ਆਜ਼ਾਦੀ
ਬਾਲ ਕਹਾਣੀ
ਕੁਲਬੀਰ ਸਿੰਘ ਸੂਰੀ (ਡਾ.)
ਸੋਨੂੰ ਅੱਜ ਸਕੂਲ ਜਾਣ ਲਈ ਚਾਰ-ਪੰਜ ਮਿੰਟ ਪਹਿਲਾਂ ਤਿਆਰ ਹੋ ਗਿਆ ਸੀ। ਆਮ ਤੌਰ ’ਤੇ ਸਕੂਲ ਦੀ ਵੈਨ ਜਦੋਂ ਸੋਨੂੰ ਨੂੰ ਲੈਣ ਆਉਂਦੀ ਤਾਂ ਉਹ ਹਾਰਨ ਤੇ ਹਾਰਨ ਵਜਾਉਂਦੀ ਰਹਿੰਦੀ ਅਤੇ ਸੋਨੂੰ ਮਸਾਂ ਤਿਆਰ ਹੋ ਕੇ ਬਾਹਰ ਨਿਕਲਦਾ। ਅੱਜ ਉਸ ਨੇ ਫ਼ੈਸਲਾ ਕੀਤਾ ਸੀ ਕਿ ਉਹ ਵੈਨ ਆਉਣ ਤੋਂ ਪਹਿਲਾਂ ਹੀ ਘਰ ਦੇ ਬਾਹਰ ਗੇਟ ਕੋਲ ਖਲੋਤਾ ਹੋਏਗਾ।
ਅੱਜ ਜਦੋਂ ਉਹ ਵੈਨ ਆਉਣ ਤੋਂ ਪਹਿਲਾਂ ਤਿਆਰ ਹੋ ਗਿਆ ਤਾਂ ਉਹ ਕੋਠੀ ਦੇ ਗੇਟ ਕੋਲ ਆਪਣਾ ਬਸਤਾ ਗਲ ਵਿੱਚ ਪਾਈਂ ਟਹਿਲਣ ਲੱਗਾ। ਟਹਿਲਦਿਆਂ-ਟਹਿਲਦਿਆਂ ਉਸ ਨੂੰ ਚੂੰ-ਚੂੰ ਦੀ ਆਵਾਜ਼ ਆਈ। ਉਹ ਆਵਾਜ਼ ਦੀ ਸੇਧ ਵਿੱਚ ਤੁਰਦਾ ਆਪਣੇ ਲਾਅਨ ਦੀ ਨੁੱਕਰ ਵਿੱਚ ਪਹੁੰਚਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ। ਤੋਤੇ ਦਾ ਇੱਕ ਬੜਾ ਪਿਆਰਾ ਜਿਹਾ ਹਰੇ ਰੰਗ ਦਾ ਅਤੇ ਲਾਲ ਚੁੰਝ ਵਾਲਾ ਬੋਟ, ਵਲੈਤੀ ਘਾਹ ਉੱਪਰ ਡਿੱਗਾ ਪਿਆ ਚੂੰ-ਚੂੰ ਕਰ ਰਿਹਾ ਸੀ। ਸੋਨੂੰ ਉਸ ਨੂੰ ਵੇਖ ਕੇ ਖ਼ੁਸ਼ੀ ਨਾਲ ਨੱਚ ਉੱਠਿਆ। ਉਸ ਦਾ ਰੌਲਾ ਸੁਣ ਕੇ ਉਸ ਦੇ ਮੰਮੀ-ਪਾਪਾ ਬਾਹਰ ਲਾਅਨ ਵਿੱਚ ਦੌੜਦੇ ਆਏ। ਸੋਨੂੰ ਨੇ ਉਹ ਬੋਟ ਪਿਆਰ ਨਾਲ ਚੁੱਕ ਕੇ ਮੰਮੀ ਨੂੰ ਦਿੰਦਿਆਂ ਕਿਹਾ, ‘‘ਇਸ ਨੂੰ ਸੰਭਾਲ ਕੇ ਰੱਖੋ ਅਤੇ ਇਸ ਨੂੰ ਖਾਣਾ ਵਗੈਰਾ ਖਵਾਓ, ਮੈਂ ਸਕੂਲੋਂ ਆ ਕੇ ਤੁਹਾਡੇ ਕੋਲੋਂ ਇਸ ਨੂੰ ਲੈ ਲਵਾਂਗਾ।’’
ਐਨੀ ਦੇਰ ਵਿੱਚ ਸੋਨੂੰ ਦੀ ਵੈਨ ਆ ਗਈ ਅਤੇ ਉਹ ਸਕੂਲ ਚਲਾ ਗਿਆ। ਅੱਜ ਸੋਨੂੰ ਦਾ ਸਕੂਲ ਵਿੱਚ ਦਿਲ ਨਹੀਂ ਸੀ ਲੱਗ ਰਿਹਾ। ਉਹ ਇਹੋ ਸੋਚ ਰਿਹਾ ਸੀ ਕਿ ਕਿਸ ਵਕਤ ਛੁੱਟੀ ਹੋਵੇ ਅਤੇ ਉਹ ਘਰ ਜਾ ਕੇ ਛੋਟੇ ਜਿਹੇ, ਪਿਆਰੇ ਜਿਹੇ ਤੋਤੇ ਦਾ ਹਾਲ-ਚਾਲ ਪੁੱਛੇ। ਉਡੀਕਦਿਆਂ-ਉਡੀਕਦਿਆਂ ਅਖ਼ੀਰ ਉਹ ਵਕਤ ਆ ਗਿਆ ਜਦੋਂ ਸੋਨੂੰ ਨੂੰ ਸਕੂਲ ਤੋਂ ਛੁੱਟੀ ਹੋ ਗਈ। ਉਹ ਕਿਸੇ ਤਰ੍ਹਾਂ ਵੀ ਉੱਡ ਕੇ ਘਰ ਪਹੁੰਚਣਾ ਚਾਹੁੰਦਾ ਸੀ, ਪਰ ਉਸ ਦੇ ਸਕੂਲ ਦੀ ਵੈਨ ਅੱਜ ਬੜੀ ਹੌਲੀ-ਹੌਲੀ ਚੱਲ ਰਹੀ ਸੀ। ਉਹ ਰਸਤੇ ਵਿੱਚ ਤੋਤੇ ਦੇ ਬੱਚੇ ਦਾ ਨਾਂ ਸੋਚ ਰਿਹਾ ਸੀ ਤਾਂ ਅਚਾਨਕ ਉਸ ਦੇ ਦਿਮਾਗ਼ ਵਿੱਚ ‘ਗੰਗਾ ਰਾਮ’ ਨਾਂ ਆ ਗਿਆ। ਜਦੋਂ ਸੋਨੂੰ ਵੈਨ ’ਚੋਂ ਉਤਰਿਆ ਤਾਂ ਉਸ ਦੇ ਮੰਮੀ ਹਰ ਰੋਜ਼ ਦੀ ਤਰ੍ਹਾਂ ਗੇਟ ਕੋਲ ਖਲੋ ਕੇ ਉਸ ਦੀ ਉਡੀਕ ਕਰ ਰਹੇ ਸਨ।
ਰੋਜ਼ ਦੀ ਤਰ੍ਹਾਂ ਸੋਨੂੰ ਦੀ ਮੰਮੀ ਨੇ ਉਸ ਨੂੰ ਕੱਪੜੇ ਬਦਲ ਕੇ ਰੋਟੀ ਖਾਣ ਨੂੰ ਕਿਹਾ, ਪਰ ਅੱਜ ਸੋਨੂੰ ਨੂੰ ਭੁੱਖ-ਪਿਆਸ ਨਹੀਂ ਸੀ ਲੱਗੀ। ਉਹ ਤਾਂ ਆਪਣੇ ਛੋਟੇ ਜਿਹੇ ਗੰਗਾ ਰਾਮ ਨੂੰ ਜਲਦੀ ਤੋਂ ਜਲਦੀ ਵੇਖਣਾ ਚਾਹੁੰਦਾ ਸੀ। ਉਸ ਨੇ ਆਪਣੀ ਮੰਮੀ ਨੂੰ ਛੋਟੇ ਜਿਹੇ, ਪਿਆਰੇ ਜਿਹੇ ਆਪਣੇ ਤੋਤੇ ਦੇ ਬੱਚੇ ਬਾਰੇ ਪੁੱਛਿਆ ਤਾਂ ਉਸ ਦੀ ਮੰਮੀ ਅੰਦਰੋਂ ਜਾ ਕੇ ਇੱਕ ਸੋਹਣਾ ਜਿਹਾ ਪਿੰਜਰਾ ਲੈ ਆਏ, ਜਿਸ ਵਿੱਚ ਛੋਟਾ ਜਿਹਾ ਗੰਗਾ ਰਾਮ ਆਰਾਮ ਕਰ ਰਿਹਾ ਸੀ। ਸੋਨੂੰ ਨੂੰ ਆਪਣੀ ਮੰਮੀ ਨੂੰ ਕੁੱਝ ਵੀ ਪੁੱਛਣ ਦੀ ਲੋੜ ਨਾ ਪਈ, ਜਦੋਂ ਉਸ ਨੇ ਪਿੰਜਰੇ ਵਿੱਚ ਥੋੜ੍ਹਾ ਕੱਟਿਆ ਫ਼ਲ, ਚੂਰੀ ਅਤੇ ਪਾਣੀ ਵਾਲੀ ਕਟੋਰੀ ਵੇਖੀ। ਸੋਨੂੰ ਨੂੰ ਹੁਣ ਗੰਗਾਰਾਮ ਤੋਂ ਵੀ ਜ਼ਿਆਦਾ ਆਪਣੀ ਮੰਮੀ ਨਾਲ ਲਾਡ ਆ ਰਿਹਾ ਸੀ।
ਘਰ ਵਿੱਚ ਗੰਗਾ ਰਾਮ ਹੁਣ ਸਾਰਿਆਂ ਦੀ ਦਿਲਚਸਪੀ ਦਾ ਕੇਂਦਰ ਬਣ ਗਿਆ ਸੀ। ਘਰ ਦੇ ਸਾਰੇ ਜੀਅ ਵਾਰੋ-ਵਾਰੀ ਗੰਗਾ ਰਾਮ ਨੂੰ ਉਸ ਦਾ ਹਾਲ-ਚਾਲ ਪੁੱਛਦੇ, ਉਸ ਨਾਲ ਗੱਲਾਂ ਕਰਦੇ। ‘‘ਗੰਗਾ ਰਾਮਾ ਚੂਰੀ ਖਾਣੀ ਊ।’’ ਉਹ ਅੱਗੋਂ ਜਵਾਬ ਵਿੱਚ ਸਿਰ ਹਿਲਾ ਦਿੰਦਾ। ਇਸੇ ਤਰ੍ਹਾਂ ਤੋਤੇ ਦੇ ਬੱਚੇ ਨਾਲ ਖੇਡਦਿਆਂ ਇੱਕ ਸਾਲ ਲੰਘ ਗਿਆ। ਤੋਤੇ ਦਾ ਛੋਟਾ ਜਿਹਾ ਬੋਟ ਹੁਣ ਜਵਾਨ ਹੋ ਗਿਆ ਸੀ। ਹੁਣ ਉਸ ਨੇ ਕੁੱਝ ਗੱਲਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਸੋਨੂੰ ਅਤੇ ਉਸ ਦੇ ਮੰਮੀ-ਪਾਪਾ ਉਸ ਦਾ ਬਹੁਤ ਖ਼ਿਆਲ ਰੱਖਦੇ। ਉਹ ਹੁਣ ਉਸ ਪਰਿਵਾਰ ਦਾ ਇੱਕ ਮੈਂਬਰ ਸੀ। ਐਨੀ ਸੇਵਾ ਅਤੇ ਪਿਆਰ ਲੈਣ ਦੇ ਬਾਵਜੂਦ ਗੰਗਾਰਾਮ ਜਦੋਂ ਦੂਸਰੇ ਪੰਛੀਆਂ ਨੂੰ ਅਸਮਾਨ ਵਿੱਚ ਉਡਾਰੀਆਂ ਲਾਉਂਦਿਆਂ ਵੇਖਦਾ ਤਾਂ ਆਪਣਾ ਪਿੰਜਰਾ ਬੰਦ ਵੇਖ ਕੇ ਉਦਾਸ ਹੋ ਜਾਂਦਾ।
ਇੱਕ ਐਤਵਾਰ ਵਾਲੇ ਦਿਨ ਉਸ ਦਾ ਪਿੰਜਰਾ ਬਾਹਰ ਬਰਾਂਡੇ ਵਿੱਚ ਰੱਖ ਦਿੱਤਾ, ਜਿਸ ਦੇ ਅੱਗੇ ਲਾਅਨ ਸੀ। ਲਾਅਨ ਦੇ ਇੱਕ ਦਰੱਖਤ ਉੱਪਰ ਅਚਾਨਕ ਚਾਰ-ਪੰਜ ਤੋਤੇ ਇਕੱਠੇ ਆ ਕੇ ਬੈਠ ਗਏ। ਉਨ੍ਹਾਂ ਨੂੰ ਵੇਖ ਕੇ ਗੰਗਾ ਰਾਮ ਤਰਲੋ ਮੱਛੀ ਹੋਣ ਲੱਗਾ। ਉਹ ਪਿੰਜਰੇ ਨੂੰ ਇਸ ਤਰ੍ਹਾਂ ਚੁੰਝਾਂ ਮਾਰਨ ਲੱਗਾ ਜਿਵੇਂ ਉਹ ਪਿੰਜਰਾ ਤੋੜ ਕੇ ਆਪਣੇ ਸਾਥੀਆਂ ਕੋਲ ਦੌੜ ਕੇ ਪਹੁੰਚ ਜਾਣਾ ਚਾਹੁੰਦਾ ਹੋਵੇ, ਪਰ ਉਹ ਬੇਵੱਸ ਸੀ। ਸੋਨੂੰ ਦੇ ਪਾਪਾ ਬਰਾਂਡੇ ਵਿੱਚ ਬੈਠੇ ਇਹ ਸਾਰਾ ਕੁੱਝ ਵੇਖ ਰਹੇ ਸਨ। ਉਨ੍ਹਾਂ ਦੇ ਮਨ ਵਿੱਚ ਇਕਦਮ ਇਹ ਸੋਚ ਆ ਗਈ ਕਿ ਗੰਗਾਰਾਮ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਉਸ ਨੂੰ ਇਸ ਤਰ੍ਹਾਂ ਪਿੰਜਰੇ ਵਿੱਚ ਕੈਦ ਕਰਕੇ ਰੱਖਣ ਦਾ ਸਾਨੂੰ ਕੋਈ ਅਧਿਕਾਰ ਨਹੀਂ। ਇਹ ਵਿਚਾਰ ਆਉਂਦਿਆਂ ਹੀ ਉਨ੍ਹਾਂ ਨੇ ਸੋਨੂੰ ਅਤੇ ਉਸ ਦੀ ਮੰਮੀ ਨੂੰ ਆਵਾਜ਼ ਦਿੱਤੀ। ਉਨ੍ਹਾਂ ਨੂੰ ਗੰਗਾ ਰਾਮ ਦੀ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਉਹ ਦੂਸਰੇ ਤੋਤਿਆਂ ਨੂੰ ਵੇਖ ਕੇ ਪਿੰਜਰਾ ਤੋੜ ਕੇ ਉੱਡ ਜਾਣਾ ਚਾਹੁੰਦਾ ਸੀ।
ਸੋਨੂੰ ਦੀ ਮੰਮੀ ਤਾਂ ਸੋਨੂੰ ਦੇ ਪਾਪਾ ਦੀ ਗੱਲ ਨਾਲ ਸਹਿਮਤ ਹੋ ਗਈ, ਪਰ ਸੋਨੂੰ ਇਹ ਗੱਲ ਕਿਸੇ ਤਰ੍ਹਾਂ ਵੀ ਨਹੀਂ ਸੀ ਮੰਨ ਰਿਹਾ ਕਿ ਗੰਗਾ ਰਾਮ ਨੂੰ ਪਿੰਜਰੇ ਵਿੱਚੋਂ ਕੱਢ ਕੇ ਖੁੱਲ੍ਹੇ ਆਕਾਸ਼ ਵਿੱਚ ਛੱਡ ਦਿੱਤਾ ਜਾਏ। ਉਹ ਪਾਪਾ ਨੂੰ ਕਹਿਣ ਲੱਗਾ, ‘‘ਅਸੀਂ ਇਸ ਦਾ ਐਨਾ ਧਿਆਨ ਰੱਖਦੇ ਹਾਂ। ਚੰਗੇ ਤੋਂ ਚੰਗਾ ਖਾਣਾ ਦਿੰਦੇ ਹਾਂ, ਫਿਰ ਇਸ ਨੂੰ ਕੀ ਤਕਲੀਫ਼ ਹੈ?’’ ‘‘ਵੇਖ ਬੇਟਾ, ਜੇ ਅਸੀਂ ਤੈਨੂੰ ਇੱਕ ਕਮਰੇ ਵਿੱਚ ਬੰਦ ਕਰ ਦੇਈਏ ਅਤੇ ਖਾਣ-ਪੀਣ ਨੂੰ ਵਧੀਆ ਤੋਂ ਵਧੀਆ ਚੀਜ਼ਾਂ ਦੇਈ ਜਾਈਏ ਤਾਂ ਕੀ ਤੂੰ ਖ਼ੁਸ਼ ਰਹਿ ਸਕੇਂਗਾ?’’ ਪਾਪਾ ਨੇ ਸੋਨੂੰ ਨੂੰ ਪੁੱਛਿਆ। ‘‘ਇਹ ਤਾਂ ਬੜਾ ਮੁਸ਼ਕਲ ਕੰਮ ਹੈ।’’ ਸੋਨੂੰ ਨੇ ਜਵਾਬ ਦਿੱਤਾ।
‘‘ਬਸ, ਇਹੋ ਗੱਲ ਮੈਂ ਕਹਿ ਰਿਹਾ ਹਾਂ ਕਿ ਪਿੰਜਰੇ ਵਿੱਚ ਹਰ ਵਕਤ ਬੰਦ ਰਹਿਣਾ ਬੜਾ ਔਖਾ ਕੰਮ ਹੈ। ਗੱਲ ਚੰਗਾ ਖਾਣ-ਪੀਣ ਦੀ ਨਹੀਂ ਹੁੰਦੀ, ਅਸਲ ਗੱਲ ਆਜ਼ਾਦੀ ਦੀ ਹੁੰਦੀ ਹੈ। ਸਾਡੇ ਲੋਕਾਂ ਨੇ ਵੀ ਆਪਣਾ ਮੁਲਕ ਆਜ਼ਾਦ ਕਰਾਉਣ ਲਈ ਐਨੀਆਂ ਕੁਰਬਾਨੀਆਂ ਕੀਤੀਆਂ। ਅਸੀਂ ਤਾਂ ਹੀ ਅੱਜ ਆਜ਼ਾਦੀ ਮਾਣ ਰਹੇ ਹਾਂ। ਸੋ ਬੇਟਾ ਆਜ਼ਾਦੀ ਤੋਂ ਉੱਪਰ ਕੋਈ ਚੀਜ਼ ਨਹੀਂ ।’’ ਸੋਨੂੰ ਦੇ ਪਾਪਾ ਨੇ ਉਸ ਨੂੰ ਦਲੀਲ ਨਾਲ ਗੱਲ ਸਮਝਾਈ। ਹੁਣ ਸੋਨੂੰ ਨੂੰ ਪਾਪਾ ਦੀ ਗੱਲ ਸਮਝ ਆ ਰਹੀ ਸੀ। ਉਹ ਦੋ ਕੁ ਮਿੰਟ ਚੁੱਪ-ਚਾਪ ਬੈਠਾ ਸੋਚਦਾ ਰਿਹਾ ਅਤੇ ਫਿਰ ਦੌੜ ਕੇ ਉਸ ਨੇ ਪਿੰਜਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ। ਗੰਗਾ ਰਾਮ ਵੀ ਕੁੱਝ ਦੇਰ ਲਈ ਸਾਰਿਆਂ ਵੱਲ ਵਾਰੋ-ਵਾਰੀ ਤੱਕਿਆ, ਫਿਰ ਉਹ ਹੌਲੀ-ਹੌਲੀ ਬਾਹਰ ਨਿਕਲਿਆ ਅਤੇ ਆਪਣੇ ਖੰਭ ਫੜਫੜਾਉਂਦਾ ਹੋਇਆ ਸੋਨੂੰ ਦੇ ਮੋਢੇ ਉੱਪਰ ਬੈਠ ਗਿਆ। ਸੋਨੂੰ ਨੇ ਉਸ ਨੂੰ ਪਿਆਰ ਕੀਤਾ। ਹੁਣ ਉਹ ਉੱਡ ਕੇ ਉਸ ਦਰੱਖਤ ਉੱਪਰ ਚਲਾ ਗਿਆ, ਜਿੱਥੇ ਦੂਸਰੇ ਤੋਤੇ ਬੈਠੇ ਗੱਪਾਂ ਮਾਰ ਰਹੇ ਸਨ।
ਸੰਪਰਕ: 98889-24664