‘ਅੰਮ੍ਰਿਤਾ: ਇਕ ਸਦੀ’ ਵਿਸ਼ੇ ’ਤੇ ਸੈਮੀਨਾਰ

ਡਾ. ਅੰਮੀਆ ਕੁੰਵਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ। -ਫੋਟੋ: ਕੁਲਦੀਪ ਸਿੰਘ

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਕਤੂਬਰ
ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੇ 100ਵੇਂ ਜਨਮਦਿਨ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਯਾਦ ਵਿਚ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ ‘ਅੰਮ੍ਰਿਤਾ: ਇਕ ਸਦੀ’। ਇਸ ਮੌਕੇ ਡਾ. ਅਮਰਜੀਤ ਕੌਰ (ਅੰਮੀਆ ਕੁੰਵਰ), ਡਾ. ਵਨੀਤਾ, ਸੁਨੀਲ ਅਤੇ ਕਰਨਜੀਤ ਸਿੰਘ ਨੇ ਵਕਤਿਆਂ ਵਜੋਂ ਹਾਜ਼ਰੀ ਭਰ ਕੇ ਆਪੋ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਅੰਮ੍ਰਿਤਾ ਦੀ ਸੰਪੂਰਨ ਜ਼ਿੰਦਗੀ ਬਾਰੇ ਜਾਣੂ ਕਰਵਾਇਆ।
ਡਾ. ਅੰਮੀਆ ਕੁੰਵਰ ਨੇ ਇਮਰੋਜ ਅਤੇ ਅੰਮ੍ਰਿਤਾ ਇਕੱਠਿਆਂ ਗੁਜ਼ਾਰੇ ਸਮੇਂ ਬਾਰੇ ਗੱਲਾਂ ਕੀਤੀਆਂ ਅਤੇ ਉਨ੍ਹਾਂ ਨੂੰ ਇਮਰੋਜ ਵਲੋਂ ਭੇਟ ਕੀਤੀ ਅੰਮ੍ਰਿਤਾ ਦੀ ਇਕ ਹੱਥ ਲਿਖਤ ਕਵਿਤਾ ਵੀ ਸਰੋਤਿਆਂ ਨੂੰ ਪੜ੍ਹ ਕੇ ਸੁਣਾਈ। ਡਾ. ਵਨੀਤਾ ਨੇ ਅੰਮ੍ਰਿਤਾ ਦੀ ਸ਼ਤਾਬਦੀ ਨੂੰ ਸਮਰਪਿਤ ਇਕ ਕਵਿਤਾ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ। ਕਰਨਜੀਤ ਸਿੰਘ ਨੇ ਅੰਮ੍ਰਿਤਾ ਵਲੋਂ ਲਿਖੀਆਂ ਕਵਿਤਾਵਾਂ ਦੇ ਵੱਖ ਵੱਖ ਨੂੰ ਉਭਾਰਿਆ ਤੇ ਨਾਲ ਹੀ ਬਲਵੰਤ ਗਾਰਗੀ ਵਲੋਂ ਅੰਮ੍ਰਿਤਾ ਬਾਰੇ ਲਿਖੇ ਰੇਖਾ ਚਿਤਰਾਂ ਬਾਰੇ ਵੀ ਜ਼ਿਕਰ ਕੀਤਾ। ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਅੰਮ੍ਰਿਤਾ ਦੀਆਂ ਰਚਨਾਵਾਂ ਦੀ ਗੱਲ ਕਰਦਿਆਂ ਉਨ੍ਹਾਂ ਦੇ ਪੰਜਾਬੀ ਸਾਹਿਤ ਨੂੰ ਦਿੱਤੇ ਯੋਗਦਾਨ ਬਾਰੇ ਚਰਚਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਦੇ ਪੰਜਾਬੀ ਵਿਭਾਗ ਮੁਖੀ ਡਾ. ਗੁਰਿੰਦਰ ਸਿੰਘ, ਡਾ. ਜਸਵਿੰਦਰ ਕੌਰ, ਡਾ. ਗੁਰਦੀਪ ਕੌਰ, ਡਾ. ਕੁਲਦੀਪ ਕੌਰ ਪਾਹਵਾ, ਡਾ. ਗੁਰਦੀਪ ਕੌਰ, ਕਰਨਜੀਤ ਕੋਮਲ, ਡਾ. ਰਵਿੰਦਰ ਕੌਰ ਤੋਂ ਇਲਾਵਾ ਵਿਦਿਆਰਥੀ ਵੀ ਮੌਜੂਦ ਸਨ।

Tags :