ਆਈਪੀਐੱਲ ਦੇ ਰੰਗ
ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਸਾਲਾਨਾ ਜਸ਼ਨ- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 18ਵੇਂ ਐਡੀਸ਼ਨ ’ਚ ਇਸ ਵਾਰ ਦੋ ਮਹਾਨ ਖਿਡਾਰੀਆਂ ਦੀਆਂ ਕਿਸਮਤਾਂ ’ਚ ਸਪੱਸ਼ਟ ਫ਼ਰਕ ਦੇਖਣ ਨੂੰ ਮਿਲਿਆ। ਵਿਰਾਟ ਕੋਹਲੀ ਦੀ ਆਈਪੀਐੱਲ ਖ਼ਿਤਾਬ ਜਿੱਤਣ ਦੀ ਤੜਫ਼ ਆਖ਼ਿਰਕਾਰ ਖ਼ਤਮ ਹੋ ਗਈ ਕਿਉਂਕਿ ਰੌਇਲ ਚੈਲੰਜਰਜ਼ ਬੰਗਲੂਰੂ ਚੈਂਪੀਅਨ ਬਣ ਗਈ, ਜਦੋਂਕਿ ਐੱਮਐੱਸ ਧੋਨੀ ਨੂੰ ਬੇਵਸ ਹੁੰਦਿਆਂ ਪੰਜ ਵਾਰ ਦੀ ਜੇਤੂ ਚੇਨਈ ਸੁਪਰ ਕਿੰਗਜ਼ ਨੂੰ ਬਿਲਕੁਲ ਭੁੰਝੇ ਡਿੱਗਦੇ ਦੇਖਣਾ ਪਿਆ। ਕੋਹਲੀ, ਜੋ ਪਿਛਲੇ ਸਾਲ ਟੀ-20 ਵਿਸ਼ਵ ਕੱਪ ਅਤੇ ਕੁਝ ਮਹੀਨੇ ਪਹਿਲਾਂ ਇੱਕ ਰੋਜ਼ਾ ਵਰਗ ਦੀ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ, ਮੁੱਢ ਤੋਂ ਹੀ ਆਈਪੀਐੱਲ ਦਾ ਮੋਰਚਾ ਫਤਿਹ ਕਰਨ ਲਈ ਦ੍ਰਿੜ੍ਹ ਨਜ਼ਰ ਆ ਰਿਹਾ ਸੀ ਤੇ ਉਸ ਨੇ ਇਸ ਨੂੰ ਆਪਣੇ ਖ਼ਾਸ ਅੰਦਾਜ਼ ਨਾਲ ਫਤਿਹ ਕੀਤਾ ਵੀ।
ਹੈਰਾਨੀ ਦੀ ਗੱਲ ਹੈ ਕਿ 36 ਸਾਲਾ ਕੋਹਲੀ ਵਿੱਚ ਅਜੇ ਵੀ ਉਹ ਜਜ਼ਬਾ ਬਰਕਰਾਰ ਹੈ ਜਿਸ ਨੇ ਡੇਢ ਦਹਾਕਾ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਉਦੋਂ ਹੈਰਤ ’ਚ ਪਾਇਆ ਸੀ ਜਦੋਂ ਮੈਦਾਨ ’ਚ ਪਹਿਲੀ ਵਾਰ ਪੈਰ ਧਰਿਆ ਸੀ। ਬਦਕਿਸਮਤੀ ਨਾਲ, ਧੋਨੀ (43) ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ, ਜੋ ਆਪਣੇ ਸੁਨਹਿਰੀ ਦੌਰ ਤੋਂ ਕਾਫ਼ੀ ਅੱਗੇ ਲੰਘ ਚੁੱਕਾ ਹੈ ਤੇ ਹੁਣ ਮਹਿਜ਼ ਟੀਮ ਨੂੰ ਹੇਠਾਂ ਲਿਜਾ ਰਿਹਾ ਹੈ। ਇਸ ਵਰ੍ਹੇ ਦੇ ਆਈਪੀਐੱਲ ਨੇ ਸ਼੍ਰੇਅਸ ਅਈਅਰ ਨੂੰ ਵੀ ਲਗਭਗ ਭਰੋਸੇਮੰਦ ਕਪਤਾਨ ਵਜੋਂ ਸਥਾਪਿਤ ਕਰ ਦਿੱਤਾ ਤੇ ਦਰਸਾਇਆ ਕਿ ਉਹ ਕਿਸੇ ਵੀ ਟੀਮ ਦੀ ਸਿਰੇ ਤੱਕ ਅਗਵਾਈ ਕਰਨ ਦੇ ਸਮਰੱਥ ਹੈ। ਪਿਛਲੇ ਸਾਲ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਦਿਵਾਉਣ ਤੋਂ ਬਾਅਦ ਉਸ ਨੇ ਪੰਜਾਬ ਕਿੰਗਜ਼ ਨੂੰ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਮਗਰੋਂ ਫਾਈਨਲ ਤੱਕ ਪਹੁੰਚਾਇਆ। ਭਾਰਤ ਦੇ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਗੁਜਰਾਤ ਟਾਈਟਨਜ਼ ਦੀ ਚੰਗੀ ਅਗਵਾਈ ਕੀਤੀ ਪਰ ਬਾਅਦ ਵਿੱਚ ਟੂਰਨਾਮੈਂਟ ਦੇ ਅੰਤ ਵਿੱਚ ਉਹ ਡਗਮਗਾ ਗਿਆ। ਹਾਰਦਿਕ ਪਾਂਡਿਆ ਨੇ ਵੀ ਮੁੰਬਈ ਇੰਡੀਅਨਜ਼ ਨੂੰ ਉਦੋਂ ਤੱਕ ਮੁਕਾਬਲੇ ਵਿੱਚ ਬਣਾਈ ਰੱਖਿਆ ਜਦੋਂ ਤੱਕ ਉਸ ਦੀ ਟੀਮ ਨੂੰ ਦਲੇਰ ਪੰਜਾਬ ਦੀ ਟੀਮ ਨੇ ਬਾਹਰ ਦਾ ਰਾਹ ਨਹੀਂ ਦਿਖਾ ਦਿੱਤਾ। ਗੁਜਰਾਤ ਟਾਈਟਨਜ਼ ਤੇ ਮੁੰਬਈ ਇੰਡੀਅਨਜ਼ ਵਰਗੀਆਂ ਤਕੜੀਆਂ ਦਾਅਵੇਦਾਰ ਟੀਮਾਂ ਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਈਆਂ।
ਤਜਰਬੇਕਾਰ ਖਿਡਾਰੀਆਂ ਨੇ ਭਾਵੇਂ ਉਤਰਾਅ-ਚੜ੍ਹਾਅ ਦੇਖੇ, ਪਰ ਇਸ ਸੀਜ਼ਨ ਨੇ ਭਾਰਤ ਦੀ ਅਥਾਹ ਪ੍ਰਤਿਭਾ ਨੂੰ ਪ੍ਰਦਰਸ਼ਿਤ ਕੀਤਾ। ਨੌਜਵਾਨ ਖਿਡਾਰੀਆਂ ਨੇ ਪੂਰੀ ਤਾਕਤ ਨਾਲ ਆਪਣੀ ਖੇਡ ਪ੍ਰਦਰਸ਼ਿਤ ਕੀਤੀ, ਭਾਵੇਂ ਉਹ ਅਭਿਸ਼ੇਕ ਸ਼ਰਮਾ ਸੀ, ਪ੍ਰਿਆਂਸ਼ ਆਰਿਆ, ਆਯੂਸ਼ ਮਹਾਤਰੇ, ਸਾਈ ਸੁਦਰਸ਼ਨ, ਸ਼ਸ਼ਾਂਕ ਸਿੰਘ ਜਾਂ ਫਿਰ 14 ਸਾਲ ਦਾ ਵੈਭਵ ਸੂਰਿਆਵੰਸ਼ੀ। ਆਈਪੀਐੱਲ ’ਤੇ ਭਾਰਤ-ਪਾਕਿਸਤਾਨ ਟਕਰਾਅ ਦਾ ਪਰਛਾਵਾਂ ਵੀ ਭਾਵੇਂ ਪਿਆ, ਪਰ ‘ਸ਼ੋਅ ਮਸਟ ਗੋ ਆਨ’ ਦੀ ਭਾਵਨਾ ਬਰਕਰਾਰ ਰਹੀ। ਸਰਹੱਦੀ ਤਣਾਅ ਦੇ ਦਰਮਿਆਨ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਲੀਗਾਂ ਨਾਲੋ-ਨਾਲ ਚੱਲਦੀਆਂ ਰਹੀਆਂ, ਜਿਸ ਵਿੱਚ ਭਾਰਤੀ ਲੀਗ ਪ੍ਰਸਿੱਧੀ ਦੇ ਪੱਖ ਤੋਂ ਪੂਰੀ ਤਰ੍ਹਾਂ ਹਾਵੀ ਰਹੀ।