ਆਟੋ ਚਾਲਕਾਂ ਵੱਲੋਂ ਮਿੰਨੀ ਬੱਸ ਚਾਲਕਾਂ ਖ਼ਿਲਾਫ਼ ਪ੍ਰਦਰਸ਼ਨ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 9 ਜੂਨ
ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਮਣੇ ਅੱਜ ਤਹਿਸੀਲ ਰੋਡ ’ਤੇ ਆਟੋ ਚਾਲਕਾਂ ਨੇ ਆਟੋ ਲਾ ਕੇ ਸੜਕ ਜਾਮ ਕਰ ਦਿੱਤੀ। ਇਸ ਦੌਰਾਨ ਥੋੜੇ ਹੀ ਸਮੇਂ ਵਿੱਚ ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਵਾਹਨ ਚਾਲਕ ਕੜਕਦੀ ਧੁੱਪ ਵਿੱਚ ਜਾਮ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ। ਆਟੋ ਚਾਲਕਾਂ ਨੇ ਦੋਸ਼ ਲਗਾਇਆ ਕਿ ਪਿੰਡਾਂ ਵਿੱਚੋਂ ਸ਼ਹਿਰ ਵੱਲ ਆਉਂਦੀਆਂ ਮਿੰਨੀ ਬੱਸਾਂ ਦੇ ਚਾਲਕ ਰਾਹ ਵਿੱਚ ਉਨ੍ਹਾਂ ਦੇ ਸਾਥੀਆਂ ਨਾਲ ਗੁੰਡਾਗਰਦੀ ਕਰਦੇ ਹਨ ਅਤੇ ਜਬਰੀ ਆਟੋ ਵਿੱਚੋਂ ਸਵਾਰੀਆਂ ਲਾਹ ਲੈਂਦੇ ਹਨ। ਆਟੋ ਚਾਲਕ ਬੂਟਾ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਵੇਰ ਸਮੇਂ ਪਿੰਡ ਡਾਂਗੀਆਂ ਤੋਂ ਸ਼ਹਿਰ ਨੂੰ ਆਉਂਦਾ ਹੈ ਤਾਂ ਜਾਣ-ਪਛਾਣ ਵਾਲੀਆਂ ਕੁਝ ਸਵਾਰੀਆਂ ਉਸ ਨਾਲ ਬੈਠ ਜਾਂਦੀਆਂ ਹਨ। ਰਾਹ ਵਿੱਚ ਮਿੰਨੀ ਬੱਸ ਵਾਲੇ ਨਾਲੇ ਉਸ ਨਾਲ ਮਾੜਾ ਵਿਵਹਾਰ ਕਰਦੇ ਹਨ ਤੇ ਸਵਾਰੀਆਂ ਵੀ ਲਹਾ ਕੇ ਲੈ ਜਾਂਦੇ ਹਨ। ਇਸੇ ਤਰ੍ਹਾਂ ਆਟੋ ਚਾਲਕ ਰਵੀ ਨੇ ਵੀ ਆਪਣੇ ਨਾਲ ਵਾਪਰੀ ਘਟਨਾ ਸਾਂਝੀ ਕੀਤੀ। ਦੇਖਦੇ ਹੀ ਦੇਖਦੇ ਜਾਮ ਬੱਸ ਸਟੈਂਡ ਚੌਕ ਤੋਂ ਝਾਂਸੀ ਰਾਣੀ ਚੌਕ ਤੱਕ ਫੈਲ ਗਿਆ। ਜਾਮ ਦੀ ਸੂਚਨਾ ਮਿਲਣ ’ਤੇ ਐੱਸਪੀ ਹੈੱਡਕੁਆਰਟਰ ਰਮਨਿੰਦਰ ਸਿੰਘ ਤੇ ਐੱਸਐੱਚਓ ਵਰਿੰਦਰਪਾਲ ਸਿੰਘ ਮੌਕੇ ’ਤੇ ਪਹੁੰਚੇ ਤੇ ਆਟੋ ਚਾਲਕਾਂ ਨੂੰ ਇਨਸਾਫ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ।
ਇਸ ਮਗਰੋਂ ਲੱਗੇ ਟਰੈਫਿਕ ਜਾਮ ਨੂੰ ਖ਼ਤਮ ਕਰਨ ਲਈ ਵੱਡੀ ਗਿਣਤੀ ਵਾਹਨ ਚਾਲਕਾਂ ਨੂੰ ਕੱਚਾ ਮਲਕ ਰੋਡ ਵੱਲ ਮੋੜਿਆ ਗਿਆ। ਆਟੋ ਚਾਲਕਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਵੱਡੇ ਪੱਧਰ ’ਤੇ ਸਘੰਰਸ਼ ਵਿੱਢਣ ਲਈ ਮਜਬੂਰ ਹੋਣਗੇ।