਜਾਈ ਨੇ ਉਸ ਦੀ ਹਾਲਤ ਨੂੰ ਭਾਂਪ ਕੇ ਉਸ ਨੂੰ ਤਸੱਲੀ ਦੇਣ ਦੇ ਲਹਿਜੇ ਵਿੱਚ ਕਿਹਾ, “ਹੁਣ ਸਾਨੂੰ ਕੋਈ ਖ਼ਤਰਾ ਨਹੀਂ, ਹੁਣ ਅਸੀਂ ਆਪਣੇ ਦੇਸ਼ ਵਿੱਚ ਹਾਂ।” ਉਸ ਦੇਸ਼ ਵਿੱਚ ਜੋ ਥੋੜ੍ਹਾ ਚਿਰ ਪਹਿਲਾਂ ਉਨ੍ਹਾਂ ਦਾ ਬਣਿਆ ਸੀ ਤੇ ਆਪਣਾ ਦੇਸ਼ ਪਰਾਇਆ ਹੋ ਗਿਆ ਸੀ। ਹੁਣ ਉਹ ਸ਼ਾਇਦ ਸਮਝਾ ਰਹੀ ਹੋਵੇ ਕਿ ਉੱਧਰ ਦੇ ਲੋਕ ਪਰਾਏ ਹੋ ਗਏ ਹਨ ਤੇ ਇੱਥੋਂ ਦੇ ਆਪਣੇ।
ਪਰ ਇਹ ਕੀ? ਮੱਲੂ ਨੇ ਲਲਕਾਰ ਕੇ ਉਨ੍ਹਾਂ ਨੂੰ ਰੁਕਣ ਵਾਸਤੇ ਕਿਹਾ ਤਾਂ ਉਹ ਠਠੰਬਰ ਕੇ ਖਲੋ ਗਈਆਂ। ਭਾਵੇਂ ਮੱਲੂ ਨੂੰ ਪਤਾ ਸੀ ਕਿ ਇਹ ਕੁੜੀਆਂ ਓਧਰੋਂ ਉੱਜੜ ਕੇ ਆਈਆਂ ਹਨ ਤੇ ਜਿਹੜੇ ਸ਼ਿਕਾਰ ਦੀ ਭਾਲ ਵਿੱਚ ਉਹ ਨਿਕਲਿਆ ਸੀ ਉਨ੍ਹਾਂ ਵਿੱਚੋਂ ਨਹੀਂ, ਪਰ ਫੇਰ ਉਸ ਨੇ ਸੋਚਿਆ, ‘ਚਲੋ ਇਹ ਮੇਰੀਆਂ ਕੀ ਲੱਗਦੀਆਂ ਹਨ। ਉਹ ਨਹੀਂ ਤਾਂ ਇਹ ਸਹੀ। ਉਸ ਨੇ ਕੜਕ ਕੇ ਕਿਹਾ, “ਕੌਣ ਹੋ?’’ “ਵੀਰ ਅਸੀਂ ਪਾਕਿਸਤਾਨੋਂ ਉੱਜੜ ਕੇ ਆਈਆਂ, ਵਖ਼ਤ ਦੀਆਂ ਮਾਰੀਆਂ ਹਾਂ।” ਤੇ ਨਾਲ ਹੀ ਸ਼ਾਇਦ ਕੁੜੀ ਨੂੰ ਹੌਸਲਾ ਦੇਣ ਲਈ ਕਿਹਾ, “ਹੁਣ ਅਸੀਂ ਆਪਣੇ ਦੇਸ਼ ਵਿੱਚ ਹਾਂ, ਹੁਣ ਸਾਨੂੰ ਕੋਈ ਡਰ ਨਹੀਂ।” ‘‘ਡਰ ਕਿਉਂ ਨਹੀਂ?” ਮੱਲੂ ਚੀਕਿਆ, ਤੁਸੀਂ ਮੁਸਲਮਾਨ ਹੋ, ਬਚਣ ਲਈ ਝੂਠ ਬੋਲ ਰਹੀਆਂ ਹੋ।” ਭਾਵੇਂ ਉਹ ਅਸਲੀਅਤ ਜਾਣ ਗਿਆ ਸੀ, ਪਰ ਉਹ ਹੱਥ ਆਏ ਸ਼ਿਕਾਰ ਨੂੰ ਨਹੀਂ ਸੀ ਛੱਡਣਾ ਚਾਹੁੰਦਾ। ਇਸੇ ਕਰਕੇ ਉਹ ਲੇਲੇ ਤੇ ਬਘਿਆੜ ਵਾਲੀ ਕਹਾਣੀ ਦੁਹਰਾ ਰਿਹਾ ਸੀ।
“ਕਿਹੜਾ ਤੇ ਕਿਹੜਾ ਹੀ ਸਹੀ।”
ਉਸ ਦੇ ਕੰਨਾਂ ਵਿੱਚ ਸਾਥੀਆਂ ਦੇ ਆਖੇ ਬੋਲ ਇੱਕ ਵਾਰ ਫੇਰ ਗੂੰਜੇ, ਇਹੋ ਜਿਹੇ ਮੌਕੇ ਵਾਰ ਵਾਰ ਥੋੜ੍ਹਾ ਮਿਲਦੇ ਨੇ ਤੇ ਸ਼ਾਇਦ ਦੁਬਾਰਾ ਕਦੇ ਨਾ ਮਿਲੇ। ਤਲਵਾਰ ਮਿਆਨ ’ਚੋਂ ਕੱਢ ਕੇ ਉੱਪਰ ਚੁੱਕੀ ਤਾਂ ਉਹ ਦੋਵੇਂ ਇਹ ਵੇਖ ਕੇ ਸਹਿਮ ਗਈਆਂ। ਉਹ ਸੋਚ ਰਹੀਆਂ ਸਨ ਕਿ ਦਰਿੰਦਿਆਂ ਨੂੰ ਚਕਮਾ ਦੇ ਕੇ ਏਧਰ ਆਉਣ ਵਿੱਚ ਕਾਮਯਾਬ ਹੋ ਗਈਆਂ ਹਾਂ ਤੇ ਦਰਿੰਦੇ ਸਿਰਫ਼ ਓਧਰ ਹੀ ਸਨ, ਏਧਰ ਨਹੀਂ। ਇੱਥੇ ਤਾਂ ਸਾਰੇ ਆਪਣੇ ਨੇ, ਆਪਣੇ ਧਰਮ ਨੂੰ ਮੰਨਣ ਵਾਲੇ। ਉਹ ਸ਼ਾਇਦ ਭੁੱਲ ਗਈਆਂ ਸਨ ਕਿ ਦਰਿੰਦਿਆਂ ਦਾ ਕੋਈ ਧਰਮ ਨਹੀਂ ਹੁੰਦਾ। ਸਿਰਫ਼ ਮਖੌਟੇ ਹੁੰਦੇ ਹਨ ਜਿਨ੍ਹਾਂ ਪਿੱਛੇ ਉਨ੍ਹਾਂ ਦੀਆਂ ਅਸਲ ਸੂਰਤਾਂ ਲੁਕੀਆਂ ਹੁੰਦੀਆਂ ਹਨ। ਪਰ ਇਹ ਕੀ? ਭਰਜਾਈ ਨੇ ਥਿੜਕਦੀ ਆਵਾਜ਼ ਵਿੱਚ ਆਖਿਆ, “ਅਸੀਂ ਤਾਂ ਸਿੱਖ ਹਾਂ ਤੇ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਆਈਆਂ ਹਾਂ।” “ਅੱਛਾ! ਜੇ ਮੁਸਲਮਾਨ ਹੁੰਦੀਆਂ ਤਾਂ ਮਾਰ ਦੇਣੀਆਂ ਸਨ, ਹੁਣ ਤੁਹਾਡੀ ਜਾਨ ਬਖ਼ਸ਼ੀ ਜਾ ਸਕਦੀ ਹੈ, ਇੱਕ ਸ਼ਰਤ ’ਤੇ।
“ਸ਼ਰਤ?” ਸਹਿਮੀ ਹੋਈ ਔਰਤ ਦੇ ਮੂੰਹੋਂ ਨਿਕਲਿਆ।
“ਹਾਂ ਸ਼ਰਤ! ਇਸ ਕੁੜੀ ਨੂੰ ਮੇਰੇ ਹਵਾਲੇ ਕਰ ਦੇ, ਫੇਰ ਜਿੱਧਰ ਮਰਜ਼ੀ ਚਲੀਆਂ ਜਾਣਾ, ਸਿਰਫ਼ ਕੁਝ ਦੇਰ ਲਈ।” ਮੱਲੂ ਨੇ ਮੂੰਹ ਪਾੜ ਕੇ ਡਾਢੀ ਬੇਸ਼ਰਮੀ ਦੇ ਤਾਣ ਆਖਿਆ ਤਾਂ ਦੋਹਾਂ ਦੀ ਚੀਕ ਨਿਕਲ ਗਈ। ਜਿਵੇਂ ਇਸ ਗੱਲ ਨੇ ਉਨ੍ਹਾਂ ਦੇ ਜਿਸਮ ਵਿੱਚੋਂ ਰੱਤ ਦੀ ਰਹਿੰਦੀ ਖੂੰਹਦੀ ਬੂੰਦ ਵੀ ਚੂਸ ਲਈ ਹੋਵੇ। ਉਨ੍ਹਾਂ ਦੇ ਪੀਲੇ ਮੁਰਝਾਏ ਚਿਹਰਿਆਂ ’ਤੇ ਮੁਰਦੇਹਾਣੀ ਛਾ ਗਈ। ਚੁਫ਼ੇਰੇ ਹੋਰ ਕੋਈ ਨਹੀਂ ਸੀ। ਉਨ੍ਹਾਂ ਨੇ ਲੱਖ ਤਰਲੇ ਪਾਏ, ਚੁੰਨੀਆਂ ਲਾਹ ਕੇ ਮੱਲੂ ਦੇ ਪੈਰਾਂ ’ਤੇ ਧਰੀਆਂ, ਪਰ ਪੱਥਰ ਉੱਤੇ ਪਾਣੀ ਦਾ ਕੀ ਅਸਰ। ਉਨ੍ਹਾਂ ਦੀਆਂ ਖੁਸ਼ਕ ਅੱਖਾਂ ਵਿੱਚੋਂ ਜਿੰਨੇ ਕੁ ਹੰਝੂ ਡਿੱਗ ਸਕਦੇ ਸਨ ਡਿੱਗ ਰਹੇ ਸਨ, ਪਰ ਮੱਲੂ ਤਾਂ ਜਿਵੇਂ ਪੱਥਰ ਤੋਂ ਵੀ ਫੌਲਾਦ ਬਣ ਗਿਆ ਹੋਵੇ। ਉਨ੍ਹਾਂ ਦੇ ਲੱਖ ਤਰਲੇ ਵੀ ਜਦੋਂ ਮੱਲੂ ਨੂੰ ਨਾ ਪਿਘਲਾ ਸਕੇ ਤਾਂ ਭਰਜਾਈ ਨੇ ਆਖ਼ਰੀ ਤਰਲਾ ਮਾਰਿਆ, “ਚੱਲ ਚੱਲ ਤੂੰ... ਏਸ ਕੁੜੀ ਨੂੰ... ਛੱਡ ਦੇ। ਮੈਂ... ਮੈਂ....’’
ਤੇ ਉਸ ਦੀਆਂ ਭੁੱਬਾਂ ਨਿਕਲ ਗਈਆਂ। ਉਸ ਨੂੰ ਲੱਗਿਆ ਜਿਵੇਂ ਇਹ ਕਹਿ ਕੇ ਉਸ ਨੇ ਆਪਣੇ ਪੇਟ ਵਿਚਲੇ ਬਾਲਕ ਦੇ ਗਲ ’ਤੇ ਛੁਰੀ ਰੱਖ ਦਿੱਤੀ ਹੋਵੇ। ਪਰ ਮੱਲੂ ਦੇ ਮਨ ’ਤੇ ਚੜ੍ਹਿਆ ਸ਼ੈਤਾਨ ਕਦੋਂ ਪਸੀਜਣ ਵਾਲਾ ਸੀ। “ਨਹੀਂ ਬੱਸ ਏਹ ਕੁੜੀ, ਚੰਦ ਮਿੰਟਾਂ ਲਈ। ਜੇ ਨਹੀਂ ਤਾਂ ਧੌਣਾਂ ਨੀਵੀਆਂ ਕਰੋ, ਇਹ ਮੇਰਾ ਆਖ਼ਰੀ ਫ਼ੈਸਲਾ ਹੈ। ਸੋਚ ਲਉ ਨਹੀਂ ਤਾਂ ਤੁਹਾਡੀ ਗਿਣਤੀ ਵੀ ਹੋਰ ਬੇਘਰਿਆਂ ਦੀਆਂ ਲਾਸ਼ਾਂ ਵਿੱਚ ਹੋ ਜਾਵੇਗੀ।”
ਦੋਵੇਂ ਬੁੱਤ ਬਣੀਆਂ ਖੜ੍ਹੀਆਂ ਸਨ। ਅੱਖਾਂ ਵਿੱਚੋਂ ਡਿੱਗਦੇ ਹੰਝੂਆਂ ਨਾਲ ਉਨ੍ਹਾਂ ਦੀ ਧੁੰਦਲੀ ਨਜ਼ਰ ਵਿੱਚ ਸਵੇਰ ਦੀ ਲਾਲੀ ਜਿਵੇਂ ਅੱਗ ਬਣ ਗਈ ਹੋਵੇ ਤੇ ਉਨ੍ਹਾਂ ਨੂੰ ਚਾਰ ਚੁਫ਼ੇਰੇ ਲਾਟਾਂ ਹੀ ਲਾਟਾਂ ਨਜ਼ਰ ਆ ਰਹੀਆਂ ਹੋਣ। ਮੱਲੂ ਨੇ ਮਾਸੂਮ ਕੁੜੀ ਦੀ ਬਾਂਹ ਫੜ ਕੇ ਆਪਣੇ ਵੱਲ ਖਿੱਚੀ ਤਾਂ ਕੁੜੀ ਦੀ ਚੀਕ ਨਿਕਲ ਗਈ। ਉਸ ਨੇ ਇੱਕ ਝਟਕੇ ਨਾਲ ਕੁੜੀ ਨੂੰ ਥੱਲੇ ਡੇਗ ਲਿਆ ਤੇ ਕਿਸੇ ਦਰਿੰਦੇ ਵਾਂਗ ਉਸ ਉੱਤੇ ਝਪਟਿਆ, ਜਿਵੇਂ ਹੁਣੇ ਉਸ ਦੀ ਖੱਲ ਉਧੇੜ ਲਵੇਗਾ।
ਕੁੜੀ ਦੀ ਭਰਜਾਈ ਕੋਲੋਂ ਉਸ ਦੀ ਇਹ ਦੁਰਦਸ਼ਾ ਸਹਾਰੀ ਨਾ ਗਈ। ਉਸ ਨੇ ਉੱਚੀ ਸਾਰੀ ਕੂਕ ਕੇ ਜਿਵੇਂ ਮਿਹਣਾ ਮਾਰਿਆ ਹੋਵੇ, “ਵੇ ਰੱਬਾ, ਜੇ ਤੂੰ ਬੇਪੱਤ ਕਰਨਾ ਹੀ ਸੀ ਤਾਂ ਉਧਰ ਹੀ ਬੇਗਾਨਿਆਂ ਹੱਥੋਂ ਕਰਵਾ ਦਿੰਦਾ ਤੇ ਉਧਰ ਹੀ ਮਰ ਮਿਟ ਜਾਂਦੀਆਂ। ਜੇ ਆ ਵੀ ਜਾਂਦੀਆਂ ਤਾਂ ਹੋਰ ਔਰਤਾਂ ਵਾਂਗ ਸਬਰ ਕਰ ਲੈਂਦੀਆਂ। ਹੁਣ ਏਧਰ ਆ ਕੇ ਆਪਣਿਆਂ ਦੇ ਹੱਥੋਂ ਬੇਪੱਤ ਹੋਣਾ ਨਹੀਓਂ ਸਹਾਰਿਆ ਜਾਂਦਾ ਵੇ ਰੱਬਾ।” ਤੇ ਫਿਰ ਉਸ ਦੀਆਂ ਭੁੱਬਾਂ ਨਿਕਲ ਗਈਆਂ।
ਮੱਲੂ ਹੁਣ ਤੀਕ ਕੁੜੀ ਦੇ ਅੱਧੇ ਪਚੱਧੇ ਕੱਪੜੇ ਨੋਚ ਚੁੱਕਾ ਸੀ। ਉਸ ਦੇ ਕੰਨ ਵਿੱਚ ਇਹ ਕੂਕ ਪਈ, “ਆਪਣਿਆਂ ਹੱਥੋਂ ਬੇਪੱਤ ਹੋਣਾ ਨਹੀਓਂ ਸਹਾਰਿਆ ਜਾਂਦਾ।”
ਉਹ ਹਮੇਸ਼ਾਂ ਗੱਲ ਸੁਣ ਕੇ ਇੱਕ ਕੰਨ ਤੋਂ ਦੂਜੇ ਕੰਨ ਥਾਣੀ ਕੱਢਣ ਦਾ ਆਦੀ ਹੋ ਗਿਆ ਸੀ, ਪਰ ਪਤਾ ਨਹੀਂ ਕਿਉਂ, ਅੱਜ ਉਸ ਦਾ ਦੂਸਰਾ ਕੰਨ ਬੰਦ ਹੋ ਗਿਆ ਸੀ ਜਾਂ ਆਵਾਜ਼ ਬਾਹਰ ਨਿਕਲਣ ਦਾ ਰਸਤਾ ਭੁੱਲ ਗਈ ਸੀ ਤੇ ਉਸ ਦੇ ਜ਼ਿਹਨ ਵਿੱਚ ਹੀ ਚੱਕਰ ਕੱਟ ਰਹੀ ਸੀ।
ਮਾਸੂਮ ਕੁੜੀ ਆਪਣੇ ਆਪ ਨੂੰ ਕਿਸੇ ਚਿੜੀ ਵਾਂਗ ਬਾਜ਼ ਦੇ ਮਜ਼ਬੂਤ ਪੰਜੇ ਵਿੱਚ ਜਕੜੀ ਮਹਿਸੂਸ ਕਰ ਰਹੀ ਸੀ, ਜੋ ਹੁਣੇ ਉਸ ਨੂੰ ਚੀਰ ਕੇ ਬੋਟੀ ਬੋਟੀ ਕਰ ਦੇਵੇਗਾ।
ਅਚਾਨਕ ਮੱਲੂ ਦੇ ਹੱਥਾਂ ਦੀ ਪਕੜ ਢਿੱਲੀ ਹੋ ਗਈ ਤੇ ਉਹ ਕੁੜੀ ਨੂੰ ਛੱਡ ਕੇ ਉੱਠ ਖਲੋਤਾ। ਸਾਹਮਣੇ ਖਲੋਤੀ ਕੁੜੀ ਦੀ ਭਰਜਾਈ ਨਾਲ ਨਜ਼ਰਾਂ ਨਾ ਮਿਲਾ ਸਕਿਆ। ਜਿਸ ਦੇ ਸਾਹਮਣੇ ਬੇ-ਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਖਲੋਤਾ ਸੀ। ਕੁੜੀ ਉੱਠ ਕੇ ਭਰਜਾਈ ਦੇ ਗਲ ਨੂੰ ਚਿੰਬੜ ਗਈ ਤੇ ਉਹ ਕਾਹਲੇ ਕਾਹਲੇ ਕਦਮਾਂ ਨਾਲ ਇੱਕ ਪਾਸੇ ਤੁਰ ਗਿਆ। ਤਲਵਾਰ ਨਣਾਨ ਭਰਜਾਈ ਦੇ ਪੈਰਾਂ ਵਿੱਚ ਪਈ ਹੋਈ ਸੀ, ਪਰ ਉਸ ਨੇ ਪਿੱਛੇ ਪਰਤ ਕੇ ਵੀ ਨਾ ਵੇਖਿਆ।
ਦੋਵੇਂ ਨਣਾਨ ਭਰਜਾਈ ਅਜੇ ਵੀ ਸਹਿਮੀਆਂ ਖਲੋਤੀਆਂ ਕਦੇ ਤਲਵਾਰ ਵੱਲ ਤੇ ਕਦੇ ਉਸ ਨੂੰ ਦੂਰ ਜਾਂਦੇ ਨੂੰ ਵੇਖ ਰਹੀਆਂ ਸਨ।
ਸੰਪਰਕ: 94167-34506, 97296-08492