ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਪੱਤਰ ਪ੍ਰੇਰਕ
ਬਟਾਲਾ, 10 ਸਤੰਬਰ
ਪੁਲੀਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਵੱਖ ਵੱਖ ਥਾਣਿਆਂ ਦੀ ਪੁਲੀਸ ਵੱਲੋਂ ਚੋਰੀ, ਅਗਵਾ ਅਤੇ ਤੰਗ-ਪ੍ਰੇਸ਼ਾਨ ਕਰਨ ਨਾਲ ਸਬੰਧਤ ਤਿੰਨ ਵੱਖ ਵੱਖ ਮਾਮਲਿਆਂ ਵਿੱਚ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਜ਼ਦੀਕੀ ਪਿੰਡ ਖਹਿਰਾ ਕਲਾਂ ਦੇ ਵਸਨੀਕ ਮਨਿੰਦਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਕ ਦਰਜ ਕਰਵਾਈ ਹੈ ਕਿ ਸੰਦੀਪ ਸਿੰਘ ਅਤੇ ਅਵਤਾਰ ਸਿੰਘ ਵਾਸੀ ਖ਼ਹਿਰਾ ਕਲਾਂ ਅਤੇ ਅਕਾਸ਼ਦੀਪ ਸਿੰਘ ਵਾਸੀ ਪਿੰਡ ਭੰਗਵਾਂ ਨੇ ਉਸ ਦੀ ਹਵੇਲੀ ਵਿੱਚ ਬੰਨ੍ਹੀਆਂ ਹੋਈਆਂ ਦੋ ਬੱਕਰੀਆਂ ਤੇ ਇੱਕ ਲੇਲੇ ਨੂੰ ਰਾਤ ਦੇ ਹਨੇਰੇ ਵਿੱਚ ਚੋਰੀ ਕਰ ਲਿਆ। ਮਨਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਘਣੀਏ-ਕੇ-ਬਾਂਗਰ ਦੀ ਪੁਲੀਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਹੈ। ਇਸੇ ਹੀ ਪਿੰਡ ਦੇ ਵਸਨੀਕ ਸੋਨੂੰ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਦਾ ਸਭ ਤੋਂ ਛੋਟਾ ਭਰਾ ਜੋ ਕਿ ਮੰਦਬੁੱਧੀ ਹੈ, ਨੂੰ ਘਰ ਦੇ ਬਾਹਰ ਖੇਡਦੇ ਸਮੇਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ‘ਤੇ ਬਿਠਾ ਕੇ ਅਗਵਾ ਕਰਕੇ ਲੈ ਗਏ। ਸੋਨੂੰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲੀਸ ਨੇ ਦੋ ਅਣਪਛਾਤੇ ਬੰਦਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਧਰ, ਥਾਣਾ ਰੰਗੜ ਨੰਗਲ ਦੀ ਪੁਲੀਸ ਨੂੰ ਪ੍ਰਾਪਤ ਹੋਈ ਦਰਖ਼ਾਸਤ ਵਿੱਚ ਅਨੂੰ ਬਾਲਾ ਨੇ ਦੋਸ਼ ਲਗਾਇਆ ਹੈ ਕਿ ਦਾਜ ਕਾਰਨ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ’ਤੇ ਪੁਲੀਸ ਨੇ ਅਨੂੰ ਬਾਲਾ ਦੇ ਦਿਓਰ, ਪਤੀ ਅਤੇ ਸਹੁਰੇ ਵਿਰੁੱਧ ਕੇਸ ਦਰਜ ਕੀਤਾ ਗਿਆ।