ਆਓ, ਧਰਤੀ ਪ੍ਰਤੀ ਸੰਵੇਦਨਸ਼ੀਲ ਹੋਈਏ
ਅਮਨਦੀਪ ਸਿੰਘ
ਬਾਈ ਅਪਰੈਲ ਨੂੰ ‘ਧਰਤੀ ਦਿਵਸ’ ਅੱਧੀ ਸਦੀ ਤੋਂ ਵੀ ਵੱਡਾ, 55 ਵਰ੍ਹਿਆਂ ਦਾ ਹੋ ਗਿਆ ਹੈ। ਇਹ 1970 ਵਿੱਚ ਸ਼ੁਰੂ ਹੋਇਆ ਸੀ, ਜਦੋਂ ਇਸ ਦਿਨ ਦੋ ਕਰੋੜ ਅਮਰੀਕਾ ਵਾਸੀਆਂ ਨੇ ਪ੍ਰਦੂਸ਼ਣ ਦੇ ਖ਼ਿਲਾਫ਼ ਮਾਰਚ ਕੀਤਾ ਸੀ ਅਤੇ ਆਧੁਨਿਕ ਵਾਤਾਵਰਨ ਅੰਦੋਲਨ ਦੀ ਸ਼ੁਰੂਆਤ ਹੋਈ ਸੀ। 150 ਸਾਲ ਦੇ ਉਦਯੋਗਿਕ ਵਿਕਾਸ ਦੇ ਮਨੁੱਖੀ ਸਿਹਤ ਉੱਤੇ ਪੈਂਦੇ ਮਾਰੂ ਪ੍ਰਭਾਵਾਂ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਜਾਗਰੂਕਤਾ ਫੈਲਾਉਣ ਲਈ ਦੋ ਕਰੋੜ ਤੋਂ ਵੀ ਵੱਧ ਅਮਰੀਕਨ ਸੜਕਾਂ, ਪਾਰਕਾਂ ਤੇ ਜਲਸਾ-ਘਰਾਂ ਵਿੱਚ ਇਕੱਤਰ ਹੋਏ ਸਨ। ਅੱਜ ‘ਧਰਤੀ ਦਿਵਸ’ ਸੰਸਾਰ ਭਰ ਵਿੱਚ ਇੱਕ ਅਰਬ ਤੋਂ ਵੀ ਵੱਧ ਲੋਕ ਮਨਾਉਂਦੇ ਹਨ। ਇਹ ਆਪਣੀ ਧਰਤੀ ਦੇ ਵਾਤਾਵਰਨ ਨੂੰ ਸੁਰੱਖਿਅਤ ਕਰਨ ਦਾ ਇੱਕ ਉਪਰਾਲਾ ਹੈ। ਇਸ ਸਾਲ ਦਾ ਪ੍ਰਸੰਗ ਸਾਡੀ ਸ਼ਕਤੀ, ਸਾਡਾ ਗ੍ਰਹਿ ਹੈ ਜੋ ਸਾਰਿਆਂ ਨੂੰ ਨਵਿਆਉਣਯੋਗ ਊਰਜਾ ਪ੍ਰਤੀ ਇੱਕਜੁੱਟ ਹੋਣ ਦਾ ਸੱਦਾ ਦਿੰਦਾ ਹੈ ਤਾਂ ਜੋ ਅਸੀਂ 2030 ਤੱਕ ਸਾਫ਼-ਸੁਥਰੀ ਬਿਜਲੀ ਨੂੰ ਤਿੰਨ ਗੁਣਾ ਕਰ ਸਕੀਏ।
ਇਸ ਦਿਨ ਵਾਤਾਵਰਨ ਨਾਲ ਸਬੰਧਿਤ ਸੰਸਥਾਵਾਂ, ਧਰਤੀ ਨੂੰ ਅਤੇ ਇਸ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਜਗ੍ਹਾ ਜਗ੍ਹਾ ਪੌਦੇ ਤੇ ਫੁੱਲ-ਬੂਟੇ ਲਗਾਏ ਜਾਂਦੇ ਹਨ। ਇਹ ਦਿਨ ਲੋਕਾਂ ਨੂੰ ਧਰਤੀ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਲੋਕਾਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ ਦਾ ਵੀ ਮੌਕਾ ਹੈ ਤਾਂ ਕਿ ਅਸੀਂ ਆਪਣੇ ਗ੍ਰਹਿ ਨੂੰ ਆਪਣੇ ਬੱਚਿਆਂ ਦੇ ਰਹਿਣ ਦੇ ਅਨੁਕੂਲ ਰੱਖ ਸਕੀਏ।
ਅਸਲ ਵਿੱਚ ਸਾਨੂੰ ਸਭ ਨੂੰ ਹਰ ਰੋਜ਼ ਹੀ ਧਰਤੀ ਦਿਵਸ ਮਨਾਉਣਾ ਚਾਹੀਦਾ ਹੈ। ਟਿਕਾਊ ਜੀਵਨ ਜਾਚ ਅਪਣਾਉਣੀ ਚਾਹੀਦੀ ਹੈ ਤਾਂ ਜੋ ਸਾਡੇ ਕਾਰਬਨ ਪਦ-ਚਿੰਨ੍ਹ ਘੱਟ ਹੋ ਸਕਣ ਭਾਵ ਕਾਰਬਨ ਨਿਕਾਸ, ਕੁਦਰਤੀ ਸਰੋਤਾਂ ਦੀ ਕਮੀ, ਪਾਣੀ ਅਤੇ ਰਸਾਇਣਾਂ ਦੀ ਵਰਤੋਂ ਅਤੇ ਕੂੜੇ-ਕਰਕਟ ਦੇ ਇਕੱਠਾ ਹੋਣ ਵਿੱਚ ਆਪਣੇ ਨਿੱਜੀ ਯੋਗਦਾਨ ਨੂੰ ਘਟਾਉਣ ਲਈ ਅਸੀਂ ਜਿੰਨਾ ਕੁ ਵੀ ਯੋਗਦਾਨ ਪਾ ਸਕਦੇ ਹਾਂ, ਉਹ ਜ਼ਰੂਰ ਪਾਉਣਾ ਚਾਹੀਦਾ ਹੈ ਤਾਂ ਜੋ ਧਰਤੀ ਨੂੰ ਸਭ ਜੀਵਾਂ ਦੇ ਰਹਿਣ ਲਈ ਬਿਹਤਰ ਬਣਾਇਆ ਜਾ ਸਕੇ। ਜੇ ਅਸੀਂ ਕੁੱਝ ਕੁ ਨੁਕਤਿਆਂ ਨੂੰ ਵਰਤੀਏ ਅਤੇ ਆਪਣੀ ਰੋਜ਼ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲਈਏ ਤਾਂ ਅਸੀਂ ਇੱਕ ਵੱਖਰਾ ਤੇ ਭਲੇ ਦਾ ਕੰਮ ਕਰ ਸਕਦੇ ਹਾਂ।
ਸਾਨੂੰ ਕੂੜਾ-ਕਰਕਟ ਜਿੰਨਾ ਹੋ ਸਕੇ ਘੱਟ ਪੈਦਾ ਕਰਨਾ ਚਾਹੀਦਾ ਹੈ। ਜੇ ਹੋ ਸਕੇ ਤਾਂ ਸਾਨੂੰ ਹਰ ਇੱਕ ਚੀਜ਼ ਨੂੰ ਮੁੜ ਵਰਤਣਾ (Reuse) ਚਾਹੀਦਾ ਹੈ। ਕਾਗਜ਼, ਪਲਾਸਟਿਕ, ਲੋਹਾ, ਸਟੀਲ ਆਦਿ ਨੂੰ ਦੁਬਾਰਾ ਕੁੱਝ ਹੋਰ ਤਿਆਰ ਕਰਨ (ਰੀਸਾਈਕਲ) ਵਾਸਤੇ ਜ਼ਰੂਰ ਦੇਣਾ ਚਾਹੀਦਾ ਹੈ। ਜੇ ਇੱਕ ਟਨ ਪੇਪਰ ਮੁੜ ਵਰਤਿਆ ਜਾਵੇ ਤਾਂ ਲਗਭਗ 22 ਦਰੱਖਤ ਬਚ ਸਕਦੇ ਹਨ। ਇਸ ਤੋਂ ਇਲਾਵਾ ਇਸ ਨਾਲ 71% ਬਿਜਲੀ ਦੀ ਬੱਚਤ ਵੀ ਹੁੰਦੀ ਹੈ ਅਤੇ ਹਵਾ ਵੀ 74% ਘੱਟ ਪ੍ਰਦੂਸ਼ਿਤ ਹੁੰਦੀ ਹੈ ਜੋ ਕਿ ਨਵਾਂ ਕਾਗਜ਼ ਤਿਆਰ ਕਰਨ ਵਿੱਚ ਲੱਗਦੀ ਹੈ।
ਜਦੋਂ ਵੀ ਅਸੀਂ ਦੁਕਾਨ ਤੋਂ ਕੋਈ ਸਾਮਾਨ ਖ਼ਰੀਦਣ ਜਾਈਏ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਸਾਮਾਨ ਨਾ ਪਾ ਕੇ ਕਾਗਜ਼ ਦੇ ਲਿਫ਼ਾਫ਼ੇ ਜਾਂ ਕੱਪੜੇ ਦਾ ਥੈਲਾ ਵਰਤੀਏ ਜਿਵੇਂ ਕਿ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ। ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਧਰਤੀ ਵਿੱਚ ਮਿਲਣ (ਗਲਣ) ਲਈ 1000 ਸਾਲ ਤੀਕ ਲੱਗ ਜਾਂਦੇ ਹਨ ਅਤੇ ਕੱਚ ਨੂੰ 5000 ਸਾਲ।
ਸਾਨੂੰ ਉਹ ਚੀਜ਼ਾਂ ਜਾਂ ਵਸਤਾਂ ਖ਼ਰੀਦਣੀਆਂ ਚਾਹੀਦੀਆਂ ਹਨ ਜਿਹੜੀਆਂ ਦੁਬਾਰਾ ਵਰਤੇ (Recycled) ਸਾਮਾਨ ਤੋਂ ਬਣੀਆਂ ਹੋਣ, ਜਿਨ੍ਹਾਂ ਦੀ ਪੈਕਿੰਗ ਘੱਟੋ-ਘੱਟ ਹੋਵੇ ਤਾਂ ਕਿ ਸਾਨੂੰ ਘੱਟ ਕੂੜਾ ਸੁੱਟਣਾ ਪਏ। ਖ਼ਾਸ ਤੌਰ ’ਤੇ ਪਲਾਸਟਿਕ ਦੀ ਬਣੀ ਪੈਕਿੰਗ ਬੰਦ ਹੋਣੀ ਚਾਹੀਦੀ ਹੈ ਜਾਂ ਇਹੋ ਜਿਹੀ ਪੈਕਿੰਗ ਆਉਣੀ ਚਾਹੀਦੀ ਹੈ, ਜਿਹੜੀ ਆਪਣੇ-ਆਪ ਮਿੱਟੀ ਵਿੱਚ ਮਿਲ ਜਾਵੇ (Biodegradable)।
ਖਿਡੌਣਿਆਂ ਜਾਂ ਹੋਰ ਇਲੈੱਕਟ੍ਰੌਨਿਕਸ ਵਿੱਚ ਇਹੋ ਜਿਹੇ ਸੈੱਲ (ਬੈਟਰੀ) ਵਰਤਣੇ ਚਾਹੀਦੇ ਹਨ, ਜਿਹੜੇ ਮੁੜ ਚਾਰਜ ਹੋ ਜਾਣ, ਪਰ ਜੇ ਆਮ ਸੈੱਲ ਵਰਤੀਏ ਤਾਂ ਉਨ੍ਹਾਂ ਨੂੰ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਕਈਆਂ ਵਿੱਚ ਪਾਰਾ (Mercury) ਹੁੰਦਾ ਹੈ, ਜਿਹੜਾ ਕਿ ਸਾਡੀ ਸਿਹਤ ਲਈ ਹਾਨੀਕਾਰਕ ਹੈ, ਪਰ ਸਾਡੇ ਦੇਸ਼ ਵਿੱਚ ਅਜੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਠਿਕਾਣੇ ਲਗਾਉਣ ਦਾ ਕੋਈ ਵਸੀਲਾ ਨਹੀਂ ਹੈ। ਇਸ ਪਾਸੇ ਵੱਲ ਸਰਕਾਰ ਤੇ ਸ਼ਹਿਰ ਦੀਆਂ ਨਗਰਪਾਲਿਕਾਵਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ।
ਬਿਜਲੀ ਬਚਾਉਣ ਲਈ ਸੀ.ਐੱਫ.ਐੱਲ. ਬਲਬ (Compact Fluorescent Light Bulb) ਜ਼ਰੂਰ ਵਰਤੋ, ਪਰ ਉਨ੍ਹਾਂ ਵਿੱਚ ਵੀ ਪਾਰਾ (Mercury) ਹੁੰਦਾ ਹੈ। ਜੇ ਬਲਬ ਖ਼ਰਾਬ ਹੋ ਜਾਵੇ ਜਾਂ ਟੁੱਟ ਜਾਵੇ ਤਾਂ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ। ਇਨ੍ਹਾਂ ਦੇ ਪੈਕੇਟ ਉੱਪਰ ਇਸ ਨੂੰ ਸੁੱਟਣ ਬਾਰੇ ਆਮ ਤੌਰ ’ਤੇ ਕੋਈ ਜਾਣਕਾਰੀ ਨਹੀਂ ਹੁੰਦੀ। ਕਈ ਕੰਪਨੀਆਂ ਨੇ ਇਨ੍ਹਾਂ ਨੂੰ ਵਾਪਸ ਲੈਣ ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਸਾਨੂੰ ਇਨ੍ਹਾਂ ਬਲਬਾਂ ਨੂੰ ਕੰਪਨੀ ਕੋਲ ਵਾਪਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਫਿਰ ਆਪਣੇ ਸ਼ਹਿਰ ਦੀ ਨਗਰਪਾਲਿਕਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਪਾਸੇ ਵੱਲ ਵੀ ਸਰਕਾਰ ਤੇ ਸ਼ਹਿਰ ਦੀਆਂ ਨਗਰਪਾਲਿਕਾਵਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ।
ਖ਼ਰਾਬ ਹੋ ਚੁੱਕੀਆਂ ਇਲੈੱਕਟ੍ਰੌਨਿਕਸ ਵਸਤਾਂ (e-waste) ਜਿਵੇਂ ਮੋਬਾਈਲ ਫੋਨ, ਕੰਪਿਊਟਰ, ਟੈਲੀਵਿਜ਼ਨ ਤੇ ਹੋਰ ਇਲੈੱਕਟ੍ਰੌਨਿਕ ਉਪਕਰਨਾਂ ਨੂੰ ਨਿਸ਼ਚਿਤ ਹੀ ਰੀਸਾਈਕਲ ਵਾਸਤੇ ਕੰਪਨੀਆਂ ਨੂੰ ਵਾਪਸ ਦੇਣਾ ਚਾਹੀਦਾ ਹੈ। ਇਨ੍ਹਾਂ ਨੂੰ ਬਿਲਕੁਲ ਹੀ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ। ਸਰਕਾਰ ਨੂੰ ਇਨ੍ਹਾਂ ਨੂੰ ਕੂੜੇ ਵਿੱਚ ਸੁੱਟਣ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਕਈ ਚੰਗੀਆਂ ਕੰਪਨੀਆਂ ਨੇ ਇਸ ਤਰ੍ਹਾਂ ਦੇ ਵਾਪਸ ਲੈਣ ਦੇ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਹਨ।
ਪੇਪਰ ਪਲੇਟਾਂ, ਗਲਾਸ ਅਤੇ ਹੋਰ (disposable) ਸਾਮਾਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਖ਼ਾਸ ਤੌਰ ’ਤੇ ਇੱਕ ਵਾਰੀ ਵਰਤਣ ਵਾਲੇ ਪਲਾਸਟਿਕ ਦੀਆਂ ਕੱਪ-ਪਲੇਟਾਂ ਤੇ ਹੋਰ ਚੀਜ਼ਾਂ। ਵੈਸੇ ਤਾਂ ਇਨ੍ਹਾਂ ਦੀ ਵਰਤੋਂ ਆਪਣੇ ਦੇਸ਼ ਵਿੱਚ ਬਾਹਰਲੇ ਮੁਲਕਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਕਿੰਨਾ ਚੰਗਾ ਵਕਤ ਸੀ ਜਦੋਂ ਪੱਤਿਆਂ ਦੇ ਥਾਲ ਤੇ ਡੂਨੇ ਵਰਤੇ ਜਾਂਦੇ ਸਨ ਅਤੇ ਚਾਹ ਪਾਣੀ ਪੀਣ ਲਈ ਮਿੱਟੀ ਦੇ ਗਲਾਸ ਹੁੰਦੇ ਸਨ। ਜੇ ਉਹ ਦੌਰ ਦੁਬਾਰਾ ਤੋਂ ਸ਼ੁਰੂ ਹੋ ਜਾਵੇ ਤਾਂ ਇਹ ਵਾਤਾਵਰਨ ਲਈ ਬਹੁਤ ਵਧੀਆ ਉਪਰਾਲਾ ਹੋਵੇਗਾ।
ਧਰਤੀ ਦੀ ਉਮਰ 4.6 ਅਰਬ ਸਾਲ ਹੈ ਤੇ ਇਸ ਉੱਤੇ ਮਨੁੱਖਾਂ ਦੀ ਜਨਸੰਖਿਆ 8 ਅਰਬ ਤੋਂ ਵੀ ਵੱਧ ਹੈ। ਅਸੀਂ ਸਾਰੇ ਹੱਦਾਂ-ਬੰਨੇ ਤੋੜ ਰਹੇ ਹਾਂ ਤੇ ਧਰਤੀ ਦੇ ਵਿਤ ਜਾਂ ਗੁੰਜਾਇਸ਼ ਨੂੰ ਪਰਖ ਰਹੇ ਹਾਂ। ਜਗ੍ਹਾ ਜਗ੍ਹਾ ਕੂੜਾ-ਕਰਕਟ, ਪਲਾਸਟਿਕ ਤੇ ਕੱਚ ਆਦਿ ਖਿਲਾਰ ਰਹੇ ਹਾਂ, ਦਰਿਆਵਾਂ ਤੇ ਸਾਗਰਾਂ ਨੂੰ ਗੰਧਲਾ ਕਰ ਰਹੇ ਹਾਂ। ਜੇ ਇਹ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਛੇਤੀ ਹੀ ਸਾਗਰਾਂ ਵਿੱਚ ਮੱਛੀਆਂ ਤੋਂ ਜ਼ਿਆਦਾ ਪਲਾਸਟਿਕ ਦੇ ਟੁਕੜੇ ਹੋਣਗੇ ਜੋ ਕਿ ਇਕੱਠੇ ਤਾਂ ਕੀ, ਗਿਣੇ ਵੀ ਨਹੀਂ ਜਾ ਸਕਣਗੇ। ਕੂੜੇ ਤੇ ਪਲਾਸਟਿਕ ਦੇ ਢੇਰ ਧਰਤੀ ’ਤੇ ਅਸਹਿ ਬੋਝ ਪਾ ਰਹੇ ਹਨ। ਮਾਈਕਰੋ ਪਲਾਸਟਿਕ ਮਨੁੱਖੀ ਸਰੀਰ ਦੇ ਅੰਦਰ ਵੀ ਪਹੁੰਚ ਚੁੱਕੇ ਹਨ। ਉਹ ਸਮਾਂ ਦੂਰ ਨਹੀਂ ਜਦੋਂ ਧਰਤੀ ਮਾਂ ਇੰਨੇ ਹੋਰ ਬੋਝ ਨਹੀਂ ਸਹਿ ਸਕੇਗੀ। ਇਸ ਕਰਕੇ ਸਾਨੂੰ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦਾ ਪ੍ਰਣ ਕਰਨਾ ਚਾਹੀਦਾ ਹੈ, ਭਾਵੇਂ ਛੋਟੀ ਸ਼ੁਰੂਆਤ ਹੀ ਕਰੀਏ, ਪਰ ਕਰੀਏ ਤਾਂ ਜ਼ਰੂਰ।