ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਨ ਲਈ 2028 ਤੋਂ ਹੋਰ ਭਾਰਤੀਆਂ ਨੂੰ ਮਿਲੇਗੀ ਰੋਡਸ ਸਕਾਲਰਸ਼ਿਪ
ਨਵੀਂ ਦਿੱਲੀ: ਆਕਸਫੋਰਡ ਯੂਨੀਵਰਸਿਟੀ ਵਿੱਚ ਅਧਿਐਨ ਲਈ ਵਜ਼ੀਫੇ ਪ੍ਰਦਾਨ ਕਰਨ ਵਾਲੇ ਰੋਡਸ ਸਕਾਲਰਸ਼ਿਪ ਟਰੱਸਟ ਨੇ 2028 ਤੋਂ ਭਾਰਤੀਆਂ ਲਈ ਵਜ਼ੀਫਿਆਂ ਦੀ ਗਿਣਤੀ ਨੂੰ ਦੇਸ਼ ਦੀ ਆਬਾਦੀ ਮੁਤਾਬਕ ਵਧਾਉਣ ਦੀ ਯੋਜਨਾ ਬਣਾਈ ਹੈ। ਇਹ ਜਾਣਕਾਰੀ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਰ ਰਿਚਰਡ ਟਰੇਨਰ ਨੇ ਦਿੱਤੀ। ਅਗਲੇ ਸਾਲ ਤੋਂ ਸ਼ੁਰੂ ਹੋ ਰਹੇ ਵਿਦਿਅਕ ਵਰ੍ਹੇ ਲਈ ਅਰਜ਼ੀਆਂ ਦੇ ਐਲਾਨ ਤੋਂ ਪਹਿਲਾਂ, ਭਾਰਤ ਆਏ ਟਰੇਨਰ ਨੇ ਪੀਟੀਆਈ ਨੂੰ ਦਿੱਤੀ ਇਕ ਇੰਟਰਵਿਊ ਵਿੱਚ ਦੱਸਿਆ ਕਿ ਮੌਜੂਦਾ ਸਮੇਂ ਭਾਰਤੀ ਬਿਨੈਕਾਰਾਂ ਨੂੰ ਸਾਲਾਨਾ ਛੇ ਵਜ਼ੀਫੇ ਪ੍ਰਦਾਨ ਕੀਤੇ ਜਾਂਦੇ ਹਨ। ਟਰੇਨ ਨੇ ਕਿਹਾ, ‘‘ਹੁਣ ਤਰਜੀਹ ਉਨ੍ਹਾਂ ਥਾਵਾਂ ਲਈ ਕੁਝ ਵਾਧੂ ਵਜ਼ੀਫੇ ਪ੍ਰਦਾਨ ਕਰਨ ਦੀ ਹੈ, ਜਿੱਥੇ ਆਬਾਦੀ ਦੇ ਅਨੁਪਾਤ ਵਿੱਚ ਵਿਦਵਾਨਾਂ ਦੀ ਗਿਣਤੀ ਵੱਧ ਹੋ ਸਕਦੀ ਹੈ ਅਤੇ ਭਾਰਤ ਉਨ੍ਹਾਂ ਦੇਸ਼ਾਂ ’ਚੋਂ ਇਕ ਹੈ। ਇਸ ਵਾਸਤੇ, ਸਾਡੇ ਕੋਲ ਭਾਰਤ ਲਈ ਹਰੇਕ ਸਾਲ ਛੇ ਵਜ਼ੀਫੇ ਹਨ ਜੋ ਚੰਗੀ ਗੱਲ ਹੈ, ਪਰ ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਦੇਸ਼ ਵਿੱਚ ਡੇਢ ਅਰਬ ਲੋਕ ਹਨ, ਇਸ ਵਾਸਤੇ ਵਧੇਰੇ ਵਜ਼ੀਫੇ ਹੋਣੇ ਚਾਹੀਦੇ ਹਨ।’’ -ਪੀਟੀਆਈ