ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ ਮਾਮਲੇ ’ਚ ਡੀਜੀਪੀ ਤੋਂ ਰਿਪੋਰਟ ਤਲਬ
ਚੰਡੀਗੜ੍ਹ: ਫਿਲੌਰ ਦੇ ਨੰਗਲ ਗੇਟ ’ਤੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਦੂਜੀ ਵਾਰ ਹੋਈ ਬੇਹੁਰਮਤੀ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਨੋਟਿਸ ਲੈਂਦੇ ਹੋਏ ਡੀਜੀਪੀ ਪੰਜਾਬ ਤੋਂ ਰਿਪੋਰਟ ਤਲਬ ਕਰ ਲਈ ਹੈ। ਇਸ ਦੇ ਨਾਲ ਹੀ ਉਹ 10 ਜੂਨ ਨੂੰ ਫਿਲੌਰ ਵਿੱਚ ਘਟਨਾ ਸਥਾਨ ਦਾ ਦੌਰਾ ਕਰਨਗੇ। ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਚੇਅਰਮੈਨ ਗੜ੍ਹੀ ਵੱਲੋਂ ਬੁੱਤ ਦੀ ਬੇਹੁਰਮਤੀ ਮਾਮਲੇ ਵਿਚ ਡੀਜੀਪੀ ਨੂੰ 13 ਜੂਨ ਤੱਕ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ। -ਟਨਸ
ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਇਲਾਜ ਮਗਰੋਂ ਮੁੜ ਜੇਲ੍ਹ ਭੇਜਿਆ
ਬਠਿੰਡਾ: ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਅੱਜ ਹਸਪਤਾਲ ਤੋਂ ਮੁੜ ਜੇਲ੍ਹ ਭੇਜ ਦਿੱਤਾ ਗਿਆ। ਉਹ 15 ਦਿਨਾਂ ਤੋਂ ਭੁੱਖ ਹੜਤਾਲ ’ਤੇ ਹਨ ਜਿਸ ਕਾਰਨ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਉਨ੍ਹਾਂ ਨੂੰ ਸ਼ਨਿੱਚਰਵਾਰ ਨੂੰ ਕੇਂਦਰੀ ਜੇਲ੍ਹ ਤੋਂ ਬਠਿੰਡਾ ਏਮਸ ’ਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵਿੱਚ ਉਨ੍ਹਾਂ ਦੇ ਕੁਝ ਟੈਸਟ ਕੀਤੇ ਗਏ ਪਰ ਹਰਜੀਤ ਸਿੰਘ ਵੱਲੋਂ ਇਲਾਜ ਵਿੱਚ ਸਹਿਯੋਗ ਨਾ ਦੇਣ ਅਤੇ ਇਲਾਜ ਤੋਂ ਇਨਕਾਰ ਕਰਨ ਦੀ ਗੱਲ ਸਾਹਮਣੇ ਆਈ। -ਪੱਤਰ ਪ੍ਰੇਰਕ
ਲੁਧਿਆਣਾ ਜ਼ਿਮਨੀ ਚੋਣ ਕਾਂਗਰਸ ਜਿੱਤੇਗੀ: ਬਾਜਵਾ
ਭਵਾਨੀਗੜ੍ਹ: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਲੁਧਿਆਣਾ ਜ਼ਿਮਨੀ ਚੋਣ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਉਹ ਅੱਜ ਪਿੰਡ ਪੰਨਵਾਂ ਵਿੱਚ ਸਾਬਕਾ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਦੇ ਗ੍ਰਹਿ ਵਿੱਚ ਉਚੇਚੇ ਤੌਰ ’ਤੇ ਆਏ ਸਨ। ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਬੜੀ ਆਸ ਨਾਲ਼ ਜਿਤਾਇਆ ਸੀ ਪਰ ਭਗਵੰਤ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਘਪਲਿਆਂ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਅਤੇ ਸਾਰੇ ਪਾਸੇ ਆਪਾ-ਧਾਪੀ ਅਤੇ ਬੇਵਿਸ਼ਵਾਸੀ ਦਾ ਮਾਹੌਲ ਹੈ। -ਪੱਤਰ ਪ੍ਰੇਰਕ
ਸਿੱਧੂ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ਦਾ ਮਾਮਲਾ ਭਖ਼ਿਆ
ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਚੈਨਲ ਵੱਲੋਂ ਬਣਾਈ ਦਸਤਾਵੇਜ਼ੀ ਫ਼ਿਲਮ ’ਤੇ ਇਤਰਾਜ਼ ਪ੍ਰਗਟ ਕਰਦਿਆਂ ਵਕੀਲ ਰਾਹੀਂ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਮੁੰਬਈ ਪੁਲੀਸ ਅਤੇ ਜੁਹੂ ਪੁਲੀਸ ਦੇ ਡੀਜੀਪੀ ਨੂੰ ਪੱਤਰ ਲਿਖਿਆ ਗਿਆ ਹੈ, ਜਿਸ ਵਿੱਚ 11 ਜੂਨ ਨੂੰ ਜੁਹੂ ਦੇ ਸੋਹੋ ਹਾਊਸ ਵਿੱਚ ਪੇਸ਼ ਕਰਨ ਵਾਲੀ ਫ਼ਿਲਮ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। ਕਾਨੂੰਨੀ ਨੋਟਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪੰਜਾਬੀ ਗਾਇਕ ਦੀ ਨਿੱਜੀ ਜਾਣਕਾਰੀ ਅਤੇ ਕਤਲ ਨਾਲ ਸਬੰਧਤ ਜਾਂਚ ਨਾਲ ਸਬੰਧਤ ਅਣ-ਪ੍ਰਕਾਸ਼ਿਤ ਕਹਾਣੀ ਨੂੰ ਦਸਤਾਵੇਜ਼ੀ ਵਿੱਚ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਦਿਖਾਇਆ ਜਾ ਰਿਹਾ ਹੈ। -ਪੱਤਰ ਪ੍ਰੇਰਕ