ਅੱਗ ਕਾਰਨ 8ਵੀਂ ਮੰਜ਼ਿਲ ਤੋਂ ਪਿਤਾ ਤੇ ਦੋ ਬੱਚਿਆਂ ਨੇ ਮਾਰੀ ਛਾਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਜੂਨ
ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਅੱੱਜ ਸਵੇਰੇ ਹਾਊਸਿੰਗ ਅਪਾਰਟਮੈਂਟ ਦੀ ਅੱਠਵੀਂ ਮੰਜ਼ਿਲ ’ਤੇ ਲੱਗੀ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਪਿਤਾ ਅਤੇ ਉਸਦੇ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਦੋਵਾਂ ਬੱਚਿਆਂ (ਲੜਕਾ ਤੇ ਲੜਕੀ, ਦੋਵੇਂ ਦਸ ਸਾਲ) ਨੇ ਅੱਗ ਤੋਂ ਬਚਣ ਲਈ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਜ਼ਖ਼ਮੀਆਂ ਨੂੰ ਆਕਾਸ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਅਦ ਵਿੱਚ ਉਨ੍ਹਾਂ ਦੇ ਪਿਤਾ ਯਸ਼ ਯਾਦਵ (35) ਨੇ ਵੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਉਸਨੂੰ ਆਈਜੀਆਈ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।
ਯਾਦਵ ਦੀ ਪਤਨੀ ਅਤੇ ਉਸਦੀ ਭਤੀਜੀ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਆਕਾਸ਼ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਦੱਸਿਆ ਕਿ ਸੈਕਟਰ 13 ਸਥਿਤ ਸ਼ਪਥ ਸੁਸਾਇਟੀ ਦੀ ਅੱਠਵੀਂ ਅਤੇ ਨੌਵੀਂ ਮੰਜ਼ਿਲ ’ਤੇ ਅੱਗ ਲੱਗ ਗਈ।
ਫਾਇਰ ਟੈਂਡਰ ਦੇਰ ਨਾਲ ਪੁੱਜਣ ਕਾਰਨ ਵਾਪਰੀ ਘਟਨਾ: ਭਾਰਦਵਾਜ
ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕਨਵੀਨਰ ਸੌਰਵ ਭਾਰਦਵਾਜ ਨੇ ਕਿਹਾ ਕਿ ਦਵਾਰਕਾ ਵਿੱਚ ਅੱਗ ਲੱਗਣ ਕਾਰਨ ਪਿਤਾ ਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਫਾਇਰ ਬ੍ਰਿਗੇਡ ਗੱਡੀਆਂ ਦੇਰ ਨਾਲ ਪਹੁੰਚੀਆਂ ਜਿਸ ਕਾਰਨ ਦੋ ਬੱਚੇ ਜਿੰਦਾ ਸੜ ਗਏ। ਉਨ੍ਹਾਂ ਕਿਹਾ ਕਿ ਚਾਰ ਇੰਜਣਾਂ ਵਾਲੀ ਸਰਕਾਰ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਅਸੀਂ ਅੱਗ ਬੁਝਾਉਣ ਲਈ ਬਿਹਤਰ ਪ੍ਰਬੰਧ ਕੀਤੇ ਹਨ ਪਰ ਇਹ ਬੰਦੋਬਸਤ ਕਿਧਰੇ ਨਜ਼ਰ ਨਹੀਂ ਆ ਰਹੇ। ਇਸ ਤੋਂ ਪਹਿਲਾਂ ਦਿੱਲੀ ਵਿੱਚ ਬਵਾਨਾ ਦੀਆਂ ਝੁੱਗੀਆਂ ਨੂੰ ਵੀ ਅੱਗ ਲੱਗੀ ਸੀ।