ਪ੍ਰਭੂ ਦਿਆਲਸਿਰਸਾ, 11 ਮਾਰਚਆਂਗਣਵਾੜੀ ਵਰਕਰਸ ਤੇ ਹੈਲਪਰ ਯੂਨੀਅਨ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਮਿਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗਾਂ ਪੂਰੀਆਂ ਨਾ ਹੋਣ ’ਤੇ ਤਿੱਖੇ ਅੰਦੋਲਨ ਦੀ ਚਿਤਾਵਨੀ ਦਿੱਤੀ। ਯੂਨੀਅਨ ਦੀ ਆਗੂ ਵੀਰੋ ਰਾਣੀ ਨੇ ਕਿਹਾ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਆਪਣੀਆਂ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਸਰਕਾਰ ਕਰਮਚਾਰੀ ਦਾ ਦਰਜਾ ਦੇਣ ਅਤੇ ਮਿਹਨਤਾਨਾ ਵਧਾਉਣ ਦੀ ਮੰਗ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਹੈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਨੂੰ ਆਂਗਣਵਾੜੀ ਕੇਂਦਰ ਖੋਲ੍ਹਣ, ਬੱਚਿਆਂ ਦੀ ਹਾਜ਼ਰੀ ਲੈਣ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਸਬੰਧੀ ਫ਼ੋਨ ਦਿੱਤੇ ਗਏ ਸਨ ਪਰ ਉਹ ਮਾੜੀ ਘਟੀਆ ਕੁਆਲਟੀ ਦੇ ਹੋਣ ਕਾਰਨ ਆਂਗਣਵਾੜੀ ਵਰਕਰਾਂ ਲਈ ਸਿਰਦਰਦ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਫੋਨਾਂ ਨੂੰ ਰੀਚਾਰਜ ਲਈ ਪੈਸੇ ਵੀ ਨਹੀਂ ਮਿਲਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੰਗੀ ਕੁਆਲਿਟੀ ਦੇ ਲੈਪਟਾਪ ਜਾਂ ਟੈਬਲੇਟ ਦਿੱਤੇ ਜਾਣ ਤਾਂ ਜੋ ਉਹ ਆਪਣਾ ਕੰਮ ਸੁਚਾਰੂ ਢੰਗ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਜਲਦੀ ਹੀ ਇੱਕ ਵੱਡਾ ਅੰਦੋਲਨ ਸ਼ੁਰੂ ਕਰਨਗੀਆਂ। ਇਸ ਮੌਕੇ ’ਤੇ ਕੈਲਾਸ਼, ਪ੍ਰੇਮ ਸਮੇਤ ਕਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸੰਬੋਧਨ ਕੀਤਾ।