For the best experience, open
https://m.punjabitribuneonline.com
on your mobile browser.
Advertisement

ਆਉ ਜਲਗਾਹਾਂ ਨੂੰ ਬਚਾਈਏ

04:20 AM Feb 02, 2025 IST
ਆਉ ਜਲਗਾਹਾਂ ਨੂੰ ਬਚਾਈਏ
Advertisement

ਅਸ਼ਵਨੀ ਚਤਰਥ

Advertisement

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਦਰਤ ਦਾ ਧਰਤੀ ਦੇ ਸਮੂਹ ਜੀਵਾਂ ਦੇ ਪਾਲਣ-ਪੋਸ਼ਣ ਕਰਨ ਅਤੇ ਉਨ੍ਹਾਂ ਨੂੰ ਸੰਪੰਨ ਬਣਾਉਣ ਵਿੱਚ ਹਮੇਸ਼ਾ ਤੋਂ ਹੀ ਅਹਿਮ ਯੋਗਦਾਨ ਰਿਹਾ ਹੈ। ਧਰਤੀ ਗ੍ਰਹਿ ਉੱਤੇ ਮੌਜੂਦ ਬੇਸ਼ਕੀਮਤੀ ਕੁਦਰਤੀ ਸੋਮਿਆਂ ਜਿਵੇਂ ਕਿ ਜੰਗਲਾਂ, ਪਹਾੜਾਂ, ਦਰਿਆਵਾਂ, ਨਹਿਰਾਂ, ਸਮੁੰਦਰਾਂ, ਝਰਨਿਆਂ ਅਤੇ ਜਲਗਾਹਾਂ ਵੱਲੋਂ ਸਮੂਹ ਪ੍ਰਾਣੀਆਂ ਨੂੰ ਪੋਸ਼ਿਤ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਸਾਰੇ ਭੌਤਿਕ ਸਾਧਨਾਂ ਵਿੱਚੋਂ ਜਲਗਾਹਾਂ ਉਹ ਬੇਸ਼ਕੀਮਤੀ ਕੁਦਰਤੀ ਸਾਧਨ ਹਨ ਜੋ ਮਨੁੱਖ ਸਮੇਤ ਧਰਤੀ ਦੇ ਸਮੂਹ ਜੀਵਾਂ ਨੂੰ ਪ੍ਰਫੁੱਲਤ ਵੀ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਮਲ-ਮੂਤਰ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਨੂੰ ਸੋਖ ਕੇ ਵਾਤਾਵਰਨ ਨੂੰ ਸਾਫ਼ ਸੁਥਰਾ ਵੀ ਬਣਾ ਰਹੀਆਂ ਹਨ।
ਜਲਗਾਹਾਂ ਦੀ ਮਹਤੱਤਾ ਪ੍ਰਤੀ ਲੋਕਾਂ ਵਿੱਚ ਜਾਗਰੁੂਕਤਾ ਪੈਦਾ ਕਰਨ ਲਈ ‘ਕੌਮਾਂਤਰੀ ਜਲਗਾਹਾਂ ਦਿਵਸ’ ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਅਸਲ ਵਿੱਚ 2 ਫਰਵਰੀ 1971 ਨੂੰ ਇਰਾਨ ਦੇ ਸ਼ਹਿਰ ਰਾਮਸਰ ਵਿਖੇ ਹੋਈ ਕਨਵੈਨਸ਼ਨ ਵਿੱਚ ਉੱਥੇ ਮੌਜੂਦ ਦੇਸ਼ਾਂ ਦੇ ਨੁਮਾਇੰਦਿਆਂ ਨੇ ਦੁਨੀਆ ਭਰ ਦੀਆਂ ਜਲਗਾਹਾਂ ਨੂੰ ਬਚਾਉਣ ਲਈ ਅਹਿਦ ਲਿਆ ਸੀ। ਇਸ ਸਮਝੌਤੇ ਨੂੰ ‘ਰਾਮਸਰ ਸਮਝੌਤਾ’ ਦਾ ਨਾਂ ਦਿੱਤਾ ਗਿਆ ਹੈ। ਹੁਣ ਤੱਕ ਇਸ ਸਮਝੌਤੇ ਉੱਤੇ 172 ਦੇਸ਼ਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ। ਇਸ ਸਮਝੌਤੇ ਤਹਿਤ ਸੰਸਾਰ ਦੀ ਉੱਘੀਆਂ 2400 ਤੋਂ ਵੱਧ ਜਲਗਾਹਾਂ ਨੂੰ ‘ਰਾਮਸਰ ਜਲਗਾਹਾਂ’ ਐਲਾਨਿਆ ਗਿਆ ਹੈ ਜਿਨ੍ਹਾਂ ਦਾ ਕੁੱਲ ਖੇਤਰਫਲ 21 ਲੱਖ ਵਰਗ ਕਿਲੋਮੀਟਰ ਹੈ। ਭਾਰਤ ਦੀਆਂ 85 ਜਲਗਾਹਾਂ ਵੀ ਇਨ੍ਹਾਂ ਵਿੱਚ ਸ਼ਾਮਿਲ ਹਨ। ਇਸ ਸਾਲ ਭਾਵ 2025 ਦੇ ਜਲਗਾਹਾਂ ਦਿਵਸ ਦਾ ਥੀਮ ਭਾਵ ਵਿਸ਼ਾ-ਵਸਤੂ ਹੈ ‘ਸਾਡੇ ਸਾਂਝੇ ਭਵਿੱਖ ਲਈ ਜਲਗਾਹਾਂ ਨੂੰ ਬਚਾਈਏ’।

Advertisement

ਜਲਗਾਹਾਂ ਦੇ ਬਹੁਪੱਖੀ ਫ਼ਾਇਦੇ: ਇਹ ਗੱਲ ਸਮਝਣ ਦੀ ਲੋੜ ਹੈ ਕਿ ਮਨੁੱਖ ਭਾਵੇਂ ਜਲਗਾਹਾਂ ਨੂੰ ਬੇਲੋੜੇ ਸਮਝ ਕੇ ਉਨ੍ਹਾਂ ਦੀ ਬੇਕਦਰੀ ਕਰਦਾ ਰਿਹਾ, ਪਰ ਉਸ ਦੇ ਜੀਵਨ ਵਿੱਚ ਇਨ੍ਹਾਂ ਵਡਮੁੱਲੀਆਂ ਜਲਗਾਹਾਂ ਦੀ ਹਮੇਸ਼ਾਂ ਤੋਂ ਹੀ ਅਹਿਮ ਭੂਮਿਕਾ ਰਹੀ ਹੈ। ਮਨੁੱਖ ਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਇਹ ਜਲਗਾਹਾਂ ਉਹ ਕੁਦਰਤੀ ਪ੍ਰਣਾਲੀਆਂ ਹਨ ਜੋ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ, ਧਰਤੀ ਦੇ ਸਮੁੱਚੇ ਪਾਣੀ ਨੂੰ ਸਾਫ਼ ਸੁਥਰਾ ਅਤੇ ਸਵੱਛ ਬਣਾ ਕੇ ਪੀਣ ਯੋਗ ਬਣਾਉਣ, ਦਰਿਆਵਾਂ ਅਤੇ ਨਹਿਰਾਂ ਵਿੱਚ ਆਉਂਦੇ ਹੜ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਪਾਣੀ ਦੇ ਪ੍ਰਵਾਹ ਨੂੰ ਇਕਸਾਰ ਬਣਾਉਣ, ਪਥਾਰਟੀ ਬਾਲਣਾਂ (ਜਿਵੇਂ ਕੋਲਾ, ਪੈਟਰੋਲ ਅਤੇ ਡੀਜ਼ਲ ਆਦਿ) ਦੇ ਬਲਣ ਤੋਂ ਨਿਕਲ ਰਹੀ ਕਾਰਬਨ ਡਾਈਆਕਸਾਈਡ ਗੈਸ ਨੂੰ ਸੋਖ ਕੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ, ਸਮੁੰਦਰੀ ਤੂਫ਼ਾਨਾਂ ਨੂੰ ਠੱਲ੍ਹ ਪਾਉਣ, ਸਮੂਹ ਜੰਗਲੀ ਜੀਵਾਂ ਨੂੰ ਭੋਜਨ ਦੇਣ ਅਤੇ ਰਹਿਣ ਲਈ ਜਗ੍ਹਾ ਪ੍ਰਦਾਨ ਕਰਕੇ ਉਨ੍ਹਾਂ ਦੀਆਂ ਜੀਵਨ ਪ੍ਰਕਿਰਿਆਵਾਂ ਨੂੰ ਕਾਇਮ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਨਾਲ-ਨਾਲ ਸੈਲਾਨੀਆਂ ਦਾ ਮਨੋਰੰਜਨ ਕਰਦਿਆਂ ਹੋਇਆਂ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ ਅਤੇ ਸਰਕਾਰੀ ਆਮਦਨ ਵਿੱਚ ਵਾਧਾ ਵੀ ਕਰਦੀਆਂ ਹਨ। ਜਲਗਾਹਾਂ ਵੱਲੋਂ ਜ਼ਮੀਨ ਦੀ ਮਿੱਟੀ ਨੂੰ ਬੰਨ੍ਹੀ ਰੱਖ ਕੇ ਉਸ ਦੀ ਭੌਂ-ਖੋਰ ਨੂੰ ਰੋਕਿਆ ਜਾਂਦਾ ਹੈ ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ। ਇਨ੍ਹਾਂ ਵੱਲੋਂ ਨਿਭਾਏ ਜਾਂਦੇ ਇਨ੍ਹਾਂ ਮਹੱਤਵਪੂਰਨ ਕਾਰਜਾਂ ਨੂੰ ਮਨੁੱਖ ਕਦੇ ਵੀ ਅੱਖੋਂ-ਪਰੋਖੇ ਨਹੀਂ ਕਰ ਸਕਦਾ।

ਜਲਗਾਹਾਂ ਦੀਆਂ ਕਿਸਮਾਂ: ਜਲਗਾਹਾਂ ਵਿੱਚ ਮੌਜੂਦ ਪਾਣੀ ਦੀ ਮਾਤਰਾ ਅਤੇ ਉਨ੍ਹਾਂ ਵਿੱਚ ਮਿਲਣ ਵਾਲੇ ਜੀਵ ਜੰਤੂਆਂ ਦੇ ਆਧਾਰ ਉੱਤੇ ਇਨ੍ਹਾਂ ਨੂੰ ਮੋਟੇ ਤੌਰ ’ਤੇ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਕਿਸਮ ਦੀਆਂ ਜਲਗਾਹਾਂ ਨੂੰ ‘ਧਸਾਊ ਦਲਦਲ’ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਦੀ ਜ਼ਮੀਨ ਦਾ ਪੱਧਰ ਆਪਣੇ ਆਲੇ-ਦੁਆਲੇ ਦੀ ਜਗ੍ਹਾ ਤੋਂ ਨੀਵਾਂ ਹੋਣ ਕਰਕੇ ਇਨ੍ਹਾਂ ਵਿੱਚ ਪੂਰਾ ਸਾਲ ਪਾਣੀ ਭਰਿਆ ਰਹਿੰਦਾ ਹੈ। ਇਹ ਜਲਗਾਹਾਂ ਅੰਟਾਰਕਟਿਕਾ ਨੂੰ ਛੱਡ ਕੇ ਸੰਸਾਰ ਦੇ ਬਾਕੀ ਸਾਰੇ ਹਿੱਸਿਆਂ ਵਿੱਚ ਮਿਲਦੀਆਂ ਹਨ। ਧਸਾਊ ਦਲਦਲਾਂ ਵਿੱਚ ਵੈਸੇ ਤਾਂ ਸਭ ਤਰ੍ਹਾਂ ਦੇ ਪੌਦੇ-ਪ੍ਰਾਣੀ ਮਿਲਦੇ ਹਨ ਪਰ ਮੈਨਗ੍ਰੋਵ (MANGROVE) ਅਤੇ ਤਾੜ (PALM) ਦੇ ਪੌਦੇ ਇਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਪਾਏ ਜਾਂਦੇ ਹਨ। ਦੂਜੀ ਕਿਸਮ ਦੀਆਂ ਜਲਗਾਹਾਂ ਹਨ ਜਿਨ੍ਹਾਂ ਨੂੰ ‘ਮਾਰਸ਼ਜ਼’ (MARSHES) ਜਾਂ ‘ਟੋਭੇ’ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਬਣਤਰ ਸੇਮ ਕਿਸਮ ਦੀ ਜ਼ਮੀਨ ਨਾਲ ਮਿਲਦੀ-ਜੁਲਦੀ ਹੈ। ਇਹ ਟੋਭੇ ਅਸਲ ਵਿੱਚ ਸੁਮੰਦਰਾਂ, ਦਰਿਆਵਾਂ ਅਤੇ ਝੀਲਾਂ ਕੰਢੇ ਮਿਲਦੇ ਹਨ। ਸਮੁੰਦਰਾਂ ਕੰਢੇ ਮਿਲਦੇ ਟੋਭਿਆਂ ਦਾ ਪਾਣੀ ਖਾਰਾ ਅਤੇ ਦਰਿਆਵਾਂ ਕੰਢੇ ਮਿਲਦੇ ਟੋਭਿਆਂ ਦਾ ਪਾਣੀ ਮਿੱਠਾ ਭਾਵ ਸਾਧਾਰਨ ਪਾਣੀ ਹੁੰਦਾ ਹੈ। ਇਹ ਟੋਭੇ ਜਲ-ਸ੍ਰੋਤਾਂ ਦੇ ਵਾਧੂ ਪਾਣੀ ਨੂੰ ਆਪਣੇ ਅੰਦਰ ਜਜ਼ਬ ਕਰਕੇ ਆਲੇ-ਦੁਆਲੇ ਦੇ ਜਨ-ਜੀਵਨ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਂਦੇ ਹਨ।

ਜਲ ਸ੍ਰੋਤਾਂ ਨੂੰ ਸਾਫ਼ ਕਰਨ ਵਿੱਚ ਭੂਮਿਕਾ: ਇਸਦੇ ਨਾਲ ਹੀ ਪਾਣੀ ਵਿੱਚ ਘੁਲੇ ਹੋਏ ਰਸਾਇਣਾਂ ਨੂੰ ਸੋਖ ਕੇ ਇਹ ਜਲ-ਸ੍ਰੋਤਾਂ ਨੂੰ ਸਾਫ਼-ਸੁਥਰਾ ਅਤੇ ਵਰਤਣਯੋਗ ਬਣਾਉਂਦੇ ਹਨ। ਸਮਝਣ ਦੀ ਲੋੜ ਹੈ ਕਿ ਉਦਯੋਗਾਂ ਅਤੇ ਖੇਤਾਂ ਤੋਂ ਆਉਂਦੇ ਪਾਣੀਆਂ ਵਿੱਚ ਅਨੇਕਾਂ ਤਰ੍ਹਾਂ ਦੇ ਹਾਨੀਕਾਰਕ ਰਸਾਇਣ ਘੁਲੇ ਹੋਏ ਹੁੰਦੇ ਹਨ ਅਤੇ ਇਹ ਪਾਣੀ ਸਾਡੇ ਸਮੁੱਚੇ ਜਲ ਸ੍ਰੋਤਾਂ ਨੂੰ ਜ਼ਹਿਰੀਲਾ ਬਣਾ ਸਕਦੇ ਹਨ। ਟੋਭਿਆਂ ਵਿੱਚ ਮਿਲਣ ਵਾਲੀਆਂ ਬਨਸਪਤੀਆਂ ਵਿੱਚ ਜ਼ਿਆਦਾਤਰ ਪਾਣੀ ਵਾਲਾ ਘਾਹ, ਸਰਕੰਡੇ, ਕਾਈਆਂ ਅਤੇ ਅਨੇਕਾਂ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਸ਼ਾਮਿਲ ਹੁੰਦੀਆਂ ਹਨ ਜਿਨ੍ਹਾਂ ਵਿੱਚ ਪਾਣੀ ਅੰਦਰ ਘੁਲੇ ਹੋਏ ਜ਼ਹਿਰੀਲੇ ਰਸਾਇਣਾਂ ਨੂੰ ਜਜ਼ਬ ਕਰਨ ਦੀ ਵਿਸ਼ੇਸ਼ ਸਮਰੱਥਾ ਹੁੰਦੀ ਹੈ।

ਕੁਦਰਤ ਦੇ ਗੁਰਦਿਆਂ ਦੀ ਨਿਆਈਂ ਜਲਗਾਹਾਂ: ਜਲਗਾਹਾਂ ਧਰਤੀ ਦੇ ਕੁੱਲ ਖੇਤਰ ਦੇ ਮਹਿਜ਼ 6 ਫ਼ੀਸਦੀ ਹਿੱਸੇ ਉੱਤੇ ਮੌਜੂਦ ਹਨ, ਪਰ ਇਨ੍ਹਾਂ ਦੀ ਮਹੱਤਤਾ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਸਮੁੱਚੀ ਧਰਤੀ ਦੇ ਪੌਦੇ-ਪ੍ਰਾਣੀਆਂ ਦੀ ਕੁੱਲ ਪ੍ਰਜਾਤੀਆਂ ਦਾ ਇੱਕ ਵੱਡਾ ਹਿੱਸਾ ਇਨ੍ਹਾਂ ਜਲਗਾਹਾਂ ਵਿੱਚ ਨਿਵਾਸ ਕਰਕੇ ਆਪਣੇ ਜੀਵਨ ਦੀਆਂ ਜ਼ਰੂਰੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ। ਇਨ੍ਹਾਂ ਦੀ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਇਨ੍ਹਾਂ ਵਿੱਚ ਹਵਾ ਵਿਚਲੇ ਪ੍ਰਦੂਸ਼ਣ ਨੂੰ ਸਾਫ਼ ਕਰਨ ਦੀ ਸਮੱਰਥਾ ਬਰਸਾਤੀ ਜੰਗਲਾਂ ਨਾਲੋਂ ਵੀ ਕਿਤੇ ਜ਼ਿਆਦਾ ਹੈ। ਸੰਸਾਰ ਦੀ ਸਭ ਤੋਂ ਵੱਡੀ ਜਲਗਾਹ ਦਾ ਨਾਂ ‘ਪੰਟਾਨਲ’ ਜਲਗਾਹ ਹੈ ਜਿਸ ਦਾ ਖੇਤਰਫਲ ਦੋ ਲੱਖ ਵਰਗ ਕਿਲੋਮੀਟਰ ਦੇ ਕਰੀਬ ਹੈ। ਇਹ ਤਿੰਨ ਦੇਸ਼ਾਂ ਬ੍ਰਾਜ਼ੀਲ, ਪੈਰਾਗੁਏ ਅਤੇ ਬੋਲੀਵੀਆ ਵਿੱਚ ਸਾਂਝੇ ਤੌਰ ’ਤੇ ਮੌਜੂਦ ਹੈ ਅਤੇ ਇਹ ਇਨ੍ਹਾਂ ਦੇਸ਼ਾਂ ਤੋਂ ਨਿਕਲਦੇ ਗੰਧਲੇ ਪਾਣੀ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ। ਮਨੁੱਖ ਨੂੰ ਜਲਗਾਹਾਂ ਦੀ ਅਹਿਮੀਅਤ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿਉਂਕਿ ਇਹ ਧਰਤੀ ਦੀ ਮਿੱਟੀ, ਪਾਣੀ ਅਤੇ ਹਵਾ ਨੂੰ ਸਾਫ਼ ਕਰਨ ਦਾ ਕੰਮ ਕਰਦੀਆਂ ਹਨ। ਇਸ ਲਈ ਇਨ੍ਹਾਂ ਨੂੰ ‘ਕੁਦਰਤ ਦੇ ਗੁਰਦੇ’ ਵੀ ਕਿਹਾ ਗਿਆ ਹੈ।

ਜੈਵਿਕ-ਵਿਭਿੰਨਤਾ ਕਾਇਮ ਰੱਖਣ ਲਈ ਜ਼ਰੂਰੀ ਜਲਗਾਹਾਂ: ਪ੍ਰਿਥਵੀ ਦੀ ਜੈਵਿਕ ਵਿਭਿੰਨਤਾ ਨੂੰ ਬਰਕਰਾਰ ਰੱਖਣ ਵਿੱਚ ਇਨ੍ਹਾਂ ਦੀ ਮਹੱਤਤਾ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਜੀਵ-ਜੰਤੂਆਂ ਦੀਆਂ ਖ਼ਾਤਮੇ ਦੇ ਨੇੜੇ ਪਹੁੰਚੀਆਂ ਅਨੇਕਾਂ ਪ੍ਰਜਾਤੀਆਂ ਦਾ ਅੱਧਾ ਹਿੱਸਾ ਇਨ੍ਹਾਂ ਜਲਗਾਹਾਂ ਵਿੱਚ ਪਨਾਹ ਲੈ ਕੇ ਆਪਣੀ ਹੋਂਦ ਨੂੰ ਬਚਾਅ ਰਿਹਾ ਹੈ। ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਦੂਜਿਆਂ ਦੇਸ਼ਾਂ ਦੇ ਪਰਵਾਸੀ ਪੰਛੀਆਂ, ਜੋ ਆਪਣੇ ਮੂਲ ਸਥਾਨ ਉੱਤੇ ਬਿਖ਼ਮ ਹਾਲਾਤ ਨੂੰ ਛੱਡ ਕੇ ਕਿਸੇ ਅਨੁਕੂਲ ਸਥਾਨ ਦੀ ਭਾਲ ਵਿੱਚ ਆਪਣਾ ਟਿਕਾਣਾ ਬਦਲਦੇ ਹਨ, ਲਈ ਜਲਗਾਹਾਂ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਹੁੰਦੀਆਂ ਹਨ। ਜਲਗਾਹਾਂ ਵੱਲੋਂ ਬਰਸਾਤ ਦੇ ਫ਼ਾਲਤੂ ਪਾਣੀ ਨੂੰ ਜਜ਼ਬ ਕਰਕੇ ਕੁਦਰਤੀ ਜਲ-ਚੱਕਰ ਨੂੰ ਕਾਇਮ ਰੱਖਿਆ ਜਾਂਦਾ ਹੈ। ‘ਵਿਸ਼ਵ ਜੰਗਲੀ ਜੀਵਨ ਫੰਡ’ (WWF) ਅਨੁਸਾਰ 30 ਤੋਂ 40 ਕਰੋੜ ਲੋਕ ਜਲਗਾਹਾਂ ਨੇੜੇ ਨਿਵਾਸ ਕਰਕੇ ਆਪਣੇ ਜੀਵਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਅਨੇਕਾਂ ਤਰ੍ਹਾਂ ਦੀਆਂ ਮੱਛੀਆਂ, ਜਲਥਲੀ ਜੀਵ ਅਤੇ ਹੋਰ ਕੀੜੇ-ਮਕੌੜੇ ਇਨ੍ਹਾਂ ਕੁਦਰਤੀ ਨਿਵਾਸ ਸਥਾਨਾਂ ਵਿੱਚ ਰਹਿੰਦੇ ਹਨ ਅਤੇ ਉੱਥੇ ਰਹਿ ਰਹੇ ਮੱਛਰਾਂ ਨੂੰ ਖਾ ਕੇ ਖ਼ਤਮ ਕਰਦੇ ਹਨ ਜਿਸ ਨਾਲ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਜਿਹੇ ਭਿਆਨਕ ਰੋਗਾਂ ਨੂੰ ਕਾਬੂ ਕਰਨ ਵਿੱਚ ਸਹਾਇਤਾ ਮਿਲਦੀ ਹੈ। ਜਲਗਾਹਾਂ ਵੱਲੋਂ ਪਾਣੀ ਸਾਫ਼ ਕਰਨ ਨਾਲ ਗੰਧਲੇ ਪਾਣੀ ਦੀ ਟਰੀਟਮੈਂਟ ਲਈ ਉਸ ਉੱਤੇ ਹੋਣ ਵਾਲੇ ਖਰਚ ਨੂੰ ਬਚਾਇਆ ਜਾ ਸਕਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਜਲਗਾਹਾਂ ਆਰਥਿਕ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਪੱਖੋਂ ਬੇਹੱਦ ਲਾਹੇਵੰਦ ਹਨ।

ਪੰਜਾਬ ਦੀਆਂ ਜਲਗਾਹਾਂ: ਪੰਜਾਬ ਦੀਆਂ ਛੇ ਜਲਗਾਹਾਂ, ਜੋ ਕਿ ਹਰੀਕੇ ਪੱਤਣ, ਰੋਪੜ, ਕੇਸ਼ੋਪੁਰ (ਗੁਰਦਾਸਪੁਰ ਨੇੜੇ), ਕਾਂਜਲੀ (ਕਪੂਰਥਲਾ ਨੇੜੇ), ਬਿਆਸ ਅਤੇ ਨੰਗਲ ਵਿਖੇ ਮੌਜੂਦ ਹਨ, ਨੂੰ ‘ਰਾਮਸਰ ਸਮਝੌਤੇ’ ਅਧੀਨ ਰੱਖਿਆ ਗਿਆ ਹੈ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪਰਵਾਸੀ ਪੰਛੀ ਰੂਸ, ਯੂਰਪ, ਚੀਨ, ਤਿੱਬਤ ਅਤੇ ਕਜ਼ਾਕਿਸਤਾਨ ਤੋਂ ਪਰਵਾਸ ਕਰਕੇ ਇਨ੍ਹਾਂ ਜਲਗਾਹਾਂ ਨੂੰ ਆਪਣਾ ਰੈਣ-ਬਸੇਰਾ ਬਣਾਉਂਦੇ ਹਨ।
ਸੰਪਰਕ: 62842-20595

Advertisement
Author Image

Ravneet Kaur

View all posts

Advertisement