ਅੱਗ ਕਾਰਨ ਸੜੀ ਕਣਕ ਦਾ ਮੁਆਵਜ਼ਾ ਮੰਗਿਆ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 15 ਅਪਰੈਲ
ਪਿੰਡ ਕੁਰੰਗਾਵਾਲੀ ’ਚ ਬੀਤੇ ਦਿਨ ਅੱਗ ਨਾਲ ਸੜੀ ਕਣਕ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਹਰਿਆਣਾ ਕਿਸਾਨ ਮੰਚ ਦੇ ਬੈਨਰ ਹੇਠ ਕਿਸਾਨਾਂ ਦੇ ਵਫ਼ਦ ਨੇ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਨਾਂ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੀੜਤ ਕਿਸਾਨ ਨੂੰ ਤੁਰੰਤ ਫ਼ਸਲ ਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।
ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਬਾਬਾ ਗੁਰਦੀਪ ਸਿੰਘ ਝਿੜੀ ਨੇ ਦੱਸਿਆ ਕਿ ਪਿੰਡ ਕੁਰੰਗਾਵਾਲੀ ਦੇ ਕਿਸਾਨ ਕੁਲਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਦੇ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਵਿੱਚੋਂ ਸਪਾਰਕਿੰਗ ਕਾਰਨ ਅੱਗ ਲੱਗ ਗਈ, ਜਿਸ ਕਾਰਨ ਲਗਪਗ 3 ਕਿੱਲੇ ਪੱਕੀ ਕਣਕ ਸੜ ਕੇ ਸੁਆਹ ਹੋ ਗਈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹਰ ਵਾਰ ਹਾਦਸੇ ਵਾਪਰਦੇ ਹਨ, ਪਰ ਅਧਿਕਾਰੀ ਹਾਦਸਿਆਂ ਤੋਂ ਕੋਈ ਸਬਕ ਨਹੀਂ ਸਿੱਖ ਰਹੇ ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਝਲਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਫਸਲੀ ਸੀਜ਼ਨ ਤੋਂ ਪਹਿਲਾਂ ਤਾਰਾਂ ਦੀ ਮੁਰੰਮਤ ਨਹੀਂ ਕਰਦੇ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।