ਆਈਪੀਐੱਲ: ਪੰਜਾਬ ਤੇ ਬੰਗਲੂਰੂ ਵਿਚਾਲੇ ਪਹਿਲਾ ਕੁਆਲੀਫਾਇਰ ਅੱਜ
ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ (ਮੁਹਾਲੀ), 28 ਮਈ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦਾ ਪਹਿਲਾ ਕੁਆਲੀਫ਼ਾਇਰ ਪੰਜਾਬ ਕਿੰਗਜ਼ ਅਤੇ ਰੌਇਲ ਚੈਲੇਂਜਰਜ਼ ਬੰਗਲੂਰੂ ਵਿਚਾਲੇ ਵੀਰਵਾਰ ਨੂੰ ਨਿਊ ਚੰਡੀਗੜ੍ਹ ਮੁਲਾਂਪੁਰ ਦੇ ਨਿਊ ਪੀਸੀਏ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਲਈ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਹੈ। ਹਾਲਾਂਕਿ ਮੌਸਮ ਵਿਭਾਗ ਨੇ ਅਗਲੇ ਦੋ ਦਿਨ ਹਲਕੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਕਾਰਨ ਮੈਚ ਪ੍ਰਭਾਵਿਤ ਹੋ ਸਕਦਾ ਹੈ।
ਪਹਿਲਾ ਕੁਆਲੀਫਾਇਰ ਜਿੱਤਣ ਵਾਲੀ ਟੀਮ ਸਿੱਧਾ ਫ਼ਾਈਨਲ ਵਿਚ ਜਗ੍ਹਾ ਬਣਾਏਗੀ, ਜਦਕਿ ਹਾਰਨ ਵਾਲੀ ਟੀਮ 30 ਮਈ ਨੂੰ ਗੁਜਰਾਤ ਟਾਈਟਨਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਣ ਵਾਲੇ ਐਲੀਮੀਨੇਟਰ ਦੇ ਜੇਤੂ ਨਾਲ ਭਿੜਨਾ ਪਵੇਗਾ। ਪੰਜਾਬ ਅਤੇ ਬੰਗਲੂਰੂ ਵਿਚਾਲੇ ਲੀਗ ਵਿਚ ਦੋ ਮੈਚ ਹੋਏ ਹਨ ਅਤੇ ਦੋਵੇਂ ਟੀਮਾਂ ਨੇ ਇੱਕ-ਇੱਕ ਮੈਚ ਜਿੱਤਿਆ ਹੈ। ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਅੱਜ ਸਟੇਡੀਅਮ ਵਿਚ ਅਭਿਆਸ ਕੀਤਾ। ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਅਤੇ ਕੋਚ ਰਿੱਕੀ ਪੌਟਿੰਗ ਨੇ ਟੀਮ ਨਾਲ ਰਣਨੀਤੀ ਘੜੀ।
ਪੰਜਾਬ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ
ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮੁੱਲਾਂਪੁਰ ਖੇਤਰ ਨੂੰ ਨੋ ਡਰੋਨ ਅਤੇ ਨੋ ਫਲਾਇੰਗ ਜ਼ੋਨ ਐਲਾਨਿਆ ਹੈ। ਉਨ੍ਹਾਂ ਮੁਹਾਲੀ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੈਚਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਦਰਸ਼ਕਾਂ ਅਤੇ ਰਾਹਗੀਰਾਂ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਨਾ ਆਉਣ ਦੇਣ ਦੀ ਹਦਾਇਤ ਕੀਤੀ। ਇਸੇ ਤਰ੍ਹਾਂ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ, ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਸਮੇਤ ਉੱਚ ਅਧਿਕਾਰੀਆਂ ਨੇ ਸਟੇਡੀਅਮ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।