ਅੱਗ ਦੀਆਂ ਘਟਨਾਵਾਂ ਰੋਕਣ ਲਈ ਕੰਟਰੋਲ ਰੂਮ ਕੀਤੇ ਸਥਾਪਿਤ: ਈਟੀਓ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਪਰੈਲ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਖੁਲਾਸਾ ਕੀਤਾ ਕਿ ਕਣਕ ਦੇ ਸੀਜ਼ਨ ਦੌਰਾਨ ਬਿਜਲੀ ਦੀ ਸਪਾਰਕਿੰਗ ਤੋਂ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ਲਈ ਪੀਐੱਸਪੀਸੀਐਲ ਨੇ ਕੰਟਰੋਲ ਰੂਮ ਸਥਾਪਿਤ ਕੀਤੇ ਹਨ ਅਤੇ ਕੋਈ ਵੀ ਵਿਅਕਤੀ ਆਪਣੇ ਖੇਤਾਂ ਦੇ ਨੇੜੇ ਢਿੱਲੀਆਂ ਤਾਰਾਂ, ਲਮਕ ਰਹੀਆਂ ਤਾਰਾਂ, ਸਪਰਿੰਗ ਜਾਂ ਅਜਿਹੀ ਕੋਈ ਵੀ ਸੂਚਨਾ, ਜਿਸ ਨਾਲ ਅੱਗ ਲੱਗਣ ਦਾ ਖ਼ਦਸ਼ਾ ਹੋਵੇ,ਦੀ ਜਾਣਕਾਰੀ ਜਾਰੀ ਕੀਤੇ ਨੰਬਰਾਂ ਉੱਤੇ ਦੇ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਦੀਆਂ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਅੱਜ ਬਾਅਦ ਦੁਪਹਿਰ ਇੱਥੇ ਪੱਤਰਕਾਰ ਸੰਮੇਲਨ ਸਮੇਂ ਉਨ੍ਹਾਂ ਇਹ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਣਕ ਦੇ ਸੀਜਨ ਦੌਰਾਨ ਬਿਜਲੀ ਦੀ ਸਪਾਰਕਿੰਗ ਤੋਂ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ਲਈ ਪੀਐੱਸਪੀਸੀਐੱਲ ਨੇ ਕੰਟਰੋਲ ਰੂਮ ਨਾਲ ਸਬੰਧਤ ਇਨ੍ਹਾਂ ਨੰਬਰਾਂ 9646106835, 9646106836 ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਟਸਐਪ ਨੰਬਰ ਉੱਤੇ ਤਾਰਾਂ ਦੀ ਤਸਵੀਰਾਂ ਵੀ ਅਪਲੋਡ ਕੀਤੀਆਂ ਜਾ ਸਕਦੀਆਂ ਹਨ। ਅੱਜ ਸ੍ਰੀ ਈਟੀਓ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਹੰਦਾਲ ਦੇ ਅਸਥਾਨ ਵਿਖੇ ਮੱਥਾ ਟੇਕਿਆ ਅਤੇ ਸਮੂਹ ਪੰਜਾਬੀਆਂ ਦੀ ਭਲੇ ਦੀ ਅਰਦਾਸ ਵੀ ਕੀਤੀ।