ਆਂਵਲਾ ਵੱਲੋਂ ਹਾਦਸੇ ’ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਮਾਲੀ ਮਦਦ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 3 ਫਰਵਰੀ
ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਨੇ ਪਿਛਲੇ ਦਿਨੀਂ ਸੜਕ ਹਾਦਸੇ ’ਚ ਫੌਤ ਹੋਏ ਇੱਕ ਦਰਜਨ ਵਿਅਕਤੀਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਕਮ ਦੇ ਚੈੱਕ ਸੌਂਪੇ। ਸ੍ਰੀ ਆਂਵਲਾ ਨੇ ਹਾਦਸੇ ਦੇ 16 ਜ਼ਖ਼ਮੀਆਂ ਨੂੰ ਵੀ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਕਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਜੇ ਕਿਸੇ ਪੀੜਤ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੀ ਜ਼ਰੂਰਤ ਹੋਈ ਤਾਂ ਉਸ ਨੂੰ ਵੀ ਉਹ ਆਪਣੀ ਕਿਸੇ ਫੈਕਟਰੀ ਵਿੱਚ ਨੌਕਰੀ ਦੇਣਗੇ। ਜ਼ਿਕਰਯੋਗ ਹੈ ਕਿ 31 ਜਨਵਰੀ ਨੂੰ ਕਸਬਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਮੋਹਨ ਕੇ ਹਿਠਾੜ ਨਜ਼ਦੀਕ ਇੱਕ ਕੈਂਟਰ ਅਤੇ ਪਿਕਅਪ ਗੱਡੀ ਦੀ ਆਹਮੋ-ਸਾਹਮਣੀ ਟੱਕਰ ਕਾਰਨ ਇੱਕ ਦਰਜਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 16 ਜਣੇ ਜ਼ਖ਼ਮੀ ਹੋ ਗਏ ਸਨ। ਸ੍ਰੀ ਆਂਵਲਾ ਨੇ ਅੱਜ ਪੀੜਤ ਪਰਿਵਾਰਾਂ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਹ ਇਸ ਹਾਦਸੇ ’ਚ ਮਾਰੇ ਗਏ ਸੁਖਵਿੰਦਰ ਸਿੰਘ ਅਤੇ ਗੋਬਿੰਦਾ ਦੇ ਘਰ ਪੁੱਜੇ। ਸੁਖਵਿੰਦਰ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਘਰ ਵਿਚ ਕਮਾਉਣ ਵਾਲਾ ਹੋਰ ਕੋਈ ਨਹੀਂ ਹੈ। ਦੂਜੇ ਪਾਸੇ, ਗੋਬਿੰਦਾ ਦੇ ਘਰ ਤਿੰਨ ਬੱਚੇ ਹਨ। ਉਸ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਬੱਚਿਆਂ ਦੇ ਪਾਲਣ ਦੀ ਜ਼ਿੰਮੇਵਾਰੀ ਬਜ਼ੁਰਗ ਦਾਦਾ-ਦਾਦੀ ’ਤੇ ਆ ਪਈ ਹੈ ਜੋ ਚੱਲਣ-ਫਿਰਨ ਤੋਂ ਵੀ ਅਸਮਰੱਥ ਹਨ। ਇਲਾਕੇ ਦੇ ਕੁਝ ਹੋਰ ਵਿਅਕਤੀ ਵੀ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਪੀੜਤ ਪਰਿਵਾਰਾਂ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।