For the best experience, open
https://m.punjabitribuneonline.com
on your mobile browser.
Advertisement

ਅੱਖਾਂ ’ਚੋਂ ਸਿੰਮਦੀ ਉਦਾਸੀ

04:12 AM Feb 08, 2025 IST
ਅੱਖਾਂ ’ਚੋਂ ਸਿੰਮਦੀ ਉਦਾਸੀ
Advertisement

ਮਨਸ਼ਾ ਰਾਮ ਮੱਕੜ
ਲੰਮੇ ਸਮੇਂ ਤੋਂ ਜਿ਼ਲ੍ਹਾ ਕਚਹਿਰੀ ਵਿੱਚ ਟਾਈਪਿਸਟ ਵਜੋਂ ਕੰਮ ਕਰ ਰਿਹਾ ਹਾਂ। ਆਸ ਪਾਸ ਦੇ ਪਿੰਡਾਂ ਦੇ ਬਹੁਤ ਲੋਕਾਂ ਨਾਲ ਨੇੜਤਾ ਤੇ ਸਾਂਝ ਬਣ ਗਈ ਹੈ। ਉਹ ਕੰਮ ਕਰਵਾਉਣ ਆਏ ਆਪਣੀਆਂ ਪਰਿਵਾਰਕ ਗੱਲਾਂ ਅਤੇ ਦੁੱਖ ਸੁੱਖ ਵੀ ਸਾਂਝੇ ਕਰ ਲੈਂਦੇ ਹਨ।
ਉਸ ਦਿਨ ਫੌਜਾ ਸਿੰਘ ਕੰਮ ਕਰਵਾਉਣ ਆਇਆ ਤਾਂ ਉਸ ਦਾ ਚਿਹਰਾ ਉਦਾਸ ਸੀ। ਪਹਿਲਾਂ ਜਦੋਂ ਵੀ ਆਉਂਦਾ ਤਾਂ ਉਸ ਦੇ ਚਿਹਰੇ ’ਤੇ ਰੌਣਕ ਅਤੇ ਆਵਾਜ਼ ਵਿੱਚ ਗੜ੍ਹਕ ਹੁੰਦੀ ਸੀ। ਉਹ ਸਕਾਰਾਤਮਕ ਸੋਚ ਦਾ ਮਾਲਕ ਸੁਲਝਿਆ ਕਿਸਾਨ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਸੰਪਰਕ ਵਿੱਚ ਰਹਿ ਕੇ ਨਵੀਆਂ ਤਕਨੀਕਾਂ ਨਾਲ ਖੇਤੀ ਕਰਦਾ ਹੈ। ਉਸ ਦੇ ਦੱਸਣ ਅਨੁਸਾਰ, ਉਸ ਨੇ ਆਪਣੀਆਂ ਛੋਟੀਆਂ ਭੈਣਾਂ ਨੂੰ ਉਚ ਸਿੱਖਿਆ ਦਿਵਾਈ, ਉਨ੍ਹਾਂ ਦੇ ਵਿਆਹ ਮੇਲ ਖਾਂਦੇ ਚੰਗੇ ਪਰਿਵਾਰਾਂ ਵਿੱਚ ਕੀਤੇ। 1947 ਦੀ ਵੰਡ ਸਮੇਂ ਅਲਾਟ ਹੋਇਆ ਖਸਤਾ ਹਾਲ ਰਿਹਾਇਸ਼ੀ ਮਕਾਨ ਢਾਹ ਕੇ ਲੋੜ ਅਨੁਸਾਰ ਨਵਾਂ ਘਰ ਉਸਾਰਿਆ। ਉਸ ਦਾ ਇਕ ਪੁੱਤਰ ਅਤੇ ਇਕ ਧੀ ਹੈ। ਦੋਵੇਂ ਬੱਚੇ ਹੋਣਹਾਰ, ਮਿਲਣਸਾਰ ਅਤੇ ਪੜ੍ਹਾਈ ਵਿੱਚ ਹੁਸ਼ਿਆਰ ਹਨ।
ਉਸ ਨੇ ਦੱਸਿਆ: ਮੇਰੀ ਧੀ ਪੜ੍ਹ ਰਹੀ ਹੈ ਅਤੇ ਪੁੱਤਰ ਨੇ ਕਾਨੂੰਨ ਦੀ ਪੜ੍ਹਾਈ ਬੀਏਐੱਲਐੱਲਬੀ ਪੂਰੀ ਕਰ ਲਈ ਸੀ। ਪੁੱਤਰ ਨੇ ਵਕਾਲਤ ਕਰਨ ਦੀ ਥਾਂ ਵਿਦੇਸ਼ ਜਾਣ ਦੀ ਖਾਹਿਸ਼ ਦੱਸੀ। ਸਾਡੇ ਕੋਲ ਭਾਵੇਂ ਕਾਫੀ ਜ਼ਮੀਨ ਹੈ ਪਰ ਮੈਂ ਉਸ ਨਾਲ ਸਹਿਮਤ ਹੋ ਗਿਆ ਕਿ ਪੁੱਤਰ ਵਿਦੇਸ਼ ਵਿੱਚ ਕਮਾਈ ਕਰੇਗਾ ਅਤੇ ਚਾਰ ਕਿੱਲੇ ਜ਼ਮੀਨ ਹੋਰ ਜੁੜ ਜਾਵੇਗੀ। ਪੁੱਤਰ ਨੇ ਵਿਦੇਸ਼ ਜਾਣ ਲਈ ਕੇਸ ਮੁਕੰਮਲ ਕਰ ਕੇ ਫਾਈਲ ਕੈਨੇਡੀਅਨ ਅੰਬੈਸੀ ਵਿੱਚ ਲਾ ਦਿੱਤੀ। ਮਹੀਨੇ ਵਿੱਚ ਹੀ ਵੀਜ਼ਾ ਲੱਗ ਗਿਆ ਤੇ ਉਹ ਤਿਆਰੀ ਕਰ ਕੇ ਕੈਨੇਡਾ ਚਲਾ ਗਿਆ।
ਦੋ ਸਾਲ ਬਾਅਦ ਉਹ ਕੈਨੇਡਾ ਤੋਂ ਵਾਪਸ ਆਇਆ। ਉਥੇ ਉਹਨੇ ਮਿਹਨਤ ਕਰ ਕੇ ਕਮਾਈ ਕੀਤੀ। ਉਹਦਾ ਵਿਆਹ ਉਹਦੀ ਸਹਿਮਤੀ ਨਾਲ ਉੈਚ ਸਿੱਖਿਆ ਪ੍ਰਾਪਤ ਲੜਕੀ ਨਾਲ ਕਰ ਦਿੱਤਾ। ਉਹ ਆਪਣੀ ਪਤਨੀ ਦਾ ਵੀ ਕੈਨੇਡਾ ਦਾ ਵੀਜ਼ਾ ਲਗਵਾ ਕੇ ਉਹਨੂੰ ਨਾਲ ਲੈ ਗਿਆ।
ਉਥੇ ਦੋਵਾਂ ਨੇ ਮਿਹਨਤ ਕਰ ਕੇ ਛੋਟਾ ਮਕਾਨ ਖਰੀਦ ਲਿਆ। ਦੋ ਸਾਲ ਹੋਰ ਲੰਘ ਗਏ ਜਦੋਂ ਸੁਨੇਹਾ ਮਿਲਿਆ ਕਿ ਪੁੱਤਰ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਪਤਾ ਲੱਗਣ ’ਤੇ ਸਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਕੋਈ ਅੰਤ ਨਹੀਂ ਸੀ। ਪਤਨੀ ਕਹਿਣ ਲੱਗੀ ਕਿ ਪੁੱਤਰ ਨੂੰ ਕਹੋ, ਆ ਕੇ ਮਿਲ ਜਾਵੇ। ਪੋਤਰੇ ਨੂੰ ਦੇਖਣ ਦੀ ਤਾਂਘ ਸੀ। ਪੁੱਤਰ ਨੂੰ ਭਾਰਤ ਆਉਣ ਲਈ ਕਿਹਾ। ਉਹਨੇ ਸਲਾਹ ਦਿੱਤੀ ਕਿ ਭੈਣ ਨੇ ਪੜ੍ਹਾਈ ਪੂਰੀ ਕਰ ਲਈ ਹੈ, ਉਸ ਵਾਸਤੇ ਯੋਗ ਲੜਕਾ ਲੱਭੋ, ਉਸ ਦੀ ਸ਼ਾਦੀ ਸਮੇਂ ਹੀ ਆਵਾਂਗੇ।
ਅਸੀਂ ਪਤੀ ਪਤਨੀ ਉਮਰ ਦੇ ਵਧਦਿਆਂ ਢਿੱਲੇ ਮੱਠੇ ਰਹਿਣ ਲਗੇ। ਮੈਨੂੰ ਗੋਡਿਆਂ ਅਤੇ ਬਲੱਡ ਪ੍ਰੈੱਸ਼ਰ ਦੀ ਤਕਲੀਫ ਰਹਿਣ ਲੱਗ ਪਈ। ਘਰ ਅਤੇ ਖੇਤੀ ਦੇ ਕੰਮ ਕਰਨੇ ਔਖੇ ਹੁੰਦੇ ਗਏ। ਜਾਣਕਾਰਾਂ ਅਤੇ ਰਿਸ਼ਤੇਦਾਰਾਂ ਦੀ ਸਹਾਇਤਾ ਨਾਲ ਧੀ ਦੀ ਸ਼ਾਦੀ ਲਈ ਪੜ੍ਹਿਆ ਲਿਖਿਆ, ਸੁਨੱਖਾ ਨੌਜਵਾਨ ਲੜਕਾ ਮਿਲ ਗਿਆ। ਲੜਕੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਾਰੀ ਜਾਣਕਾਰੀ ਲੈ ਕੇ ਲੜਕੇ ਵਾਲਿਆਂ ਨੂੰ ਹਾਂ ਕਰ ਦਿੱਤੀ, ਉਨ੍ਹਾਂ ਵੀ ਅੱਗਿਓਂ ਹਾਂ ਦਾ ਜਵਾਬ ਹਾਂ ਵਿੱਚ ਦਿੱਤਾ। ਵਿਦੇਸ਼ ਵਿੱਚ ਪੁੱਤਰ ਨੂੰ ਦੱਸਿਆ ਤਾਂ ਉਸ ਕਿਹਾ ਕਿ ਵਿਆਹ ਦਾ ਦਿਨ ਮੁਕਰਰ ਕਰ ਕੇ ਤਿਆਰੀ ਕਰੋ, ਅਸੀਂ ਛੁੱਟੀ ਲੈ ਕੇ ਪਹੁੰਚ ਜਾਵਾਂਗੇ।
ਪੁੱਤਰ ਨੂੰ ਫੋਨ ’ਤੇ ਵਿਆਹ ਦੀ ਤਾਰੀਖ ਦਾ ਸੁਨੇਹਾ ਦਿੱਤਾ। ਉਹ ਸਾ਼ਦੀ ਤੋਂ ਹਫਤਾ ਪਹਿਲਾਂ ਆਪਣੀ ਪਤਨੀ ਅਤੇ ਬੱਚੇ ਸਮੇਤ ਆ ਗਿਆ। ਉਨ੍ਹਾਂ ਦੇ ਆਉਣ ਨਾਲ ਘਰ ਦੇ ਵਿਹੜੇ ਵਿੱਚ ਰੌਣਕ ਆ ਗਈ, ਪੋਤਰੇ ਨੂੰ ਦੇਖ ਮੈਨੂੰ ਤੇ ਮੇਰੀ ਪਤਨੀ ਨੂੰ ਜਿਵੇਂ ਸਾਰੀਆਂ ਤਕਲੀਫਾਂ ਭੁੱਲ ਗਈਆਂ।
ਅਸੀਂ ਪਿਓ ਪੁੱਤਰ, ਦੋਵਾਂ ਨੇ ਵਿਆਹ ਲਈ ਲੋੜੀਂਦਾ ਸਮਾਨ ਖਰੀਦਿਆ ਅਤੇ ਹੋਰ ਸਾਰੇ ਪ੍ਰਬੰਧ ਕੀਤੇ। ਵਿਆਹ ਬਹੁਤ ਹੀ ਖੁਸ਼ੀ ਅਤੇ ਸੁਖਾਵੇਂ ਮਾਹੌਲ ਵਿੱਚ ਹੋਇਆ। ਸਮਾਂ ਜਿਵੇਂ ਅੱਖ ਝਪਕਦਿਆਂ ਹੀ ਲੰਘ ਗਿਆ ਹੋਵੇ।
ਇੱਕ ਦਿਨ ਮੇਰੀ ਪਤਨੀ ਸੋਚਾਂ ਵਿੱਚ ਡੁੱਬੀ ਬੈਠੀ ਸੀ। ਪੁੱਛਿਆ ਤਾਂ ਕਹਿਣ ਲੱਗੀ ਕਿ ਪੁੱਤਰ ਵਾਪਸ ਕੈਨੇਡਾ ਚਲਾ ਗਿਆ ਤਾਂ ਆਪਾਂ ਦੋਵੇਂ ਦਿਨ ਕਟੀ ਕਿਵੇਂ ਕਰਾਂਗੇ? ਸੁੰਨਾ ਘਰ ਵੱਢ-ਵੱਢ ਖਾਊਗਾ। ਤੁਸੀਂ ਉਹਨੂੰ ਕਹੋ, ਕੈਨੇਡਾ ਛੱਡ ਦੇਵੇ ਤੇ ਇੱਥੇ ਰਹੇ। ਮੈਂ ਉਸ ਨਾਲ ਸਹਿਮਤ ਹੁੰਦਿਆਂ ਪੁੱਤਰ ਨੂੰ ਕਿਹਾ ਕਿ ਕੈਨੇਡਾ ਵਾਪਸ ਨਾ ਜਾਵੇ, ਇੱਥੇ ਰਹੇ; ਆਪਣਾ ਕੈਨੇਡਾ ਇੱਥੇ ਹੀ ਹੈ। ਪੈਂਤੀ ਏਕੜ ਉਪਜਾਊ ਜ਼ਮੀਨ ਹੈ, ਇਸ ਨੂੰ ਸੰਭਾਲ। ਉਹ ਚੁੱਪ ਰਿਹਾ, ਕੋਈ ਜਵਾਬ ਨਾ ਦਿੱਤਾ।
ਮਹੀਨੇ ਬਾਅਦ ਹੀ ਪੁੱਤਰ ਅਤੇ ਨੂੰਹ ਆਪਣਾ ਸਮਾਨ ਇਕੱਠਾ ਕਰ ਕੇ ਅਟੈਚੀਕੇਸਾਂ ਵਿੱਚ ਪਾ ਰਹੇ ਸਨ। ਮੈਨੂੰ ਹੈਰਾਨੀ ਹੋਈ। ਪੁੱਛਣ ’ਤੇ ਕਹਿਣ ਲੱਗਿਆ, ਮੇਰੀ ਛੁੱਟੀ ਸਿਰਫ ਤਿੰਨ ਦਿਨ ਦੀ ਰਹਿ ਗਈ ਹੈ, ਕੱਲ੍ਹ ਅਸੀਂ ਵਾਪਸ ਜਾਣਾ ਹੈ।
ਇਹ ਸੁਣ ਕੇ ਜ਼ੋਰਦਾਰ ਝਟਕਾ ਲੱਗਿਆ। ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ। ਥੋੜ੍ਹਾ ਸੰਭਲਣ ’ਤੇ ਮੈਂ ਪੁੱਤਰ ਨੂੰ ਕਿਹਾ ਕਿ ਘੱਟੋ-ਘੱਟ ਮਹੀਨਾ ਹੋਰ ਰੁਕ ਜਾਓ। ਗੋਡਿਆਂ ਦੀ ਤਕਲੀਫ ਕਰ ਕੇ ਮੈਂ ਲੰਮੇ ਸਮੇਂ ਤੋਂ ਰਿਸ਼ਤੇਦਾਰੀਆਂ ਅਤੇ ਨਜ਼ਦੀਕੀਆਂ ਕੋਲ ਦੁੱਖ ਸੁੱਖ ’ਤੇ ਨਹੀਂ ਜਾ ਸਕਿਆ। ਉਨ੍ਹਾਂ ਨੂੰ ਮਿਲਵਾ ਲਿਆ। ਪੁੱਤਰ ਕਹਿਣ ਲੱਗਿਆ, “ਪਾਪਾ, ਮਹੀਨਾ ਤਾਂ ਕੀ, ਮੈਂ ਇਕ ਦਿਨ ਵੀ ਵੱਧ ਨਹੀਂ ਰੁਕ ਸਕਦਾ, ਛੁੱਟੀ ਖ਼ਤਮ ਹੋਣ ’ਤੇ ਮੈਂ ਕੰਮ ’ਤੇ ਪਰਤਣਾ ਹੈ। ਜੇ ਨਾ ਪਹੁੰਚਿਆ ਤਾਂ ਨੌਕਰੀ ਤੋਂ ਜਵਾਬ ਮਿਲ ਜਾਵੇਗਾ। ਸਾਡੇ ਕੋਲ ਰਿਟਰਨ ਟਿਕਟਾਂ ਹਨ।”
ਮੈਂ ਬੇਵੱਸ ਹੋ ਗਿਆ। ਅਖ਼ੀਰ ਮੇਰੀ ਪਤਨੀ ਨੇ ਉਹਨੂੰ ਕਿਹਾ, “ਪੁੱਤ, ਇੱਕ ਬੱਚਾ ਤੁਹਾਡੇ ਕੋਲ ਹੈ, ਇਕ ਬੱਚਾ ਹੋਰ ਬਣਾ ਲਓ, ਤੇ ਉਹ ਸਾਨੂੰ ਦੇ ਦਿਓ। ਅਸੀਂ ਉਸ ਦੇ ਆਹਰੇ ਲੱਗੇ ਰਹਾਂਗੇ ਤੇ ਸਾਡੀ ਰਹਿੰਦੀ ਜਿ਼ੰਦਗੀ ਸੌਖੀ ਲੰਘ ਜਾਵੇਗੀ।”
ਇਹ ਦੱਸਦਿਆਂ ਫੌਜਾ ਸਿੰਘ ਦੀਆਂ ਅੱਖਾਂ ਭਰ ਆਈਆਂ। ਅਗਾਂਹ ਉਸ ਤੋਂ ਕੁਝ ਬੋਲਿਆ ਨਹੀਂ ਗਿਆ...।
ਸੰਪਰਕ: 98144-39224

Advertisement

Advertisement
Advertisement
Author Image

Jasvir Samar

View all posts

Advertisement