ਆਈਪੀਐੱਲ: ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਮੁਕਾਬਲਾ ਅੱਜ
ਮੁੰਬਈ, 20 ਮਈ
ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਜ਼ ਦੀਆਂ ਟੀਮਾਂ ਬੁੱਧਵਾਰ ਨੂੰ ਇੱਥੇ ਆਈਪੀਐੱਲ ਟੂਰਨਾਮੈਂਟ ’ਚ ਪਲੇਆਫ ਲਈ ਬਚੇ ਆਖਰੀ ਸਥਾਨ ’ਤੇ ਦਾਅਵਾ ਮਜ਼ਬੂਤ ਕਰਨ ਲਈ ਜ਼ੋਰ ਲਾਉਣਗੀਆਂ। ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ।
ਮੁੰਬਈ ਦੀ ਟੀਮ ਦੇ ਹੁਣ ਤੱਕ 12 ਮੈਚਾਂ ਵਿਚੋਂ 7 ਜਿੱਤਾਂ ਨਾਲ 14 ਅੰਕ ਜਦਕਿ ਦਿੱਲੀ ਦੇ 12 ਮੈਚਾਂ ਵਿੱਚ 6 ਜਿੱਤਾਂ ਨਾਲ 13 ਅੰਕ ਹਨ। ਦਿੱਲੀ ਦਾ ਇੱਕ ਮੈਚ ਬੇਨਤੀਜਾ ਰਿਹਾ ਸੀ। ਸਨਰਾਈਜ਼ਰਜ਼ ਹੈਦਰਾਬਾਦ ਨੇ ਲੰਘੇ ਦਿਨ ਲਖਨਊ ਸੁਪਰਜਾਇੰਟਸ ਨੂੰ ਛੇ ਵਿਕਟਾਂ ਹਰਾ ਦਿੱਤਾ ਸੀ, ਜਿਸ ਕਾਰਨ ਲਖਨਊ ਦੀ ਪਲੇਆਫ ’ਚ ਜਗ੍ਹਾ ਬਣਾਉਣ ਦੀ ਉਮੀਦ ਖਤਮ ਹੋ ਗਈ ਸੀ। ਪਲੇਆਫ ’ਚ ਜਗ੍ਹਾ ਬਣਾਉਣ ਲਈ ਹੁਣ ਮੁੰਬਈ ਤੇ ਦਿੱਲੀ ਵਿਚਾਲੇ ਮੁਕਾਬਲਾ ਹੋਵੇਗਾ। ਗੁਜਰਾਤ ਟਾਈਟਨਜ਼, ਪੰਜਾਬ ਕਿੰਗਜ਼ ਅਤੇ ਰੌਇਲ ਚੈਲੈਂਜ਼ਰਜ਼ ਬੰਗਲੂਰੂ ਪਹਿਲਾਂ ਹੀ ਨਾਕਆਊਟ ’ਚ ਜਗ੍ਹਾ ਪੱਕੀ ਕਰ ਚੁੱਕੇ ਹਨ। ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਜ਼ ਦੋਵਾਂ ਕੋਲ ਹੀ ਪਲੇਆਫ ’ਚ ਜਗ੍ਹਾ ਬਣਾਉਣ ਦਾ ਮੌਕਾ ਹੈ। ਜੇ ਹਾਰਦਿਕ ਪਾਂਡਿਆ ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ 21 ਮਈ ਨੂੰ ਮੈਚ ਜਿੱਤਦੀ ਹੈ ਤਾਂ ਉਸ ਦੇ 16 ਅੰਕ ਹੋ ਜਾਣਗੇ ਅਤੇ ਉਹ ਪਲੇਆਫ ’ਚ ਪਹੁੰਚ ਸਕਦੀ ਹੈ ਜਦਕਿ ਅਕਸ਼ਰ ਪਟੇਲ ਦੀ ਅਗਵਾਈ ਵਾਲੀ ਦਿੱਲੀ ਨੂੰ ਪਲੇਆਫ ’ਚ ਪਹੁੰਚਣ ਲਈ ਆਪਣੇ ਬਾਕੀ ਦੇ ਦੋਵੇਂ ਮੈਚ ਜਿੱਤਣੇ ਪੈਣਗੇ। -ਪੀਟੀਆਈ