ਅੰਮ੍ਰਿਤਸਰ-ਲਾਹੌਰ ਪੰਜ-ਆਬ ਬੱਸ ਨਾ ਭੇਜਣ ਦਾ ਫ਼ੈਸਲਾ

ਅੰਮ੍ਰਿਤਸਰ: ਸਰਕਾਰ ਨੇ ਅੰਮ੍ਰਿਤਸਰ-ਲਾਹੌਰ ਵਿਚਾਲੇ ਚਲਦੀ ਪੰਜ-ਆਬ ਬੱਸ ਸੇਵਾ ਬੰਦ ਕਰ ਦਿੱਤੀ ਹੈ। ਇਹ ਬੱਸ ਭਲਕੇ ਲਾਹੌਰ-ਨਨਕਾਣਾ ਸਾਹਿਬ ਵਾਸਤੇ ਰਵਾਨਾ ਹੋਣੀ ਸੀ ਪਰ ਅੱਜ ਇਹ ਬੱਸ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਸੁਭਾਸ਼ ਚੰਦਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪ੍ਰਸ਼ਾਸਨ ਵੱਲੋਂ ਬੱਸ ਦੇ ਡਰਾਈਵਰ ਰਾਹੀਂ ਸੁਨੇਹਾ ਭੇਜਿਆ ਗਿਆ ਸੀ ਕਿ ਅੰਮ੍ਰਿਤਸਰ-ਲਾਹੌਰ ਤੇ ਨਨਕਾਣਾ ਸਾਹਿਬ ਵਿਚਾਲੇ ਚਲਦੀ ਬੱਸ ਨੂੰ ਨਾ ਭੇਜਿਆ ਜਾਵੇ। ਪੰਜਆਬ ਬੱਸ ਦੇ ਡਰਾਈਵਰ ਹਰਵਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਅਧਿਕਾਰੀਆਂ ਕੋਲ ਖ਼ੁਲਾਸਾ ਕੀਤਾ ਸੀ ਕਿ ਵਾਹਗਾ ਵਾਲੇ ਪਾਸੇ ਬੱਸ ਟਰਮੀਨਲ ਦੇ ਇੰਚਾਰਜ ਨੇ ਬੱਸ ਸੇਵਾ ਬੰਦ ਕਰਨ ਦੀ ਗੱਲ ਆਖੀ ਸੀ। ਉਸ ਨੇ ਇਹ ਵੀ ਆਖਿਆ ਸੀ ਕਿ ਇਸ ਸਬੰਧੀ ਲਿਖਤੀ ਆਦੇਸ਼ ਭਾਰਤੀ ਅਧਿਕਾਰੀਆਂ ਨੂੰ ਭੇਜ ਦਿੱਤੇ ਜਾਣਗੇ।
-ਟ.ਨ.ਸ.