ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ
ਪੀ.ਪੀ. ਵਰਮਾ
ਪੰਚਕੂਲਾ, 10 ਜੂਨ
ਗਰਮੀ ਦੀ ਲਹਿਰ ਆਪਣੇ ਸਿਖਰ ’ਤੇ ਪਹੁੰਚ ਗਈ ਹੈ। ਸ਼ਹਿਰ ਦਾ ਤਾਪਮਾਨ 44.28 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਹ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਓਰੇਂਜ ਅਲਰਟ ਦੀ ਜਾਰੀ ਕੀਤਾ ਹੈ। ਦਿਨ ਅਤੇ ਰਾਤ ਦੋਵੇਂ ਗਰਮ ਰਹਿਣਗੇ। ਪ੍ਰਸ਼ਾਸਨ ਵੱਲੋਂ ਇਸ ਸਮੇਂ ਦੌਰਾਨ, ਲੋਕਾਂ ਨੂੰ ਬਹੁਤ ਜ਼ਰੂਰੀ ਹੋਣ ’ਤੇ ਹੀ ਘਰੋਂ ਬਾਹਰ ਜਾਣ ਲਈ ਕਿਹਾ ਗਿਆ ਹੈ। ਗਰਮੀ ਕਾਰਨ, ਸ਼ਹਿਰ ਦੀਆਂ ਸੜਕਾਂ ਖਾਲੀ ਰਹੀਆਂ। ਕੰਮਕਾਜੀ ਦਿਨ ਹੋਣ ਦੇ ਬਾਵਜੂਦ, ਲੋਕ ਸੜਕਾਂ ’ਤੇ ਘੱਟ ਦਿਖਾਈ ਦਿੱਤੇ। ਸੂਰਜ ਡੁੱਬਣ ਤੋਂ ਬਾਅਦ ਵੀ, ਗਰਮੀ ਦੀ ਲਹਿਰ ਉਸੇ ਤਰ੍ਹਾਂ ਬਣੀ ਰਹੀ। ਗਰਮ ਹਵਾਵਾਂ ਨੇ ਲੋਕਾਂ ਨੂੰ ਤਪਾ ਰੱਖਿਆ। ਪਹਿਲਾਂ ਦਿਨ ਵੇਲੇ ਸ਼ਹਿਰ ਦੇ ਸਾਰੇ ਵੱਡੇ ਬਾਜ਼ਾਰ, ਪਾਰਕਾਂ ਵਿੱਚ ਬਹੁਤ ਘੱਟ ਲੋਕ ਆ ਰਹੇ। 14 ਅਤੇ 15 ਜੂਨ ਨੂੰ ਮੌਸਮ ਬਦਲੇਗਾ। ਇਸ ਦੌਰਾਨ ਮੀਂਹ ਪੈ ਸਕਦਾ ਹੈ। ਹਵਾ ਦੀ ਗਤੀ ਲਗਭਗ 50 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਦੌਰਾਨ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਸਲਾਹ ਦਿੱਤੀ ਹੈ।
ਦੂਜੇ ਪਾਸੇ ਕਈ ਸ਼ਹਿਰ ਵਿੱਚ ਕਈ ਧਾਰਮਿਕ ਸੰਸਥਾਵਾਂ ਵਾਲਿਆਂ ਨੇ ਸੜਕਾਂ ਉੱਤੇ ਛਬੀਲਾਂ ਲਗਾ ਕੇ ਲਕਾਂ ਨੂੰ ਗਰਮੀ ਤੋਂ ਕੁਝ ਰਾਹਿਤ ਦੇਣ ਦਾ ਯਤਨ ਕੀਤਾ ਹੈ। ਅਜਿਹੀ ਗਰਮੀ ਵਿੱਚ ਲੋਕ ਠੰਢਾ ਪਾਣੀ ਪੀ ਕੇ ਗਰਮੀ ਤੋਂ ਕੁਝ ਰਾਹਤ ਮਿਲ ਰਹੀ ਹੈ।
ਗਰਮੀ ਅਤੇ ਧੁੱਪ ਨੇ ਲੋਕਾਂ ਦੇ ਕੱਢੇ ਵੱਟ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਅਤਿ ਦੀ ਪੈ ਰਹੀ ਧੁੱਪ ਅਤੇ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਦੁਪਹਿਰ ਵੇਲੇ ਲੋਕੀ ਆਪਣੇ ਘਰਾਂ, ਦਫ਼ਤਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਇੱਥੇ ਜ਼ਿਕਰਯੋਗ ਹੈ ਕਿ ਪਿੰਡ ਮਾਜਰਾ ਦੇ ਬਿਜਲੀ ਗਰਿੱਡ ਤੋਂ ਇਲਾਕੇ ਭਰ ਨੂੰ ਅੱਜ-ਕੱਲ ਬਿਜਲੀ ਦੀ ਸਪਲਾਈ ਨਿਰੰਤਰ ਚਲਾਈ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੋਈ ਹੈ। ਦੂਜੇ ਪਾਸੇ ਗਰਮੀ ਤੇ ਧੁੱਪ ਕਾਰਨ ਲਾਵਾਰਿਸ ਪਸ਼ੂ ਗਰਮੀ ਦੀ ਮਾਰ ਹੇਠ ਹਨ ਕਿਉਂਕਿ ਮੀਂਹ ਨਾ ਪੈਣ ਕਾਰਨ ਨਦੀਆਂ, ਡੁੰਮਾਂ, ਛੱਪੜਾਂ ਆਦਿ ਵਿੱਚ ਪਾਣੀ ਦੀ ਘਾਟ ਰੜਕ ਰਹੀ ਹੈ। ਲੋਕਾਂ ਵੱਲੋਂ ਰੱਖੇ ਹੋਏ ਪਾਲਤੂ ਪਸ਼ੂਆਂ, ਮੱਝਾਂ, ਗਾਵਾਂ ਆਦਿ ਨੂੰ ਪਸ਼ੂ ਪਾਲਕਾਂ ਵੱਲੋਂ ਧੁੱਪ ਤੇ ਗਰਮੀ ਤੋਂ ਬਚਾਉਣ ਲਈ ਪਾਣੀ ਅਤੇ ਹਵਾ ਵਾਲੇ ਪੱਖਿਆ ਦਾ ਇੰਤਜ਼ਾਮ ਕੀਤਾ ਹੋਇਆ ਹੈ।