ਆਈਪੀਐੱਲ: ਗੁਜਰਾਤ ਤੇ ਚੇਨੱਈ ਵਿਚਾਲੇ ਟੱਕਰ ਅੱਜ
ਅਹਿਮਦਾਬਾਦ, 24 ਮਈ
ਗੁਜਰਾਤ ਟਾਈਟਨਜ਼ ਦੀ ਟੀਮ ਐਤਵਾਰ ਨੂੰ ਜਦੋਂ ਆਈਪੀਐੱਲ ਵਿੱਚ ਚੇਨੱਈ ਸੁਪਰ ਕਿੰਗਜ਼ ਨਾਲ ਭਿੜੇਗੀ ਤਾਂ ਉਸ ਦੀ ਨਜ਼ਰ ਅੰਕ ਸੂਚੀ ਵਿੱਚ ਸਿਖਰਲੇ ਦੋ ਵਿੱਚ ਕਾਇਮ ਰਹਿਣ ’ਤੇ ਹੋਵੇਗੀ। ਚੇਨੱਈ ਖ਼ਿਲਾਫ਼ ਜਿੱਤ ਨਾਲ ਗੁਜਰਾਤ ਦੇ 20 ਅੰਕ ਹੋ ਜਾਣਗੇ, ਜਿਸ ਨਾਲ ਉਹ ਪਹਿਲੇ ਦੋ ਸਥਾਨਾਂ ’ਚ ਰਹਿਣ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਵੇਗੀ। ਦੂਜੇ ਪਾਸੇ ਪਲੇਅਆਫ ਦੀ ਦੌੜ ’ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਚੇਨੱਈ ਦੀ ਟੀਮ ਆਪਣੇ ਨੌਜਵਾਨ ਖਿਡਾਰੀਆਂ ਅਤੇ ਹੋਰ ਜੋੜੀਆਂ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕਰੇਗੀ। ਗੁਜਰਾਤ ਦੀ ਬੱਲੇਬਾਜ਼ੀ ਸਿਖਰਲੇ ਤਿੰਨ ਬੱਲੇਬਾਜ਼ਾਂ ਸ਼ੁਭਮਨ ਗਿੱਲ, ਸਾਈ ਸੁਦਰਸ਼ਨ ਅਤੇ ਜੋਸ ਬਟਲਰ ’ਤੇ ਨਿਰਭਰ ਕਰਦੀ ਹੈ। ਬਟਲਰ ਐਤਵਾਰ ਨੂੰ ਟੀਮ ਦੇ ਆਖਰੀ ਲੀਗ ਮੈਚ ਤੋਂ ਬਾਅਦ ਕਮੀ ਟੀਮ ਨਾਲ ਜੁੜਨ ਲਈ ਰਵਾਨਾ ਹੋ ਜਾਵੇਗਾ। ਪਲੇਅਆਫ ਵਿੱਚ ਬਟਲਰ ਦੀ ਗੈਰਹਾਜ਼ਰੀ ਨਾਲ ਟੀਮ ਦਾ ਸਿਖਰਲਾ ਕ੍ਰਮ ਕਮਜ਼ੋਰ ਨਜ਼ਰ ਆਵੇਗਾ। -ਪੀਟੀਆਈ
ਕੋਲਕਾਤਾ ਤੇ ਹੈਦਰਾਬਾਦ ਵੀ ਹੋਣਗੇ ਆਹਮੋ-ਸਾਹਮਣੇ
ਨਵੀਂ ਦਿੱਲੀ: ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਐਤਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ। ਦੋਵੇਂ ਟੀਮਾਂ ਪਹਿਲਾਂ ਹੀ ਖਿਤਾਬੀ ਦੌੜ ’ਚੋਂ ਬਾਹਰ ਹੋ ਚੁੱਕੀਆਂ ਹਨ। ਇਸ ਮੈਚ ਵਿੱਚ ਹੈਦਰਾਬਾਦ ਦਾ ਹੱਥ ਉੱਪਰ ਹੋਵੇਗਾ। ਹੈਦਰਾਬਾਦ ਨੇ ਬੀਤੀ ਰਾਤ ਰੌਇਲ ਚੈਲੇਂਜਰਜ਼ ਬੰਗਲੂਰੂ ਨੂੰ 42 ਦੌੜਾਂ ਨਾਲ ਹਰਾਇਆ ਸੀ। ਦੂਜੇ ਪਾਸੇ ਕੋਲਕਾਤਾ ਨੇ ਇਸ ਸੀਜ਼ਨ ਵਿੱਚ ਆਪਣਾ ਆਖਰੀ ਮੁਕਾਬਲਾ 7 ਮਈ ਨੂੰ ਖੇਡਿਆ ਸੀ, ਜਿਸ ਵਿੱਚ ਉਸ ਨੂੰ ਚੇਨੱਈ ਸੁਪਰ ਕਿੰਗਜ਼ ਹੱਥੋਂ ਦੋ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। -ਪੀਟੀਆਈ