ਆਈਪੀਐੱਲ ਵਿੱਚ ਅੱਜ ਬੰਗਲੂਰੂ ਤੇ ਲਖਨਊ ਵਿਚਾਲੇ ਟੱਕਰ
ਲਖਨਊ, 26 ਮਈ
ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਮੰਗਲਵਾਰ ਨੂੰ ਜਦੋਂ ਆਈਪੀਐੱਲ ਦੇ ਆਖਰੀ ਲੀਗ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨਾਲ ਭਿੜੇਗੀ ਤਾਂ ਉਹ ਅੰਕ ਸੂਚੀ ਵਿੱਚ ਸਿਖਰਲੇ ਦੋ ਸਥਾਨਾਂ ਵਿੱਚ ਥਾਂ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰੇਗੀ। ਉਧਰ ਲਖਨਊ ਦੀ ਟੀਮ ਆਪਣੀ ਨਿਰਾਸ਼ਾਜਨਕ ਮੁਹਿੰਮ ਜਿੱਤ ਨਾਲ ਖ਼ਤਮ ਕਰਨਾ ਚਾਹੇਗੀ। ਅੰਕ ਸੂਚੀ ਵਿੱਚ ਸਿਖਰਲੀਆਂ ਦੋ ਟੀਮਾਂ ਨੂੰ ਤੀਜੇ ਅਤੇ ਚੌਥੇ ਸਥਾਨ ’ਤੇ ਕਾਬਜ਼ ਟੀਮਾਂ ਦੇ ਮੁਕਾਬਲੇ ਫਾਈਨਲ ਵਿੱਚ ਪਹੁੰਚਣ ਦਾ ਵਾਧੂ ਮੌਕਾ ਮਿਲਦਾ ਹੈ। ਬੰਗਲੂਰੂ ਦੇ 17 ਅੰਕ ਹਨ ਅਤੇ ਉਸ ਕੋਲ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਸਿਖਰਲੇ ਦੋ ’ਚ ਪਹੁੰਚਣ ਲਈ ਉਸ ਨੂੰ ਹਰ ਹਾਲ ਵਿੱਚ ਜਿੱਤ ਜ਼ਰੂਰੀ ਹੈ। ਆਸਟਰੇਲਿਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੀ ਵਾਪਸੀ ਨੇ ਬੰਗਲੂਰੂ ਦੇ ਕੈਂਪ ਵਿੱਚ ਉਤਸ਼ਾਹ ਵਧਾ ਦਿੱਤਾ ਹੈ। ਹੇਜ਼ਲਵੁੱਡ ਇਸ ਸੀਜ਼ਨ ਵਿੱਚ ਟੀਮ ਲਈ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਗੇਂਦਬਾਜ਼ ਰਿਹਾ ਹੈ। ਉਸ ਨੇ 10 ਮੈਚਾਂ ਵਿੱਚ 18 ਵਿਕਟਾਂ ਲਈਆਂ ਹਨ।
ਪਿਛਲੇ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਹਰਾਉਣ ਤੋਂ ਬਾਅਦ ਮੇਜ਼ਬਾਨ ਲਖਨਊ ਦੀ ਟੀਮ ਵੀ ਆਤਮਵਿਸ਼ਵਾਸ ਨਾਲ ਭਰੀ ਹੋਵੇਗੀ। ਏਡਨ ਮਾਰਕਰਾਮ, ਮਿਸ਼ੇਲ ਮਾਰਸ਼ ਅਤੇ ਨਿਕੋਲਸ ਪੂਰਨ ਦੀ ਤਿੱਕੜੀ ਨੇ ਇਸ ਸੀਜ਼ਨ ਵਿੱਚ ਲਖਨਊ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਦੀ ਹਮਲਾਵਰ ਬੱਲੇਬਾਜ਼ੀ ਨੇ ਟੀਮ ਨੂੰ ਗੁਜਰਾਤ ਖ਼ਿਲਾਫ਼ ਦੋ ਵਿਕਟਾਂ ’ਤੇ 235 ਦੌੜਾਂ ਦਾ ਵੱਡਾ ਸਕੋਰ ਬਣਾਉਣ ਵਿੱਚ ਮਦਦ ਕੀਤੀ ਸੀ। ਇਸ ਮੈਚ ਵਿੱਚ ਟੀਮ ਦੀ ਗੇਂਦਬਾਜ਼ੀ ਨੇ ਵੀ ਪ੍ਰਭਾਵਿਤ ਕੀਤਾ ਸੀ। -ਪੀਟੀਆਈ