ਅੱਲੂ ਅਰਜੁਨ ਨੂੰ ਮਿਲਿਆ ਸਰਵੋਤਮ ਅਦਾਕਾਰ ਦਾ ਪੁਰਸਕਾਰ
ਹੈਦਰਾਬਾਦ: ਮੁੱਖ ਮੰਤਰੀ ਏ. ਰੇਵੰਤ ਰੈੱਡੀ ਸੂਬਾ ਸਰਕਾਰ ਦੇ ‘ਗਦਰ ਤੇਲੰਗਾਨਾ ਫਿਲਮ ਪੁਰਸਕਾਰ 2024’ ਵੱਖ-ਵੱਖ ਸ਼੍ਰੇਣੀਆਂ ਵਿੱਚ ਭੇਟ ਕੀਤੇ। ਅੱਲੂ ਅਰਜੁਨ ਨੂੰ ਬਲਾਕਬਸਟਰ ਫਿਲਮ ‘ਪੁਸ਼ਪਾ-2’ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਸ਼ਨਿੱਚਰਵਾਰ ਰਾਤ ਇੱਥੇ ਹੋਏ ਸਮਾਗਮ ਵਿੱਚ ਰੈੱਡੀ ਨੇ ਆਪਣੇ ਡਿਪਟੀ ਮੱਲੂ ਭੱਟੀ ਵਿਕਰਮਾਰਕਾ ਨਾਲ ਰਲ ਕੇ ਤਜਰਬੇਕਾਰ ਨਿਰਦੇਸ਼ਕ ਮਣੀ ਰਤਨਮ ਨੂੰ ‘ਪੈਦੀ ਜੈਰਾਜ ਫਿਲਮ ਪੁਰਸਕਾਰ’ (ਭਾਰਤੀ ਫਿਲਮ ਸ਼ਖਸੀਅਤ) ਨਾਲ ਨਿਵਾਜਿਆ। ਅਦਾਕਾਰ ਐੱਨ. ਬਾਲਕ੍ਰਿਸ਼ਨ ਨੂੰ ਐੱਨ.ਟੀ.ਆਰ ਫਿਲਮ ਪੁਰਸਕਾਰ ਪ੍ਰਾਪਤ ਹੋਇਆ, ਜਦੋਂ ਕਿ ਅਦਾਕਾਰ ਵਿਜੇ ਦੇਵਰਕੋਂਡਾ ਨੂੰ ਤੇਲਗੂ ਅਦਾਕਾਰ ਕਾਂਥਾ ਰਾਓ ਦੇ ਨਾਮ ’ਤੇ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ 2047 ਤੱਕ ਤੇਲੰਗਾਨਾ ਨੂੰ 3 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਆਪਣੀ ਸਰਕਾਰ ਦੇ ਦ੍ਰਿਸ਼ਟੀਕੋਣ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਫਿਲਮ ਉਦਯੋਗ ਨੂੰ ਵੀ ਇਸ ਹੰਭਲੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਉੱਘੇ ਨਿਰਦੇਸ਼ਕ ਐੱਸ.ਐੱਸ. ਰਾਜਾਮੌਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਾਲੀਵੁੱਡ ਤੇ ਬਾਲੀਵੁੱਡ ਨੂੰ ਹੈਦਰਾਬਾਦ ਨੂੰ ਆਪਣਾ ਘਰ ਬਣਾਉਣਾ ਚਾਹੀਦਾ ਹੈ। ਸਰਕਾਰ ਇਸ ਨੂੰ ਸਾਕਾਰ ਕਰਨ ਲਈ ਫਿਲਮ ਉਦਯੋਗ ਦਾ ਸਮਰਥਨ ਕਰਨ ਲਈ ਤਿਆਰ ਹੈ। ਬਾਲਕ੍ਰਿਸ਼ਨ ਨੇ ਤੇਲੰਗਾਨਾ ਸਰਕਾਰ ਦਾ ਸਵਰਗੀ ਲੋਕ ਗਾਇਕ ਗਦਰ ਦੇ ਨਾਮ ’ਤੇ ਪੁਰਸਕਾਰ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ 10 ਸਾਲਾਂ ਬਾਅਦ ਇਹ ਪੁਰਸਕਾਰ ਦੁਬਾਰਾ ਸ਼ੁਰੂ ਕਰਨ ਲਈ ਰਾਜ ਸਰਕਾਰ ਦੀ ਸ਼ਲਾਘਾ ਕੀਤੀ। ਇਸ ਦੌਰਾਨ ਅਰਜੁਨ, ਜਿਸ ਨੂੰ ਪਿਛਲੇ ਸਾਲ ਦਸੰਬਰ ਵਿੱਚ ਇੱਥੇ ਇੱਕ ਥੀਏਟਰ ਵਿੱਚ ਭਗਦੜ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਰੈੱਡੀ ਅਤੇ ਉਪ ਮੁੱਖ ਮੰਤਰੀ ਦਾ ਪੁਰਸਕਾਰ ਲਈ ਧੰਨਵਾਦ ਕੀਤਾ। ਉਨ੍ਹਾਂ ਨਿਰਦੇਸ਼ਕ ਰਾਜਾਮੌਲੀ ਦਾ ਹਿੰਦੀ ਵਿੱਚ ‘ਪੁਸ਼ਪਾ-1’ ਰਿਲੀਜ਼ ਕਰਨ ਦੇ ਸੁਝਾਅ ਲਈ ਵੀ ਧੰਨਵਾਦ ਕੀਤਾ। ਮੁੱਖ ਮੰਤਰੀ ਨੇ 2014 ਤੋਂ 2023 ਤੱਕ ਐਲਾਨੇ ਗਏ ਪੁਰਸਕਾਰ ਵੀ ਪ੍ਰਦਾਨ ਕੀਤੇ। -ਪੀਟੀਆਈ