ਆਪਣਾ ਦੇਸ਼, ਆਪਣੀ ਮਿੱਟੀ
ਅਜੀਤ ਸਿੰਘ ਚੰਦਨ
ਬੇਗਾਨਾ ਦੇਸ਼ ਭਾਵੇਂ ਕਿੰਨਾ ਵੀ ਖ਼ੂਬਸੂਰਤ ਹੋਵੇ, ਆਪਣੇ ਦੇਸ਼ ਜਿੰਨਾ ਪਿਆਰਾ ਨਹੀਂ ਹੋ ਸਕਦਾ। ਇਨਸਾਨ ਨੂੰ ਬੇਗਾਨੀ ਧਰਤੀ ਦੀ ਖ਼ਾਕ ਛਾਣ ਕੇ ਵੀ ਸੁਪਨੇ ਆਪਣੇ ਦੇਸ਼ ਦੇ ਹੀ ਆਉਂਦੇ ਹਨ। ਆਪਣੀ ਮਿੱਟੀ ਦਾ ਮੋਹ ਜਾਗਦਾ ਹੈ। ਆਪਣੇ ਘਰ-ਘਾਟ ਦੀ ਯਾਦ ਆਉਂਦੀ ਰਹਿੰਦੀ ਹੈ। ਇਸੇ ਲਈ ਸਿਆਣਿਆਂ ਨੇ ਕਿਹਾ ਕਿ ਭਾਵੇਂ ਕਿੰਨੇ ਵੀ ਸਾਲ ਤੁਸੀਂ ਬੇਗਾਨੇ ਦੇਸ਼ਾਂ ਦੀ ਸੈਰ ਕਰਦੇ ਰਹੋ, ਪਰ ਆਪਣੇ ਦੇਸ਼ ਨੂੰ ਨਾ ਭੁੱਲੋ। ਆਪਣੀ ਮਿੱਟੀ ਨੂੰ ਨਾ ਵਿਸਾਰੋ। ਆਪਣੀ ਧਰਤੀ, ਆਪਣੀ ਮਿੱਟੀ, ਜਿਸ ਦੀ ਖ਼ੁਸ਼ਬੂ ਤੁਹਾਡੀਆਂ ਯਾਦਾਂ ਵਿੱਚ ਸਮੋਈ ਹੁੰਦੀ ਹੈ, ਉਹ ਕਿਵੇਂ ਭੁਲਾਈ ਜਾ ਸਕਦੀ ਹੈ। ਕਈ ਵਾਰ ਤਾਂ ਬੇਗਾਨੇ ਦੇਸ਼ ਰਹਿੰਦਿਆਂ ਇੰਜ ਲੱਗਦਾ ਹੈ, ਜਿਵੇਂ ਸੁਪਨਿਆਂ ਵਿੱਚ ਜੀਅ ਰਹੇ ਹੋਈਏ। ਜ਼ਿੰਦਗੀ ਦੀ ਅਸਲੀਅਤ ਤੋਂ ਕੋਹਾਂ ਦੂਰ ਹੋਈਏ। ਆਪਣੇ ਦੇਸ਼ ਦੇ ਰੁੱਖਾਂ, ਪਿੱਪਲਾਂ, ਬੋਹੜਾਂ ਤੇ ਗਲੀਆਂ ਦੀ ਯਾਦ ਮਨ ਵਿੱਚ ਚੱਕਰ ਕੱਟਦੀ ਰਹਿੰਦੀ ਹੈ। ਆਪਣੇ ਦੇਸ਼ ਦੀਆਂ ਗਲੀਆਂ ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ, ਸਦਾ ਚੇਤੇ ਵਿੱਚ ਸਮੋਈਆਂ ਰਹਿੰਦੀਆਂ ਹਨ।
ਇਨਸਾਨ ਅਜਿਹਾ ਹੈ ਕਿ ਉਹ ਭੁੱਲ-ਭੁੱਲਈਆਂ ਵਿੱਚ ਪਿਆ ਬੇਗਾਨੇ ਦੇਸ਼ ਜਾ ਕੇ ਡੇਰੇ ਲਾਉਂਦਾ ਹੈ। ਬੇਗਾਨੇ ਦੇਸ਼ ਦੀ ਚਕਾ-ਚੌਂਧ ਤੇ ਰੋਸ਼ਨੀਆਂ ਭਰੀ ਜ਼ਿੰਦਗੀ ਵੇਖ ਕੇ ਡਾਲਰਾਂ ਦੇ ਲਾਲਚ ਵਿੱਚ ਫਸਿਆ, ਉੱਥੇ ਹੀ ਰਹੀ ਜਾਂਦਾ ਹੈ। ਪੈਸੇ ਦਾ ਮੋਹ ਤਿਆਗ ਵੀ ਨਹੀਂ ਸਕਦਾ ਤੇ ਇੰਜ ਹੀ ਸਾਰੀ ਜ਼ਿੰਦਗੀ ਬੇਗਾਨੀ ਧਰਤੀ ’ਤੇ ਗੁਆ ਦਿੰਦਾ ਹੈ। ਕਈ ਇਨਸਾਨ ਉੱਚ ਵਿੱਦਿਆ ਦੀ ਪ੍ਰਾਪਤੀ ਲਈ ਬੇਗਾਨੇ ਦੇਸ਼ ਜਾ ਵੱਸਦੇ ਹਨ ਤੇ ਕਈ ਹੋਰ ਸਿਰਫ਼ ਰੁਜ਼ਗਾਰ ਖ਼ਾਤਰ ਬਾਹਰਲੇ ਮੁਲਕਾਂ ਦੇ ਧੱਕੇ-ਧੇੜੇ ਬਰਦਾਸ਼ਤ ਕਰਦੇ ਹਨ, ਪਰ ਜੋ ਸਕੂਨ ਤੇ ਸ਼ਾਂਤੀ ਤੁਹਾਨੂੰ ਆਪਣੇ ਦੇਸ਼ ਦੀ ਧਰਤੀ ’ਤੇ ਰਹਿ ਕੇ ਪ੍ਰਾਪਤ ਹੋ ਸਕਦੀ ਹੈ, ਹੋਰ ਕਿਧਰੇ ਵੀ ਪ੍ਰਾਪਤ ਨਹੀਂ ਹੋ ਸਕਦੀ ਹੈ। ਕਈ ਇਨਸਾਨ ਤਾਂ ਕਮਾਈ ਕਰਨ ਖ਼ਾਤਰ ਬਾਹਰਲੇ ਮੁਲਕਾਂ ਵੱਲ ਮੂੰਹ ਕਰਦੇ ਹਨ ਤੇ ਫਿਰ ਕਮਾਈ ਦੇ ਲਾਲਚ ਵਿੱਚ ਸਾਰੀ ਜ਼ਿੰਦਗੀ ਉੱਥੇ ਹੀ ਗੁਜ਼ਾਰ ਦਿੰਦੇ ਹਨ। ਫਿਰ ਅਜਿਹਾ ਫਰਜ਼ੀ ਮੋਹ ਬੇਗਾਨੀ ਧਰਤੀ ਨਾਲ ਪਾ ਬੈਠਦੇ ਹਨ ਕਿ ਵਤਨ ਮੁੜਨ ਦਾ ਨਾਂ ਵੀ ਨਹੀਂ ਲੈਂਦੇ। ਉੱਥੇ ਹੀ ਵਿਆਹ ਕਰਵਾ ਕੇ ਘਰ ਵਸਾ ਲੈਂਦੇ ਹਨ ਤੇ ਆਪਣੇ ਮੁਲਕ ਨੂੰ ਉੱਕਾ ਹੀ ਭੁੱਲ-ਭੁਲਾ ਬੈਠਦੇ ਹਨ।
ਬਾਹਰਲੇ ਮੁਲਕਾਂ ਦੀ ਸਫ਼ਾਈ, ਰੁੱਖ, ਬੂਟੇ ਤੇ ਸ਼ਾਨਦਾਰ ਬਾਗ਼-ਬਗੀਚੇ ਤੇ ਸੁੰਦਰ ਘਰ ਵੇਖ ਕੇ ਮਨ ਲਲਚਾ ਜਾਂਦਾ ਹੈ। ਪੱਕੀਆਂ ਤੇ ਸਾਫ਼-ਸੁਥਰੀਆਂ ਸੜਕਾਂ, ਮਹਿੰਗੀਆਂ ਗੱਡੀਆਂ, ਖ਼ੂਬਸੂਰਤ ਘਰ ਇਹ ਸਭ ਸਾਜ਼ੋ-ਸਮਾਨ ਇਨਸਾਨ ਦੇ ਮਨ ਨੂੰ ਬੇਗਾਨੇ ਮੁਲਕ ਵਿੱਚ ਕਾਬੂ ਕਰੀ ਰੱਖਦਾ ਹੈ, ਪਰ ਇੱਕ ਸੱਚੇ ਇਨਸਾਨ ਦੇ ਮਨ ਵਿੱਚ ਇਹ ਟੀਸ ਸਦਾ ਉੱਠਦੀ ਰਹੇਗੀ। ਜੇਕਰ ਉਸ ਦੇ ਮਨ ਵਿੱਚ ਆਪਣੇ ਦੇਸ਼ ਦੀ ਕੱਚੀ ਮਿੱਟੀ ਦੀ ਖ਼ੁਸ਼ਬੂ ਤੇ ਆਪਣੀ ਮਾਂ ਦਾ ਸੱਚਾ ਪਿਆਰ ਵਸਿਆ ਹੋਇਆ ਹੋਵੇ ਤਾਂ ਉਹ ਇੱਕ ਨਾ ਇੱਕ ਦਿਨ ਜ਼ਰੂਰ ਆਪਣੇ ਦੇਸ਼ ਪਰਤੇਗਾ। ਆਪਣੀ ਮਿੱਟੀ ਦੀ ਛੂਹ ਨੂੰ ਮਸਤਕ ਨਾਲ ਛੁਹਾ ਲਵੇਗਾ। ਆਪਣੀ ਪੰਜਾਬੀ ਬੋਲੀ ਨੂੰ ਹਿਰਦੇ ਵਿੱਚ ਵਸਾ ਕੇ ਠੰਢਾ ਸਾਹ ਲਵੇਗਾ। ਆਪਣੇ ਦੇਸ਼ ਦਾ ਠੰਢਾ ਤੇ ਮਿੱਠਾ ਪਾਣੀ ਪੀ ਕੇ ਸੁੱਖ ਮਹਿਸੂਸ ਕਰੇਗਾ।
ਕੀ ਇਨਸਾਨ ਆਪਣੇ ਦੇਸ਼ ਵਿੱਚ ਕਮਾਈ ਨਹੀਂ ਕਰ ਸਕਦਾ? ਆਪਣੇ ਦੇਸ਼ ਦੀ ਮਿੱਟੀ ਵਿੱਚੋਂ ਸੋਨਾ ਪੈਦਾ ਨਹੀਂ ਕਰ ਸਕਦਾ? ਇਨਸਾਨ ਚਾਹੇ ਤਾਂ ਆਪਣੇ ਦੇਸ਼ ਰਹਿੰਦਿਆਂ ਵੀ ਸੋਨੇ ਦੀਆਂ ਕੰਧਾਂ ਉਸਾਰ ਸਕਦਾ ਹੈ, ਪਰ ਉਹ ਪੂਰੇ ਦਿਲੋਂ ਆਪਣੇ ਦੇਸ਼ ਦੀ ਮਿੱਟੀ ਨਾਲ ਰਚਦਾ-ਮਿਚਦਾ ਨਹੀਂ। ਜਿਵੇਂ ਦੂਰੋਂ ਵੇਖਿਆਂ ਬੱਦਲਾਂ ਦੀ ਕੰਨੀ, ਸੋਨੇ ਰੰਗੀ ਵਿਖਾਈ ਦਿੰਦਾ ਹੈ। ਇੰਜ ਹੀ ਬੇਗਾਨੇ ਮੁਲਕਾਂ ਦੀ ਕਮਾਈ ਉਸ ਨੂੰ ਨਿਰਾ ਸੋਨਾ ਜਾਪਦੀ ਹੈ, ਪਰ ਅਸਲੀਅਤ ਇਸ ਦੇ ਉਲਟ ਹੈ। ਕਈ ਨੌਜਵਾਨ ਬੇਗਾਨੇ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਭੱਠ ਝੌਂਕਦੇ ਹਨ। ਕਈ ਆਪਣੇ ਘਰਾਂ ਦੀਆਂ ਕਿਸ਼ਤਾਂ ਮੁਸ਼ਕਲ ਨਾਲ ਉਤਾਰਦੇ ਹਨ। ਕਈ ਗੱਡੀਆਂ, ਘਰਾਂ ਤੇ ਹੋਰਨਾਂ ਵਸਤਾਂ ਦਾ ਟੈਕਸ ਦੇ ਕੇ ਮਸਾਂ ਗੁਜ਼ਾਰਾ ਕਰਦੇ ਹਨ। ਕਈ ਇਹ ਕਿਸ਼ਤਾਂ ਉਤਾਰਦੇ ਉਤਾਰਦੇ ਬੁੱਢੇ ਹੋ ਜਾਂਦੇ ਹਨ। ਕਈ ਅੰਦਰੋਂ ਤਾਂ ਰੌਂਦੇ ਹਨ, ਪਰ ਬਾਹਰੋਂ ਹੱਸਣ ਦਾ ਯਤਨ ਕਰਦੇ ਹਨ। ਕਈ ਲੁਕ-ਲੁਕ ਕੇ ਹੰਝੂ ਕੇਰਦੇ ਹਨ। ਕਈ ਇਹ ਸੋਚਦੇ ਹਨ ਕਿ ਹੁਣ ਸਭ ਕੁੱਝ ਗੁਆ ਕੇ ਜੇ ਆਪਣੇ ਦੇਸ਼ ਪਰਤਾਂਗੇ ਤਾਂ ਉੱਥੇ ਕੀ ਕਹਾਂਗੇ? ਇੰਜ ਬੇਗਾਨੇ ਦੇਸ਼ ਰਹਿੰਦੇ ਨੌਜਵਾਨ ਅਜਿਹੀਆਂ ਚਿੰਤਾਵਾਂ ਵਿੱਚ ਡੁੱਬੇ ਰਹਿੰਦੇ ਹਨ। ਕਈ ਵਿਆਹ ਤਾਂ ਆਪਣੇ ਦੇਸ਼ ਵਿੱਚ ਹੀ ਕਰਵਾ ਜਾਂਦੇ ਹਨ, ਪਰ ਵਹੁਟੀ ਨੂੰ ਬੇਗਾਨੇ ਦੇਸ਼ ਵਿੱਚ ਬੁਲਾ ਕੇ ਵਸਾਉਣ ਦੀ ਉਨ੍ਹਾਂ ਦੀ ਤਰਜੀਹ ਨਹੀਂ ਹੁੰਦੀ। ਇਹ ਕੰਮ ਉਨ੍ਹਾਂ ਨੂੰ ਵਿੱਤ ਤੋਂ ਬਾਹਰਲਾ ਨਜ਼ਰ ਆਉਂਦਾ ਹੈ। ਕਈ ਬੇਗਾਨੇ ਮੁਲਕਾਂ ਵਿੱਚ ਰਹਿੰਦਿਆਂ ਸੁਪਨਿਆਂ ਵਿੱਚ ਹੀ ਜ਼ਿੰਦਗੀ ਗੁਜ਼ਾਰੀ ਜਾਂਦੇ ਹਨ। ਜਦਕਿ ਸੁਪਨੇ ਅਸਲੀਅਤ ਨਹੀਂ ਬਣਦੇ, ਪਰ ਜਿਸ ਇਨਸਾਨ ਨੇ ਆਪਣੇ ਦੇਸ਼ ਪੈਰ ਜਮਾਏ ਹੋਏ ਹਨ, ਉਹ ਭਾਵੇਂ ਕਿੰਨੇ ਮੁਲਕਾਂ ਦੀ ਸੈਰ ਕਰ ਆਵੇ, ਆਪਣੇ ਮੁਲਕ ਵਿੱਚ ਵੱਸਣ ਨੂੰ ਹੀ ਤਰਜੀਹ ਦੇਵੇਗਾ। ਆਪਣੇ ਮੁਲਕ ਦੀ ਮਿੱਟੀ ਤੇ ਹਵਾ ਨੂੰ ਪਿਆਰ ਕਰੇਗਾ। ਆਪਣੇ ਮੁਲਕ ਦੀ ਹਰ ਵਸਤੂ ਉਸ ਨੂੰ ਖਿੱਚ ਪਾਵੇਗੀ। ਆਪਣੇ ਦੇਸ਼ ਦੇ ਲੋਕਾਂ ਵਿੱਚ ਰਚ ਮਿਚ ਕੇ ਜੋ ਆਨੰਦ ਇੱਕ ਇਨਸਾਨ ਪ੍ਰਾਪਤ ਕਰ ਸਕਦਾ ਹੈ, ਉਹ ਉਸ ਨੂੰ ਬਾਹਰਲੇ ਮੁਲਕਾਂ ਵਿੱਚ ਨਹੀਂ ਮਿਲ ਸਕਦਾ। ਉੱਥੇ ਤਾਂ ਇੱਕ ਗੁਆਂਢੀ ਦੂਜੇ ਗੁਆਂਢੀ ਨਾਲ ਗੱਲ ਕਰਕੇ ਰਾਜ਼ੀ ਨਹੀਂ। ਹਰ ਇਨਸਾਨ ਆਪਣੇ ਹੀ ਕੰਮਾਂ-ਕਾਰਾਂ ਵਿੱਚ ਮਸਤ ਜੀਵਨ ਬਤੀਤ ਕਰਦਾ ਹੈ।
ਇਹੀ ਵਜ੍ਹਾ ਹੈ ਕਿ ਪਹਾੜਾਂ ’ਤੇ ਵੱਸਦੇ ਲੋਕ, ਗ਼ਰੀਬੀ ਹੰਢਾ ਕੇ ਵੀ ਖ਼ੁਸ਼ੀਆਂ ਵਿੱਚ ਜੀਵਨ ਬਤੀਤ ਕਰਦੇ ਹਨ। ਆਪਣੇ ਦੇਸ਼ ਲਈ ਮਰ ਮਿਟਣ ਵਾਲੇ ਸ਼ਹੀਦ, ਯੋਧੇ ਤੇ ਕਲਾਕਾਰ ਆਪਣੀ ਮਿੱਟੀ ਨੂੰ ਪੂਜਦੇ ਹਨ। ਆਪਣੇ ਮੁਲਕ ਨੂੰ ਪਿਆਰ ਕਰਦੇ ਹਨ। ਸਰਹੱਦ ’ਤੇ ਖਲੋਤੇ ਸਿਪਾਹੀ, ਦੇਸ਼ ਦੀ ਆਨ-ਸ਼ਾਨ ਖ਼ਾਤਰ ਜਾਨ ਵੀ ਦਾਅ ’ਤੇ ਲਾ ਦਿੰਦੇ ਹਨ ਕਿਉਂਕਿ ਜਿਸ ਦੇਸ਼ ਵਿੱਚ ਇਨਸਾਨ ਨੇ ਜਨਮ ਲਿਆ, ਉਸ ਦੀ ਰਾਖੀ ਕਰਨੀ ਇਨਸਾਨ ਦਾ ਪਹਿਲਾ ਫ਼ਰਜ਼ ਹੈ।
ਸੰਪਰਕ: 97818-05861