ਆਈਪੀਐੱਲ ਵਿੱਚ ਅੱਜ ਪੰਜਾਬ ਤੇ ਮੁੰਬਈ ਹੋਣਗੇ ਆਹਮੋ-ਸਾਹਮਣੇ
ਜੈਪੁਰ, 25 ਮਈ
ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਇੱਕ-ਦੂਜੇ ਖ਼ਿਲਾਫ਼ ਮੁਕਾਬਲੇ ਦੌਰਾਨ ਸਿਖਰਲੇ ਦੋ ਸਥਾਨਾਂ ’ਤੇ ਪਹੁੰਚਣ ਦੀ ਕੋਸ਼ਿਸ਼ ਕਰਨਗੀਆਂ। ਲੀਗ ਗੇੜ ਵਿੱਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੋਵੇਗਾ। ਪੰਜਾਬ ਕਿੰਗਜ਼ ਇਸ ਵੇਲੇ 17 ਅੰਕਾਂ ਨਾਲ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ ਪਰ ਮੁੰਬਈ ਤੋਂ ਹਾਰਨ ਮਗਰੋਂ ਉਹ ਤੀਜੇ ਜਾਂ ਚੌਥੇ ਸਥਾਨ ’ਤੇ ਪਹੁੰਚ ਜਾਵੇਗੀ। ਪਿਛਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਹੱਥੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬ ਕਿੰਗਜ਼ ਨੂੰ ਹੁਣ ਸਿਖਰਲੇ ਦੋ ਵਿੱਚ ਜਗ੍ਹਾ ਬਣਾਉਣ ਲਈ ਮੁੰਬਈ ਇੰਡੀਅਨਜ਼ ਖ਼ਿਲਾਫ਼ ਹਰ ਕੀਮਤ ’ਤੇ ਜਿੱਤ ਹਾਸਲ ਕਰਨੀ ਪਵੇਗੀ।
ਪਲੇਅ-ਆਫ ਲਈ ਕੁਆਲੀਫਾਈ ਕਰਨ ਵਾਲੀਆਂ ਟੀਮਾਂ ’ਚੋਂ ਮੁੰਬਈ ਇੰਡੀਅਨਜ਼ ਦਾ ਨੈੱਟ ਰਨ ਰੇਟ ਸਭ ਤੋਂ ਵਧੀਆ ਹੈ। ਜੇ ਟੀਮ ਪੰਜਾਬ ਕਿੰਗਜ਼ ਨੂੰ ਹਰਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਇਹ ਉਸ ਲਈ ਕਾਫੀ ਲਾਹੇਵੰਦ ਸਾਬਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਜੇ ਗੁਜਰਾਤ ਟਾਈਟਨਜ਼ ਅਤੇ ਰੌਇਲ ਚੈਲੰਜਰਜ਼ ਬੰਗਲੂਰੂ ਦੀਆਂ ਟੀਮਾਂ ਆਪੋ-ਆਪਣੇ ਆਖਰੀ ਮੈਚ ਹਾਰ ਜਾਂਦੀਆਂ ਹਨ ਤਾਂ ਮੁੰਬਈ ਦੀ ਟੀਮ ਸਿਖਰਲੇ ਦੋ ਸਥਾਨਾਂ ਵਿੱਚ ਪਹੁੰਚ ਜਾਵੇਗੀ। ਬੀਤੇ ਦਿਨ ਦਿੱਲੀ ਕੈਪੀਟਲਜ਼ ਖ਼ਿਲਾਫ਼ 200 ਤੋਂ ਵੱਧ ਦੌੜਾਂ ਦਾ ਬਚਾਅ ਕਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਪੰਜਾਬ ਦੀ ਟੀਮ ਆਪਣੀ ਗੇਂਦਬਾਜ਼ੀ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ ਮੁੰਬਈ ਦੀ ਗੇਂਦਬਾਜ਼ੀ ਦੀ ਕਮਾਨ ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਹੱਥ ਹੋਵੇਗੀ। ਇਸ ਤਰ੍ਹਾਂ ਪੰਜਾਬ ਦੀ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਦੀ ਵੀ ਚੰਗੀ ਪਰਖ ਹੋਵੇਗੀ। -ਪੀਟੀਆਈ