ਆਈਪੀਐੱਲ: ਪੰਜਾਬ ਤੇ ਮੁੰਬਈ ਵਿਚਾਲੇ ਮੁਕਾਬਲਾ ਅੱਜ
ਅਹਿਮਦਾਬਾਦ, 31 ਮਈ
ਆਪਣੇ ਪਹਿਲੇ ਖਿਤਾਬ ਦੀ ਕਵਾਇਦ ’ਚ ਲੱਗੀ ਪੰਜਾਬ ਕਿੰਗਜ਼ ਦੀ ਟੀਮ ਨੂੰ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਦੂਜੇ ਕੁਆਲੀਫਾਇਰ ਵਿੱਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਪੰਜਾਬ ਦੀ ਟੀਮ ਨੂੰ ਪਹਿਲੇ ਕੁਆਲੀਫਾਇਰ ਵਿੱਚ ਰੌਇਲ ਚੈਲੇਂਜਰਜ਼ ਬੰਗਲੂਰੂ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜੇ ਪੰਜਾਬ ਪਹਿਲੀ ਵਾਰ ਚੈਂਪੀਅਨ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਪੇਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਸੈਮੀਫਾਈਨਲ ਵਾਂਗ ਹੈ। ਜੇਤੂ ਟੀਮ ਫਾਈਨਲ ਵਿੱਚ ਬੰਗਲੂਰੂ ਦਾ ਸਾਹਮਣਾ ਕਰੇਗੀ।
ਮੁੰਬਈ ਨੇ ਬੀਤੀ ਰਾਤ ਗੁਜਰਾਤ ਟਾਈਟਨਜ਼ ਨੂੰ ਹਰਾ ਕੇ ਆਪਣੇ ਛੇਵੇਂ ਖ਼ਿਤਾਬ ਵੱਲ ਇੱਕ ਹੋਰ ਕਦਮ ਵਧਾਇਆ ਹੈ। ਇਸ ਜਿੱਤ ਨਾਲ ਮੁੰਬਈ ਦਾ ਆਤਮਵਿਸ਼ਵਾਸ ਜ਼ਰੂਰ ਵਧਿਆ ਹੋਵੇਗਾ। ਬੰਗਲੂਰੂ ਅਤੇ ਪੰਜਾਬ ਦੇ ਮੁਕਾਬਲੇ ਮੁੰਬਈ ਕੋਲ ਨਾਕਆਊਟ ਗੇੜਾਂ ਵਿੱਚ ਜਿੱਤਣ ਦਾ ਜ਼ਿਆਦਾ ਤਜਰਬਾ ਹੈ। ਮਾਰਕੋ ਜਾਨਸਨ ਅਤੇ ਆਈਪੀਐੱਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਯੁਜ਼ਵੇਂਦਰ ਚਾਹਲ ਦੀ ਗੈਰਹਾਜ਼ਰੀ ਪੰਜਾਬ ਦੀ ਟੀਮ ਲਈ ਚਿੰਤਾ ਦਾ ਕਾਰਨ ਹੈ ਕਿਉਂਕਿ ਇਨ੍ਹਾਂ ਖਿਡਾਰੀਆਂ ਦੀ ਜਗ੍ਹਾ ਅਜ਼ਮਾਏ ਗਏ ਬਦਲਵੇਂ ਖਿਡਾਰੀਆਂ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ। ਇਸ ਦੀ ਭਰਪਾਈ ਲਈ ਪੰਜਾਬ ਦੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਦੂਜੇ ਪਾਸੇ ਮੁੰਬਈ ਦਾ ਤਜਰਬੇਕਾਰ ਬੱਲੇਬਾਜ਼ ਰੋਹਿਤ ਸ਼ਰਮਾ ਗੁਜਰਾਤ ਖ਼ਿਲਾਫ਼ ਪਿਛਲੇ ਮੈਚ ਵਿੱਚ ਲੈਅ ’ਚ ਨਜ਼ਰ ਆਇਆ ਅਤੇ ਪੰਜਾਬ ਦੇ ਗੇਂਦਬਾਜ਼ਾਂ ਲਈ ਉਸ ਨੂੰ ਰੋਕਣਾ ਸੌਖਾ ਨਹੀਂ ਹੋਵੇਗਾ। ਫਾਈਨਲ ਵਿੱਚ ਪਹੁੰਚਣ ਲਈ ਉਸ ਦੀ ਟੀਮ ਰੋਹਿਤ, ਜਸਪ੍ਰੀਤ ਬੁਮਰਾਹ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ ਅਤੇ ਕਪਤਾਨ ਹਾਰਦਿਕ ਪਾਂਡਿਆ ਦੇ ਪ੍ਰਦਰਸ਼ਨ ’ਤੇ ਨਿਰਭਰ ਕਰੇਗੀ। ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਇਸ ਮੈਚ ਦਾ ਨਤੀਜਾ ਕਾਫ਼ੀ ਹੱਦ ਤੱਕ ਗੇਂਦਬਾਜ਼ਾਂ ਦੇ ਪ੍ਰਦਰਸ਼ਨ ’ਤੇ ਨਿਰਭਰ ਕਰੇਗਾ ਕਿਉਂਕਿ ਇੱਥੋਂ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਹੈ। -ਪੀਟੀਆਈ