For the best experience, open
https://m.punjabitribuneonline.com
on your mobile browser.
Advertisement

ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ

04:00 AM Jan 28, 2025 IST
ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ
Advertisement

ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾ. ਬੀਆਰ ਅੰਬੇਕਰ ਦੇ ਬੁੱਤ ਦੀ ਭੰਨਤੋੜ ਦੀ ਘਟਨਾ ਨਾ ਕੇਵਲ ਨਿੰਦਾਜਨਕ ਹੈ ਸਗੋਂ ਕਈ ਪੱਖਾਂ ਤੋਂ ਚਿੰਤਾਜਨਕ ਵੀ ਹੈ। ਛੱਬੀ ਜਨਵਰੀ ਨੂੰ ਜਦੋਂ ਸਮੁੱਚਾ ਦੇਸ਼ ਸੰਵਿਧਾਨ ਨੂੰ ਧਾਰਨ ਕਰਨ ਦੇ ਪਲਾਂ ਨੂੰ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਸੀ ਤਾਂ ਉਸੇ ਬਾਅਦ ਦੁਪਹਿਰ ਇੱਕ ਨੌਜਵਾਨ ਉਸੇ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ ਕਰ ਰਿਹਾ ਸੀ; ਹਾਲਾਂਕਿ ਕੁਝ ਲੋਕਾਂ ਨੇ ਹਿੰਮਤ ਕਰ ਕੇ ਉਸ ਨੂੰ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਪਰ ਜਦੋਂ ਪੁਲੀਸ ਵੱਲੋਂ ਅਜਿਹੇ ਮੌਕਿਆਂ ’ਤੇ ਵਿਆਪਕ ਸੁਰੱਖਿਆ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਤਾਂ ਫਿਰ ਸਵਾਲ ਉੱਠਦਾ ਹੈ ਕਿ ਡਾ. ਅੰਬੇਕਰ ਦੇ ਬੁੱਤ ਦੇ ਆਸ-ਪਾਸ ਸੁਰੱਖਿਆ ਕਿਉਂ ਨਹੀਂ ਸੀ? ਬਹਰਹਾਲ, ਪੁਲੀਸ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਆਪਣੇ ਕਾਬਿਲ ਅਫ਼ਸਰਾਂ ਰਾਹੀਂ ‘ਡੂੰਘੀ ਜਾਂਚ’ ਕਰਨ ਦਾ ਭਰੋਸਾ ਦਿਵਾਇਆ ਹੈ ਅਤੇ ਨਾਲ ਹੀ ਇਹ ਤੱਥ ਉਜਾਗਰ ਕੀਤਾ ਕਿ ਮੁਲਜ਼ਮ ਦਲਿਤ ਭਾਈਚਾਰੇ ਨਾਲ ਹੀ ਸਬੰਧਿਤ ਹੈ।
ਦੇਸ਼ ਵਿੱਚ ਡਾ. ਅੰਬੇਕਰ ਦੇ ਬੁੱਤ ਦੀ ਬੇਹੁਰਮਤੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲ ਕਰਨਾਟਕ ਦੇ ਕੁਲਬੁਰਗੀ ਵਿੱਚ ਗਣਤੰਤਰ ਦਿਵਸ ਤੋਂ ਤਿੰਨ ਦਿਨ ਪਹਿਲਾਂ ਡਾ. ਅੰਬੇਕਰ ਦੇ ਬੁੱਤ ਦੀ ਬੇਹੁਰਮਤੀ ਕੀਤੀ ਗਈ ਸੀ। ਇਸੇ ਤਰ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਬੁੱਤਾਂ ਦੀ ਭੰਨਤੋੜ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕੁਝ ਸਾਲ ਪਹਿਲਾਂ ਉੱਤਰ ਪੂਰਬ ਦੇ ਤ੍ਰਿਪੁਰਾ ਵਿੱਚ ਕਮਿਊਨਿਸਟ ਆਗੂ ਲੈਨਿਨ ਦੇ ਬੁੱਤ ਨੂੰ ਤੋੜੇ ਜਾਣ ਅਤੇ ਉਪਰੋਥਲੀ ਕਈ ਹੋਰ ਘਟਨਾਵਾਂ ਤੋਂ ਬਾਅਦ ਕੇਂਦਰ ਨੇ ਸੂਬਿਆਂ ਨੂੰ ਇਸ ਮੁਤੱਲਕ ਸੇਧਾਂ ਜਾਰੀ ਕੀਤੀਆਂ ਸਨ ਜਿਸ ਤਹਿਤ ਉੱਘੀਆਂ ਹਸਤੀਆਂ ਦੇ ਬੁੱਤਾਂ ਦੁਆਲੇ ਜੰਗਲੇ ਲਾਉਣ ਜਿਹੇ ਕਦਮ ਪੁੱਟੇ ਗਏ ਸਨ, ਫਿਰ ਵੀ ਅਜਿਹੀਆਂ ਘਟਨਾਵਾਂ ਉੱਪਰ ਕਾਰਗਰ ਰੋਕ ਨਹੀਂ ਲੱਗ ਸਕੀ।
ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਦੀ ਚੁਫੇਰਿਉਂ ਨਿੰਦਾ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਨੂੰ ਵੀ ਸੂਬੇ ਦੇ ਭਾਈਚਾਰਕ ਮਾਹੌਲ ਨੂੰ ਵਿਗਾੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ; ਪੁਲੀਸ ਅਧਿਕਾਰੀਆਂ ਨੇ ਵੀ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰ ਕੇ ਮੁਲਜ਼ਮ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ। ਭਾਜਪਾ ਦੇ ਇੱਕ ਆਗੂ ਨੇ ਇਹ ਵੀ ਆਖ ਦਿੱਤਾ ਕਿ ਜਿਸ ਵਿਰਾਸਤੀ ਗਲਿਆਰੇ ਵਿੱਚ ਇਹ ਘਟਨਾ ਵਾਪਰੀ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦਾ ਹੈ; ਸ਼੍ਰੋਮਣੀ ਕਮੇਟੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਇਹ ਨਗਰ ਨਿਗਮ ਦੇ ਅਧੀਨ ਆਉਂਦਾ ਹੈ। ਸਿਆਸੀ ਆਗੂਆਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਅਜਿਹੀਆਂ ਘਟਨਾਵਾਂ ’ਤੇ ਜ਼ਿੰਮੇਵਾਰੀ ਅਤੇ ਸੂਝ-ਬੂਝ ਦਾ ਮੁਜ਼ਾਹਰਾ ਕਰਨ ਪਰ ਹਰ ਵਾਰ ਉਹ ਇਸ ਵਿੱਚ ਨਾਕਾਮ ਹੁੰਦੇ ਹਨ। ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਜਾਪਦਾ ਹੈ ਕਿ ਕਿ ਇਸ ਪਿੱਛੇ ਨਿਹਿਤ ਸਵਾਰਥ ਕੰਮ ਰਹੇ ਹੁੰਦੇ ਹਨ। ਨਹੀਂ ਤਾਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਅਕੀਦਿਆਂ ਅਤੇ ਚਿੰਨ੍ਹਾਂ ਉੱਪਰ ਹਮਲਾ ਕਰਨ ਬਾਰੇ ਕੋਈ ਸੋਚ ਵੀ ਕਿਵੇਂ ਸਕਦਾ ਹੈ। ਦਲਿਤ ਜਥੇਬੰਦੀਆਂ ਨੇ ਇਸ ਘਟਨਾ ’ਤੇ ਤਿੱਖਾ ਰੋਸ ਜਤਾਇਆ ਅਤੇ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇ। ਇਸ ਤੋਂ ਪਹਿਲਾਂ ਘਟਨਾ ਦੀ ਤਹਿ ਤੱਕ ਭਰੋਸੇਮੰਦ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਸਾਰੇ ਤੱਥ ਜਨਤਕ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਅਜਿਹੇ ਰੁਝਾਨ ਦੀ ਰੋਕਥਾਮ ਲਈ ਵੱਖ-ਵੱਖ ਪੱਧਰਾਂ ’ਤੇ ਪੁਖਤਾ ਬੰਦੋਬਸਤ ਕੀਤੇ ਜਾ ਸਕਣ।

Advertisement

Advertisement
Advertisement
Author Image

Jasvir Samar

View all posts

Advertisement