For the best experience, open
https://m.punjabitribuneonline.com
on your mobile browser.
Advertisement

ਆਧਨੀਆਂ ਖ਼ਰੀਦ ਕੇਂਦਰ ’ਚ ਰੁਲ ਰਹੇ ਨੇ ਕਣਕ ਦੇ 25 ਹਜ਼ਾਰ ਗੱਟੇ

04:52 AM May 20, 2025 IST
ਆਧਨੀਆਂ ਖ਼ਰੀਦ ਕੇਂਦਰ ’ਚ ਰੁਲ ਰਹੇ ਨੇ ਕਣਕ ਦੇ 25 ਹਜ਼ਾਰ ਗੱਟੇ
ਪਿੰਡ ਆਧਨੀਆਂ ਦੇ ਖ਼ਰੀਦ ਕੇਂਦਰ ’ਚ ਪਏ ਕਣਕ ਦੇ ਹਜ਼ਾਰਾਂ ਗੱਟੇ।
Advertisement

ਇਕਬਾਲ ਸਿੰਘ ਸ਼ਾਂਤ

Advertisement

ਲੰਬੀ, 19 ਮਈ
ਇੱਥੇ ਆਧਨੀਆਂ ਖਰੀਦ ਕੇਂਦਰ ’ਚ ਚੁਕਾਈ ਨਾ ਹੋਣ ਕਾਰਨ ਦੋ ਹਫ਼ਤੇ ਤੋਂ ਕਣਕ ਦਾ ਕਰੀਬ 25 ਹਜ਼ਾਰ ਗੱਟਾ ਰੁਲ ਰਿਹਾ ਹੈ। ਇੱਥੋਂ ਕਿਸਾਨਾਂ ਅਤੇ ਮੰਡੀ ਮਜ਼ਦੂਰਾਂ ਦਾ ਦੋਸ਼ ਹੈ ਕਿ 3 ਰੁਪਏ ਪ੍ਰਤੀ ਗੱਟਾ ਦੀ ਮੰਗ ਪੂਰੀ ਨਾ ਹੋਣ ਕਰਕੇ ਟਰੱਕਾਂ ਵਾਲਿਆਂ ਵੱਲੋਂ ਕਣਕ ਦੀ ਚੁਕਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਅਸਮਾਨ ਹੇਠ ਮੌਸਮ ਦੀ ਤਪਿਸ਼ ਅਤੇ ਸੰਭਾਵਿਤ ਮੀਂਹ ਦੇ ਝੋਰੇ ਦੀ ਮਾਰ ਹੇਠ ਹੈ। ਬੀਤੀ 29 ਅਪਰੈਲ ਨੂੰ ਖਰੀਦ ਕੇਂਦਰ ਤੋਂ 32 ਗੱਟੇ ਕਣਕ ਦੀ ਚੋਰੀ ਵੀ ਚੁੱਕੀ ਹੈ। ਚੁਕਾਈ ਨਾ ਹੋਣ ਕਾਰਨ ਅੱਗੇ ਝੋਨੇ ਦੀ ਬੀਜਾਂਦ ਪਛੜ ਰਹੀ ਹੈ। ਮੌਜੂਦਾ ਹਾਲਾਤ ਵਿੱਚ ਖਰੀਦ ਏਜੰਸੀਆਂ ਦਾ ਅਮਲਾ ਵੀ ਕਿਸਾਨਾਂ ਨੂੰ ਸੜਕੀ ਧਰਨਿਆਂ ਦੀਆਂ ਜੁਗਤਾਂ ਸੁਝਾਉਣ ਲੱਗਿਆ ਹੈ। ਮਾਹੂਆਣਾ ਖਰੀਦ ਕੇਂਦਰ ’ਤੇ ਵੀ ਕਰੀਬ 30 ਹਜ਼ਾਰ ਗੱਟਾ ਲਿਫ਼ਟਿੰਗ ਖੁਣੋਂ ਪਿਆ ਹੈ। ਸੂਬੇ ਵਿੱਚ ਕਣਕ ਦੀ ਖਰੀਦ ਨੂੰ 15 ਮਈ ਤੋਂ ਬਰੇਕਾਂ ਲੱਗ ਚੁੱਕੀਆਂ ਹਨ।
ਆਧਨੀਆਂ ਖਰੀਦ ਕੇਂਦਰ ਦੇ ਲੇਬਰ ਨੰਬਰਦਾਰ ਗੁਰਮੀਤ ਸਿੰਘ ਉਰਫ਼ ਗਿੱਦੜ, ਲੇਬਰ ਸੁਨੀਲ, ਦੀਪਕ, ਭੋਲਾ ਰਾਮ, ਕਿਸਾਨ, ਸੁਖਜੀਤ ਸਿੰਘ, ਸਤਵਿੰਦਰ ਸਿੰਘ, ਗੁਰਸ਼ਰਨ ਸਿੰਘ, ਦਵਿੰਦਰ ਸਿੰਘ ਨੇ ਕਿਹਾ ਕਿ ਸਾਇਲੋਜ਼ ’ਤੇ ਕਣਕ ਜਾਣ ਕਰਕੇ ਟਰੱਕਾਂ ਵਾਲਿਆਂ ਵੱਲੋਂ ਕਣਕ ਦੀ ਲਿਫ਼ਟਿੰਗ ਲਈ ਤਿੰਨ ਰੁਪਏ ਪ੍ਰਤੀ ਗੱਟਾ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਬੀਤੀ 16-17 ਦਿਨਾਂ ਤੋਂ ਖਰੀਦ ਕੇਂਦਰ ’ਤੇ ਲਿਫ਼ਟਿੰਗ ਬੰਦ ਪਈ ਹੈ। ਉੱਪਰੋਂ ਮੀਂਹ ਦਾ ਖਦਸ਼ਾ ਬਣਿਆ ਹੋਇਆ ਹੈ। ਗਰਮੀ ਕਰਕੇ ਕਣਕ ਵਿੱਚੋਂ ਲਗਾਤਾਰ ਨਮੀ ਘਟ ਰਹੀ ਹੈ। ਮੋਹਣਾ ਰਾਮ ਨੇ ਕਿਹਾ ਕਿ ਵੇਅਰਹਾਊਸ ਦੇ ਅਧਿਕਾਰੀ ਵੀ ਚੁਕਾਈ ਪੱਖੋਂ ਹੱਥ ਖੜ੍ਹੇ ਕਰੀ ਬੈਠੇ ਹਨ ਅਤੇ ਸੜਕ ’ਤੇ ਧਰਨਾ ਲਗਾਉਣ ਦੀ ਸਲਾਹ ਦੇ ਰਹੇ ਹਨ। ਵੇਅਰਹਾਊਸ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਕਿਹਾ ਕਿ ਟਰੱਕ ਯੂਨੀਅਨ ਮਲੋਟ ਤੋਂ ਕਣਕ ਦੀ ਚੁਕਾਈ ਲਈ ਟਰੱਕ ਨਹੀਂ ਮਿਲ ਰਹੇ।

Advertisement
Advertisement

ਸਾਰੇ ਦੋਸ਼ ਝੂਠੇ: ਪ੍ਰਧਾਨ
ਟਰੱਕ ਯੂਨੀਅਨ ਮਲੋਟ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਕਿਹਾ ਕਿ ਚੁਕਾਈ ਲਈ ਤਿੰਨ ਰੁਪਏ ਪ੍ਰਤੀ ਗੱਟਾ ਦੀ ਮੰਗ ਦੇ ਦੋਸ਼ ਬੇਬੁਨਿਆਦ ਹਨ। ਸਾਇਲੋਜ਼ (ਮਲੋਟ) ’ਤੇ ਬੇਹੱਦ ਢਿੱਲੀ ਅਤੇ ਮਨਮਰਜ਼ੀ ਦੀ ਕਣਕ ਲੁਹਾਈ ਸਮੱਸਿਆ ਦੀ ਅਸਲ ਜੜ੍ਹ ਹੈ। ਟਰੱਕਾਂ ਵਾਲਿਆਂ ਨੂੰ ਸਾਇਲੋਜ਼ ’ਤੇ 2-3 ਦਿਨ ਖੱਜਲ ਹੋਣਾ ਪੈ ਰਿਹਾ ਹੈ। ਪ੍ਰਧਾਨ ਮੁਤਾਬਕ ਮਾਰਕੀਟ ਕਮੇਟੀ ਮਲੋਟ ਅਧੀਨ ਮੰਡੀਆਂ ਵਿੱਚ 12 ਲੱਖ ਗੱਟਾ ਲਿਫ਼ਟਿੰਗ ਖੁਣੋਂ ਪਿਆ ਹੈ। ਪ੍ਰਤੀ ਗੱਟਾ ਮੰਗ ਬਾਰੇ ਸਬੂਤ ਦੇਣ ’ਤੇ ਟਰੱਕ ਵਾਲੇ ਨੂੰ ਯੂਨੀਅਨ ’ਚੋਂ ਬਰਖਾਸਤ ਕਰ ਦਿੱਤਾ ਜਾਵੇਗਾ।

Advertisement
Author Image

Jasvir Kaur

View all posts

Advertisement