ਆਓ, ਚਾਹ ਪੀਨੇ ਆਂ
ਹਰਪ੍ਰੀਤ ਸਿੰਘ ਸਵੈਚ
ਅਜੋਕੇ ਸਮਾਜਿਕ ਜੀਵਨ ਵਿੱਚ ਚਾਹ ਸਿਸ਼ਟਾਚਾਰ ਦਾ ਇੱਕ ਅਹਿਮ ਅੰਗ ਬਣ ਚੁੱਕੀ ਹੈ। ਘਰ ਆਏ ਮਹਿਮਾਨਾਂ ਨੂੰ ਚਾਹ ਪਿਲਾਉਣਾ ਮਹਿਮਾਨ-ਨਿਵਾਜ਼ੀ ਦਾ ਮੁੱਢਲਾ ਅਸੂਲ ਬਣ ਗਿਆ ਹੈ। ਸਿਹਤ ਅਤੇ ਸੁਆਦ ਅਨੁਸਾਰ ਚਾਹ ਦੀਆਂ ਵੱਖ-ਵੱਖ ਕਿਸਮਾਂ ਅੱਜ ਮਾਰਕੀਟ ਵਿੱਚ ਉਪਲੱਬਧ ਹਨ। ਪੇਂਡੂ ਸੱਭਿਆਚਾਰ ਵਿੱਚ ਤਾਂ ਚੁੱਲ੍ਹੇ ਤੋਂ ਚਾਹ ਦਾ ਪਤੀਲਾ ਸਾਰਾ ਦਿਨ ਉਤਰਦਾ ਹੀ ਨਹੀਂ। ਸ਼ਹਿਰੀ ਸੱਭਿਆਚਾਰ ਵਿੱਚ ਸੜਕਾਂ ’ਤੇ ਥਾਂ-ਥਾਂ ਚਾਹ ਦੇ ਸਟਾਲ ਆਮ ਹੀ ਮਿਲ ਜਾਂਦੇ ਹਨ।
ਉਂਜ ਤਾਂ ਸਾਡੇ ਦੇਸ਼ ਦੇ ਹਰ ਰਾਜ ਦੇ ਲੋਕਾਂ ਦਾ ਖਾਣ-ਪੀਣ ਵੱਖੋ-ਵੱਖਰਾ ਹੈ, ਪਰ ਚਾਹ ਇੱਕ ਐਸੀ ਚੀਜ਼ ਹੈ, ਜਿਸ ਦਾ ਸੇਵਨ ਲਗਭਗ ਹਰ ਰਾਜ ਦੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਅੱਜ ਪਾਣੀ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲਾ ਤਰਲ ਪਦਾਰਥ ਚਾਹ ਹੈ। ਇਸ ਸਮੇਂ ਦੁਨੀਆ ਵਿੱਚ ਚਾਹ ਦੀਆਂ ਲਗਭਗ 1500 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆ ਵਿੱਚ ਚਾਹ ਦਾ ਸਭ ਤੋਂ ਵੱਡਾ ਉਤਪਾਦਕ ਹੈ। ਚਾਹ ਸਾਡੇ ਦੇਸ਼ ਦੀ ਮੂਲ ਫ਼ਸਲ ਨਹੀਂ ਹੈ ਸਗੋਂ ਅੰਗਰੇਜ਼ਾਂ ਦੀ ਦੇਣ ਹੈ। ਅੱਜ ਜਿਹੜਾ ਚਾਹ ਦਾ ਕੱਪ ਸਾਡੇ ਹੱਥਾਂ ਵਿੱਚ ਹੈ, ਇਸ ਨੇ ਜੰਗਲਾਂ ਤੋਂ ਸਾਡੇ ਘਰਾਂ ਤੱਕ ਪਹੁੰਚਣ ਲਈ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ।
ਜੇਕਰ ਚਾਹ ਦੇ ਮੂਲ ਜਾਂ ਇਤਿਹਾਸ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਬਾਬਤ ਵੱਖ-ਵੱਖ ਲੋਕ ਕਥਾਵਾਂ ਪ੍ਰਚੱਲਿਤ ਹਨ, ਪਰ ਇਹ ਗੱਲ ਪ੍ਰਤੱਖ ਰੂਪ ਵਿੱਚ ਸਪੱਸ਼ਟ ਹੁੰਦੀ ਹੈ ਕਿ ਚਾਹ ਦੀ ਖੋਜ ਚੀਨ ਵਿੱਚ ਹੋਈ ਹੈ ਅਤੇ ਚੀਨ ਤੋਂ ਇਹ ਬਾਕੀ ਦੁਨੀਆ ਵਿੱਚ ਪਹੁੰਚੀ। ਇੱਕ ਲੋਕ ਕਥਾ ਅਨੁਸਾਰ ਚੀਨ ਦਾ ਇੱਕ ਸਮਰਾਟ ਜੰਗਲ ਵਿੱਚ ਪੀਣ ਵਾਸਤੇ ਝਰਨੇ ਦਾ ਪਾਣੀ ਉਬਾਲ ਰਿਹਾ ਸੀ ਅਤੇ ਅਚਾਨਕ ਕਿਸੇ ਝਾੜੀ ਦੇ ਕੁਝ ਪੱਤੇ ਉਬਲਦੇ ਪਾਣੀ ਵਿੱਚ ਆ ਗਿਰੇ। ਇਸ ਦੀ ਖੁਸ਼ਬੋ ਤੋਂ ਆਕਰਸ਼ਿਤ ਹੋ ਕੇ ਉਸ ਸਮਰਾਟ ਨੇ ਪੱਤਿਆਂ ਵਾਲਾ ਪਾਣੀ ਪੀਤਾ ਅਤੇ ਉਸ ਨੂੰ ਇਸ ਦਾ ਸੁਆਦ ਪਸੰਦ ਆ ਗਿਆ। ਉਸ ਨੇ ਪੂਰੇ ਦੇਸ਼ ਵਿੱਚ ਇਸ ਦੇ ਬੂਟੇ ਲਗਵਾ ਦਿੱਤੇ। ਇਹ ਦੁਨੀਆ ਦੀ ਪਹਿਲੀ ਹਰੀ ਚਾਹ ਸੀ। ਇਸੇ ਤਰ੍ਹਾਂ ਇੱਕ ਹੋਰ ਲੋਕ ਕਥਾ ਅਨੁਸਾਰ ਕਿਸੇ ਬੋਧੀ ਭਿਖਸ਼ੂ ਨੇ ਲੰਬਾ ਸਮਾਂ ਜਾਗ ਕੇ ਤਪੱਸਿਆ ਕਰਨ ਦਾ ਅਹਿਦ ਕੀਤਾ, ਪਰ ਕੁਝ ਸਮੇਂ ਬਾਅਦ ਹੀ ਨੀਂਦ ਕਾਰਨ ਉਸ ਦੀਆਂ ਅੱਖਾਂ ਬੰਦ ਹੋਣ ਲੱਗੀਆਂ ਤਾਂ ਉਸ ਨੇ ਗੁੱਸੇ ਵਿੱਚ ਚਾਕੂ ਨਾਲ ਆਪਣੀਆਂ ਪਲਕਾਂ ਹੀ ਕੱਟ ਕੇ ਸੁੱਟ ਦਿੱਤੀਆਂ ਅਤੇ ਜਿਸ ਥਾਂ ਪਲਕਾਂ ਸੁੱਟੀਆਂ ਗਈਆਂ, ਉਸੇ ਥਾਂ ਚਾਹ ਦੇ ਬੂਟੇ ਉੱਗ ਪਏ, ਜਿਨ੍ਹਾਂ ਦੇ ਸੇਵਨ ਨਾਲ ਨੀਂਦ ਦੂਰ ਹੋ ਜਾਂਦੀ ਹੈ।
ਬੇਸ਼ੱਕ ਚਾਹ ਦੀ ਖੋਜ ਚੀਨ ਵਿੱਚ ਹੋਈ, ਪਰ ਦੁਨੀਆ ਭਰ ਵਿੱਚ ਇਸ ਨੂੰ ਅੰਗਰੇਜ਼ਾਂ ਨੇ ਪਹੁੰਚਾਇਆ। ਮੰਨਿਆ ਜਾਂਦਾ ਹੈ ਕਿ 1662 ਵਿੱਚ ਬ੍ਰਿਟੇਨ ਦੇ ਰਾਜਕੁਮਾਰ ਚਾਰਲਸ ਦੂਜੇ ਦਾ ਵਿਆਹ ਪੁਰਤਗਾਲ ਦੀ ਰਾਜਕੁਮਾਰੀ ਕੈਥਰੀਨ ਨਾਲ ਹੋਇਆ ਅਤੇ ਕੈਥਰੀਨ ਆਪਣੇ ਨਾਲ ਚਾਹ ਦੀਆਂ ਪੱਤੀਆਂ ਲੈ ਕੇ ਆਈ। ਉਸ ਸਮੇਂ ਤੱਕ ਅੰਗਰੇਜ਼ਾਂ ਨੇ ਚਾਹ ਦਾ ਸੁਆਦ ਨਹੀਂ ਚਖਿਆ ਸੀ। ਰਾਜਕੁਮਾਰੀ ਕੈਥਰੀਨ ਨੇ ਮਹਿਲ ਦੇ ਸਾਰੇ ਲੋਕਾਂ ਨੂੰ ਆਪਣੇ ਹੱਥੀਂ ਚਾਹ ਬਣਾ ਕੇ ਪਿਆਈ ਅਤੇ ਉਨ੍ਹਾਂ ਦੇ ਮੂੰਹ ਨੂੰ ਚਾਹ ਦੀਆਂ ਅਜਿਹੀਆਂ ਚੁਸਕੀਆਂ ਲੱਗੀਆਂ ਕਿ ਰਾਜਕੁਮਾਰ ਨੇ ਈਸਟ ਇੰਡੀਆ ਕੰਪਨੀ ਨੂੰ ਚਾਹ ਦਾ ਕਾਰੋਬਾਰ ਸ਼ੁਰੂ ਕਰਨ ਦੀ ਤਾਕੀਦ ਕਰ ਦਿੱਤੀ ਅਤੇ ਈਸਟ ਇੰਡੀਆ ਕੰਪਨੀ ਰਾਹੀਂ ਅੰਗਰੇਜ਼ਾਂ ਨੇ ਚਾਹ ਨੂੰ ਅੱਧੀ ਦੁਨੀਆ ਤੱਕ ਪਹੁੰਚਾ ਦਿੱਤਾ, ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਚੀਨ ਵਿੱਚ ਕਿਸੇ ਅੰਗਰੇਜ਼ ਵਪਾਰੀ ਵੱਲੋਂ ਚਾਹ ਪੀਤੀ ਗਈ, ਜਿਸ ਦੇ ਸੁਆਦ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਈਸਟ ਇੰਡੀਆ ਕੰਪਨੀ ਰਾਹੀਂ ਇਸ ਨੂੰ ਬ੍ਰਿਟੇਨ ਵਿੱਚ ਅਯਾਤ ਕੀਤਾ। 1823 ਵਿੱਚ ਅੰਗਰੇਜ਼ਾਂ ਵੱਲੋਂ ਹੀ ਪਹਿਲੀ ਵਾਰ ਅਸਾਮ ਅਤੇ ਦਾਰਜੀਲਿੰਗ ਵਿੱਚ ਚਾਹ ਦੇ ਬੂਟੇ ਲਗਾਏ ਗਏ। ਕੁਝ ਇਤਿਹਾਸਕਾਰਾਂ ਅਨੁਸਾਰ ਅਸਾਮ ਦੇ ਜੰਗਲਾਂ ਵਿੱਚ ਚਾਹ ਦੀਆਂ ਝਾੜੀਆਂ ਪਹਿਲਾਂ ਹੀ ਉੱਗੀਆਂ ਹੋਈਆਂ ਸਨ, ਜਿਨ੍ਹਾਂ ਨੂੰ ਅੰਗਰੇਜ਼ ਅਫ਼ਸਰ ਰੌਬਰਟ ਬਰੂਸ ਨੇ ਖੋਜਿਆ। ਇਸ ਤੋਂ ਬਾਅਦ ਭਾਰਤ ਵਿੱਚ ਵੀ ਚਾਹ ਦਾ ਵਪਾਰ ਸ਼ੁਰੂ ਹੋ ਗਿਆ ਅਤੇ ਭਾਰਤੀ ਲੋਕ ਚਾਹ ਦੇ ਐਸੇ ਦੀਵਾਨੇ ਹੋਏ ਕਿ ਅੱਜ 140 ਕਰੋੜ ਭਾਰਤੀਆਂ ਵਿੱਚੋਂ ਚੰਦ ਕੁ ਲੋਕਾਂ ਨੂੰ ਛੱਡ ਕੇ ਸ਼ਾਇਦ ਹੀ ਕੋਈ ਐਸਾ ਵਿਅਕਤੀ ਹੋਵੇ, ਜੋ ਚਾਹ ਨਾ ਪੀਂਦਾ ਹੋਵੇ।
ਚਾਹ ਬਾਰੇ ਇੱਕ ਭਾਰਤੀ ਲੋਕ ਕਥਾ ਅਨੁਸਾਰ ਪੁਰਾਤਨ ਯੁੱਗ ਵਿੱਚ ਕਿਸੇ ਰਿਸ਼ੀ ਵੱਲੋਂ ਆਯੁਰਵੈਦਿਕ ਤੌਰ ’ਤੇ ਕਿਸੇ ਬੂਟੇ ਦੇ ਪੱਤਿਆਂ ਨੂੰ ਅਦਰਕ, ਕਾਲੀ ਮਿਰਚ, ਲੌਂਗ ਲਾਚੀ ਨਾਲ ਪਾਣੀ ਵਿੱਚ ਉਬਾਲ ਕੇ ਕਿਸੇ ਰੋਗ ਦੀ ਔਸ਼ਧੀ ਤਿਆਰ ਕੀਤੀ ਗਈ ਸੀ, ਜੋ ਬਾਅਦ ਵਿੱਚ ਚਾਹ ਦੇ ਰੂਪ ਵਿੱਚ ਪ੍ਰਚੱਲਿਤ ਹੋਈ। ਪਹਿਲਾਂ ਪਹਿਲ ਕੇਵਲ ਚਾਹ ਦੇ ਤਾਜ਼ਾ ਪੱਤੇ ਪਾਣੀ ਵਿੱਚ ਉਬਾਲ ਕੇ ਹਰੀ ਚਾਹ ਤਿਆਰ ਕੀਤੀ ਜਾਂਦੀ ਸੀ, ਪ੍ਰੰਤੂ ਹੌਲੀ ਹੌਲੀ ਚਾਹ ਦੇ ਪੱਤਿਆਂ ਨੂੰ ਇੱਕ ਖਾਸ ਤਰੀਕੇ ਨਾਲ ਸਟੋਰ ਕਰਨਾ ਸ਼ੁਰੂ ਕੀਤਾ ਗਿਆ, ਜਿਸ ਤੋਂ ਕਾਲੀ ਚਾਹ ਹੋਂਦ ਵਿੱਚ ਆਈ। ਸਮਾਂ ਪਾ ਕੇ ਇਸ ਵਿੱਚ ਮਸਾਲਿਆਂ ਦੀ ਵਰਤੋਂ ਸ਼ੁਰੂ ਹੋਈ ਅਤੇ ਫਿਰ ਦੁੱਧ ਦੀ ਵਰਤੋਂ ਵੀ ਹੋਣ ਲੱਗੀ। ਜਿੱਥੇ ਭਾਰਤ ਦੀ ਕਾਲੀ ਚਾਹ ਦੁਨੀਆ ਭਰ ਵਿੱਚ ਮਕਬੂਲ ਹੈ, ਉੱਥੇ ਚੀਨ ਦੀ ਹਰੀ ਚਾਹ ਹਾਲੇ ਵੀ ਵਿਸ਼ਵ ਪ੍ਰਸਿੱਧ ਹੈ।
ਪੁਰਾਤਨ ਵੇਲਿਆਂ ਵਿੱਚ ਚਾਹ ਦੀ ਕੀਮਤ ਅਤੇ ਅਹਿਮੀਅਤ ਦਾ ਅੰਦਾਜ਼ਾ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਇੱਕ ਚੀਨੀ ਬਾਦਸ਼ਾਹ ਵੱਲੋਂ ਚਾਹ ’ਤੇ ਭਾਰੀ ਟੈਕਸ ਲਗਾਇਆ ਗਿਆ ਸੀ, ਜਿਸ ਕਾਰਨ ਚਾਹ ਦੀ ਤਸਕਰੀ ਹੋਣ ਲੱਗ ਗਈ ਸੀ। ਮੌਜੂਦਾ ਸਮੇਂ ਸਾਡੇ ਦੇਸ਼ ਵਿੱਚ ਅਸਾਮ, ਦਾਰਜੀਲਿੰਗ, ਮੂਨਾਰ, ਊਟੀ ਆਦਿ ਕਈ ਥਾਵਾਂ ’ਤੇ ਚਾਹ ਦੇ ਵੱਡੇ ਵੱਡੇ ਬਾਗ਼ ਹਨ ਅਤੇ ਉੱਥੇ ਵੱਡੀਆਂ ਕੰਪਨੀਆਂ ਦੇ ਕਾਰਖਾਨੇ ਵੀ ਲੱਗੇ ਹੋਏ ਹਨ, ਜਿੱਥੇ 100 ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਕਿੱਲੋ ਤੱਕ ਚਾਹ ਦਾ ਉਤਪਾਦਨ ਕੀਤਾ ਜਾਂਦਾ ਹੈ। ਚੀਨ ਵਿੱਚ ਤਾਂ ਚਾਹ ਦੀ ਇੱਕ ਅਜਿਹੀ ਕਿਸਮ ਵੀ ਪਾਈ ਜਾਂਦੀ ਹੈ, ਜਿਸ ਦੀ ਕੀਮਤ ਕਰੋੜਾਂ ਵਿੱਚ ਤੈਅ ਕੀਤੀ ਜਾਂਦੀ ਹੈ।
ਮੈਨੂੰ ਇੱਕ ਵਾਰ ਦਾਰਜੀਲਿੰਗ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਇੱਕ ਵੱਡੀ ਚਾਹ ਦੀ ਫੈਕਟਰੀ ਦੇ ਇੱਕ ਕਰਮਚਾਰੀ ਨੇ ਮੈਨੂੰ ਦੱਸਿਆ ਕਿ ਇੱਥੇ ਪੈਦਾ ਹੁੰਦੀ ਅਸਲੀ ਪੱਤਿਆਂ ਦੀ ਚਾਹ ਪ੍ਰਾਸੈਸ ਕਰਕੇ ਵਿਦੇਸ਼ਾਂ ਵਿੱਚ ਨਿਰਯਾਤ ਕਰ ਦਿੱਤੀ ਜਾਂਦੀ ਹੈ ਜਦੋਂ ਕਿ ਪਿੱਛੇ ਬਚੇ ਚੂਰੇ ਨੂੰ ਨਾਮੀ ਕੰਪਨੀਆਂ ਦੇ ਪੈਕਟਾਂ ਵਿੱਚ ਬੰਦ ਕਰਕੇ ਸਾਡੇ ਦੇਸ਼ ਵਿੱਚ ਵੇਚਿਆ ਜਾਂਦਾ ਹੈ। ਪ੍ਰੋਫੈਸਰ ਹਰਪਾਲ ਸਿੰਘ ਪੰਨੂ ਆਪਣੇ ਇੱਕ ਲੇਖ ਵਿੱਚ ਜ਼ਿਕਰ ਕਰਦੇ ਹਨ ਕਿ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਜਪਾਨੀ ਫ਼ਿਲਾਸਫ਼ਰ ਦੋਸਤ ਕਾਕੂਜ਼ੋ ਓਕਾਕੁਰਾ ਚਾਹ ਦਾ ਐਨਾ ਦੀਵਾਨਾ ਸੀ ਕਿ ਉਸ ਨੇ ਚਾਹ ’ਤੇ ਇੱਕ ਪੂਰੀ ਕਿਤਾਬ ਹੀ ਲਿਖ ਦਿੱਤੀ ਸੀ। ਪ੍ਰੋਫੈਸਰ ਪੂਰਨ ਸਿੰਘ ਅਕਸਰ ਬਾਹਰੀ ਇਸ਼ਨਾਨ ਨਾਲੋਂ ਪਹਿਲਾਂ ਅੰਦਰਲਾ ਇਸ਼ਨਾਨ ਕਰਨ ਦੀ ਤਾਕੀਦ ਕਰਦੇ ਹੁੰਦੇ ਸੀ ਅਤੇ ਬਹੁਤੇ ਲੋਕ ਉਨ੍ਹਾਂ ਦੀ ਇਸ ਰਮਜ਼ ਨੂੰ ਸਮਝ ਨਹੀਂ ਸੀ ਪਾਉਂਦੇ। ਦਰਅਸਲ, ਉਹ ਚਾਹ ਪੀਣ ਨੂੰ ਅੰਦਰਲਾ ਇਸ਼ਨਾਨ ਕਰਨਾ ਕਿਹਾ ਕਰਦੇ ਸੀ। ਸਰਦੀਆਂ ਵਿੱਚ ਗਰਮਾ ਗਰਮ ਚਾਹ ਦੇ ਕੱਪ ਦਾ ਵੱਖਰਾ ਹੀ ਆਨੰਦ ਹੁੰਦਾ ਹੈ। ਹੁਣ, ਤੁਸੀਂ ਵੀ ਚਾਹ ਧਰ ਹੀ ਲਓ।
ਸੰਪਰਕ: 98782-24000