ਆਈਪੀਐੱਲ: ਗੁਜਰਾਤ ਤੇ ਲਖਨਊ ਵਿਚਾਲੇ ਟੱਕਰ ਅੱਜ
ਅਹਿਮਦਾਬਾਦ, 21 ਮਈ
ਸਾਬਕਾ ਚੈਂਪੀਅਨ ਗੁਜਰਾਤ ਟਾਈਟਨਜ਼ ਦੀ ਟੀਮ ਵੀਰਵਾਰ ਨੂੰ ਇੱਥੇ ਜਦੋਂ ਆਈਪੀਐੱਲ ਵਿੱਚ ਲਖਨਊ ਸੁਪਰਜਾਇੰਟਸ ਨਾਲ ਭਿੜੇਗੀ ਤਾਂ ਉਹ ਆਪਣੀ ਜੇਤੂ ਲੈਅ ਕਾਇਮ ਰੱਖਦਿਆਂ ਸਿਖਰਲੇ ਦੋ ਸਥਾਨਾਂ ’ਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। 12 ਮੈਚਾਂ ’ਚੋਂ 18 ਅੰਕਾਂ ਨਾਲ ਗੁਜਰਾਤ ਦੀ ਟੀਮ ਪਲੇਅਆਫ ਵਿੱਚ ਜਗ੍ਹਾ ਬਣਾ ਚੁੱਕੀ ਹੈ। ਰੌਇਲ ਚੈਲੰਜਰਜ਼ ਬੰਗਲੂਰੂ ਅਤੇ ਪੰਜਾਬ ਕਿੰਗਜ਼ ਦੇ 17-17 ਅੰਕ ਹਨ ਅਤੇ ਸਿਖਰਲੇ ਦੋ ਸਥਾਨਾਂ ਲਈ ਮੁਕਾਬਲਾ ਦਿਲਚਸਪ ਹੈ। ਗੁਜਰਾਤ ਨੇ ਇਸ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਦੇ ਸਿਖਰਲੇ ਤਿੰਨ ਬੱਲੇਬਾਜ਼ਾਂ ਬੀ ਸਾਈ ਸੁਦਰਸ਼ਨ (617 ਦੌੜਾਂ), ਕਪਤਾਨ ਸ਼ੁਭਮਨ ਗਿੱਲ (601) ਅਤੇ ਜੋਸ ਬਟਲਰ (500) ਸ਼ਾਨਦਾਰ ਲੈਅ ਵਿੱਚ ਹਨ। ਤਿੰਨਾਂ ਨੇ ਮਿਲ ਕੇ 16 ਨੀਮ ਸੈਂਕੜੇ ਅਤੇ ਇੱਕ ਸੈਂਕੜਾ ਲਾਇਆ ਹੈ। ਗੁਜਰਾਤ ਦੇ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਲਈ ਪ੍ਰਸਿੱਧ ਕ੍ਰਿਸ਼ਨਾ ਨੇ ਸਭ ਤੋਂ ਵੱਧ 21 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਮੁਹੰਮਦ ਸਿਰਾਜ ਅਤੇ ਬੀ ਸਾਈ ਕਿਸ਼ੋਰ ਵੀ 15-15 ਵਿਕਟਾਂ ਲੈ ਚੁੱਕੇ ਹਨ। ਦੂਜੇ ਪਾਸੇ ਸੋਮਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ ਹਾਰ ਕੇ ਲਖਨਊ ਦੀਆਂ ਪਲੇਅਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਚਕਨਾਚੂਰ ਹੋ ਚੁੱਕੀਆਂ ਹਨ। ਰਿਸ਼ਭ ਪੰਤ ਦੀ ਅਗਵਾਈ ਹੇਠਲੀ ਟੀਮ ਲਗਾਤਾਰ ਚਾਰ ਮੈਚ ਹਾਰ ਚੁੱਕੀ ਹੈ। ਟੀਮ ਦੀ ਬੱਲੇਬਾਜ਼ੀ ਵਿਦੇਸ਼ੀ ਖਿਡਾਰੀਆਂ ਮਿਸ਼ੇਲ ਮਾਰਸ਼, ਏਡਨ ਮਾਰਕਰਮ ਅਤੇ ਨਿਕੋਲਸ ਪੂਰਨ ’ਤੇ ਨਿਰਭਰ ਰਹੀ ਹੈ। -ਪੀਟੀਆਈ