For the best experience, open
https://m.punjabitribuneonline.com
on your mobile browser.
Advertisement

ਅੰਬੇਡਕਰ ਦੇ ਬੁੱਤਾਂ ’ਤੇ ਹਮਲੇ ਦੀ ਸਿਆਸਤ

04:19 AM Apr 12, 2025 IST
ਅੰਬੇਡਕਰ ਦੇ ਬੁੱਤਾਂ ’ਤੇ ਹਮਲੇ ਦੀ ਸਿਆਸਤ
Advertisement
ਤਰਲੋਕ ਸਿੰਘ ਚੌਹਾਨ
Advertisement

ਡਾਕਟਰ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਚਿਰਾਂ ਤੋਂ ਸਥਾਪਿਤ ਬਹੁਤ ਸਾਰੀਆਂ ਅਣਮਨੁੱਖੀ, ਮਾਨਵ ਵਿਰੋਧੀ ਅਤੇ ਗੈਰ-ਕੁਦਰਤੀ ਵਿਚਾਰਧਾਰਾਵਾਂ ਉੱਤੇ ਗਹਿਰੀ ਸੱਟ ਮਾਰਨ ਵਾਲੀ ਹੈ। ਸਦੀਆਂ ਤੋਂ ਪੱਕੀ ਬਣੀ ਬੈਠੀ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਵਿਵਸਥਾ ਦੀਆਂ ਜੜ੍ਹਾਂ ਹਿਲਾਉਣ ਵਾਲੀ ਹੈ ਅਤੇ ਅਜਿਹਾ ਕਰਨ ਵਿੱਚ ਕਾਫ਼ੀ ਹੱਦ ਤੱਕ ਸਫਲ ਵੀ ਹੋਈ ਹੈ। ਡਾਕਟਰ ਅੰਬੇਡਕਰ ਨੇ ਪਸ਼ੂਆਂ ਵਰਗੀ ਜ਼ਿੰਦਗੀ ਹੰਢਾਉਣ ਲਈ ਮਜਬੂਰ, ਕਰਮ ਕਾਂਡ, ਪਖੰਡਵਾਦ, ਅੰਧ-ਵਿਸ਼ਵਾਸ, ਜਾਤ-ਪਾਤ, ਊਚ-ਨੀਚ ਦੇ ਸ਼ਿਕਾਰ ਆਮ ਲੋਕਾਂ ਨੂੰ ਪੜ੍ਹਨ ਲਿਖਣ, ਇੱਕਜੁੱਟ ਹੋਣ ਅਤੇ ਸੰਘਰਸ਼ ਕਰਨ ਦਾ ਪਾਠ ਪੜ੍ਹਾਇਆ। ਉਨ੍ਹਾਂ ਨੇ ਲੋਕਾਂ ਨੂੰ ਸੰਵਿਧਾਨ ਰਾਹੀਂ ਵੋਟ ਦਾ ਅਧਿਕਾਰ ਦੇ ਕੇ ਸਮਝਾਇਆ ਕਿ ਇਹ ਅਜਿਹਾ ਹਥਿਆਰ ਹੈ ਜਿਸ ਨਾਲ ਤੁਸੀਂ ਬਿਨਾਂ ਮਾਰ-ਧਾੜ, ਬਿਨਾਂ ਲੜਾਈ ਝਗੜੇ ਅਤੇ ਬਿਨਾਂ ਖੂਨ-ਖਰਾਬੇ ਦੇ ਉਨ੍ਹਾਂ ਲੋਕਾਂ ਨੂੰ ਸੱਤਾ ਤੋਂ ਦੂਰ ਭਜਾ ਸਕਦੇ ਹੋ ਜੋ ਯੁੱਗਾਂ ਤੋਂ ਤੁਹਾਨੂੰ ਪਸ਼ੂਆਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਕਰਦੇ ਰਹੇ ਹਨ। ਡਾਕਟਰ ਅੰਬੇਡਕਰ ਭਾਵੇਂ ਸ਼ੋਸ਼ਿਤ ਲੋਕਾਂ ਨੂੰ ਦੂਹਰੀ ਵੋਟ ਦਾ ਅਧਿਕਾਰ ਦੇ ਕੇ ਹੋਰ ਵੀ ਮਜ਼ਬੂਤ ਕਰਨਾ ਚਾਹੁੰਦੇ ਸਨ ਪਰ ਮਜਬੂਰੀਵੱਸ, ਕੱਟੜ ਵਿਰੋਧ ਕਾਰਨ ਉਨ੍ਹਾਂ ਨੂੰ ਇਹ ਵਿਚਾਰ ਛੱਡਣਾ ਪਿਆ ਅਤੇ ਪੂਨਾ ਪੈਕਟ ਵਰਗੇ ਦਸਤਾਵੇਜ਼ ’ਤੇ ਦਸਤਖਤ ਕਰਨੇ ਪਏ। ਇਹ ਗੱਲ ਵੀ ਸੱਚ ਹੈ ਕਿ ਸੱਤਾ ’ਤੇ ਕਾਬਜ਼ ਲੋਕ ਖੁਦ ਵੀ ਨਹੀਂ ਸਨ ਚਾਹੁੰਦੇ ਕਿ ਡਾਕਟਰ ਅੰਬੇਡਕਰ ਨੂੰ ਭਾਰਤ ਦਾ ਸੰਵਿਧਾਨ ਲਿਖਣ ਦੀ ਜਿ਼ੰਮੇਵਾਰੀ ਸੌਂਪੀ ਜਾਵੇ ਪਰ ਉਸ ਸਮੇਂ ਉਨ੍ਹਾਂ ਕੋਲ ਡਾਕਟਰ ਅੰਬੇਡਕਰ ਦਾ ਕੋਈ ਬਦਲ ਨਹੀਂ ਸੀ। ਦਰਅਸਲ, ਕੁਝ ਅਜਿਹੇ ਲੋਕ ਸਰਗਰਮ ਸਨ ਜੋ ਅੰਗਰੇਜ਼ਾਂ ਦੀ ਗੁਲਾਮੀ ਤਾਂ ਝੱਲ ਸਕਦੇ ਸਨ ਪਰ ਸ਼ੋਸ਼ਿਤ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਬਰਦਾਸ਼ਤ ਨਹੀਂ ਸਨ ਕਰਦੇ।

Advertisement
Advertisement

ਦੂਜੇ ਪਾਸੇ, ਡਾਕਟਰ ਅੰਬੇਡਕਰ ਨੇ ਸੰਵਿਧਾਨ ਲਿਖਣ ਦੀ ਜਿ਼ੰਮੇਵਾਰੀ ਬਾਖੂਬੀ, ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਈ ਅਤੇ ਦਿਨ-ਰਾਤ ਮਿਹਨਤ ਕਰ ਕੇ ਭਾਰਤ ਦੇ ਲੋਕਾਂ ਨੂੰ ਅਜਿਹਾ ਦਸਤਾਵੇਜ਼ (ਸੰਵਿਧਾਨ) ਦਿੱਤਾ ਜਿਸ ਨਾਲ ਦੇਸ਼ ਹਰ ਪੱਖੋਂ ਖੁਸ਼ਹਾਲ ਹੋ ਸਕੇ। ਉਂਝ, ਡਾਕਟਰ ਅੰਬੇਡਕਰ ਇਸ ਗੱਲ ਤੋਂ ਵੀ ਸੁਚੇਤ ਸਨ ਕਿ ਸੰਵਿਧਾਨ ਲਾਗੂ ਕਰਨ ਵਾਲੇ ਲੋਕ ਜੇਕਰ ਇਮਾਨਦਾਰੀ ਨਾਲ ਲਾਗੂ ਨਹੀਂ ਕਰਨਗੇ ਤਾਂ ਸੰਵਿਧਾਨ ਵੀ ਬੇਮਾਇਨਾ ਹੋ ਕੇ ਰਹਿ ਜਾਵੇਗਾ। ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਭਾਰਤ ਦੇ ਬਹੁ-ਗਿਣਤੀ ਲੋਕ ਅਖੌਤੀ ਨੀਵੀਆਂ ਜਾਤਾਂ ਨਾਲ ਸਬੰਧਿਤ ਹੋਣ ਦੇ ਨਾਲ-ਨਾਲ ਪੁੱਜ ਕੇ ਗਰੀਬ ਵੀ ਹਨ ਅਤੇ ਪੂੰਜੀਵਾਦ ਤੇ ਮਨੂਵਾਦ ਦੀ ਦੂਹਰੀ ਮਾਰ ਸਹਿ ਰਹੇ ਹਨ। ਇਸ ਤੋਂ ਉਲਟ ਉਹ ਲੋਕ ਜੋ ਅਖੌਤੀ ਉੱਚ ਜਾਤੀਆਂ ਦੇ ਹਨ ਅਤੇ ਧਨਵਾਨ ਹਨ, ਸੰਵਿਧਾਨ ਦੇ ਰਾਹ ਵਿੱਚ ਰੋੜੇ ਅਟਕਾਉਣ ਦਾ ਕੰਮ ਸ਼ਰੇਆਮ ਕਰਨਗੇ। ਇਨ੍ਹਾਂ ਹਾਲਾਤ ਵਿੱਚ ਗਰੀਬਾਂ ਅਤੇ ਸ਼ੋਸ਼ਿਤ ਵਰਗ ਦੇ ਲੋਕਾਂ ਨੂੰ ਜ਼ਿਆਦਾ ਮਿਹਨਤ ਅਤੇ ਤਕੜੇ ਹੋ ਕੇ ਸੰਵਿਧਾਨ ਦੀ ਰੱਖਿਆ ਕਰਨੀ ਪਵੇਗੀ ਤਾਂ ਹੀ ਉਨ੍ਹਾਂ ਦੇ ਹੱਕ ਮਹਿਫੂਜ਼ ਰਹਿ ਸਕਣਗੇ।

ਪਿਛਲੇ ਕੁਝ ਦਹਾਕਿਆਂ ਤੋਂ ਸ਼ੋਸ਼ਿਤ ਸਮਾਜ ਦੇ ਲੋਕਾਂ ਨੂੰ ਪੜ੍ਹ ਲਿਖ ਕੇ ਆਪਣੇ ਹੱਕਾਂ ਬਾਰੇ ਸੋਝੀ ਹੋਈ ਤਾਂ ਉਨ੍ਹਾਂ ਨੇ ਹਰ ਖੇਤਰ ਵਿੱਚ ਆਪਣੀ ਹਿੱਸੇਦਾਰੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦਾ ਵਿਰੋਧ ਹੋਣਾ ਵੀ ਸੁਭਾਵਿਕ ਸੀ ਅਤੇ ਸੱਤਾ ’ਤੇ ਕਾਬਜ਼ ਫਿਰਕਾਪ੍ਰਸਤ ਅਤੇ ਅਮੀਰ ਲੋਕਾਂ ਨੇ ਸੱਤਾ ਖੁੱਸਦੀ ਦੇਖ ਕੇ ਸ਼ੋਸ਼ਿਤ ਸਮਾਜ ਦੇ ਲੋਕਾਂ ਨੂੰ ਵਰਗਲਾਉਣਾ ਅਤੇ ਭਰਮਾਉਣਾ ਸ਼ੁਰੂ ਕਰ ਦਿੱਤਾ। ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਦਾ ਉੱਪਰੋਂ-ਉੱਪਰੋਂ ਸਮਰਥਨ ਕਰਨ ਦਾ ਨਾਟਕ ਸ਼ੁਰੂ ਕਰ ਦਿੱਤਾ। ਦਫਤਰਾਂ, ਕੋਠੀਆਂ ਅਤੇ ਕਾਰਾਂ ਉੱਤੇ ਡਾਕਟਰ ਅੰਬੇਡਕਰ ਦੀਆਂ ਤਸਵੀਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਧਾਨ ਸਭਾਵਾਂ ਅਤੇ ਸੰਸਦ ਭਵਨਾਂ ਵਿੱਚ ਸੰਵਿਧਾਨ ਦੀਆਂ ਕਾਪੀਆਂ ਹੱਥਾਂ ਵਿੱਚ ਫੜ ਕੇ ਸ਼ੋਸ਼ਿਤ ਵਰਗਾਂ ਦੇ ਲੋਕਾਂ ਦੀਆਂ ਭਾਵਨਾਵਾਂ ਆਪਣੇ ਹੱਕ ਵਿੱਚ ਕਰਨ ਦਾ ਯਤਨ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਕਈ ਰਾਜਨੀਤਕ ਪਾਰਟੀਆਂ ਨੇ ਸ਼ੋਸ਼ਿਤ ਸਮਾਜ ਦੇ ਲੋਕਾਂ ਦੀਆਂ ਵੋਟਾਂ ਬਟੋਰ ਕੇ ਸੱਤਾ ਹਥਿਆਉਣ ਖਾਤਰ ਸ਼ੋਸ਼ਿਤ ਵਰਗਾਂ ਵਿੱਚੋਂ ਮੁੱਖ ਮੰਤਰੀ ਵੀ ਬਣਾ ਦਿੱਤੇ। ਇਹ ਸਭ ਕੁਝ ਡਾਕਟਰ ਅੰਬੇਡਕਰ ਵੱਲੋਂ ਸੰਵਿਧਾਨ ਰਾਹੀਂ ਲੋਕਾਂ ਨੂੰ ਦਿੱਤੀ ਤਾਕਤ ਦਾ ਨਤੀਜਾ ਹੈ। ਉਂਝ ਉਨ੍ਹਾਂ ਨੂੰ ਗਲੇ ਲਗਾਉਣ ਲਈ ਕੋਈ ਵੀ ਤਿਆਰ ਨਹੀਂ।

ਸਦੀਆਂ ਤੋਂ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਪੱਖੋਂ ਅਣਗੌਲੇ ਲੋਕਾਂ ਵਿੱਚੋਂ ਬਹੁਤੇ ਲੋਕ ਡਾਕਟਰ ਅੰਬੇਡਕਰ ਨੂੰ ਆਪਣਾ ਮਸੀਹਾ ਸਮਝ ਕੇ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਆਪਣਾ ਕੇ ਹਰ ਤਰ੍ਹਾਂ ਦੀ ਸੱਤਾ ਵਿੱਚ ਆਪਣੀ ਹਿੱਸੇਦਾਰੀ ਦੀ ਮੰਗ ਕਰ ਰਹੇ ਹਨ ਤਾਂ ਆਪਣਾ ਵੱਸ ਨਾ ਚਲਦਾ ਦੇਖ ਕੇ, ਸੱਤਾ ਖੁੱਸ ਜਾਣ ਦੇ ਡਰ ਕਾਰਨ ਬੁਖਲਾ ਕੇ ਸੱਤਾ ’ਤੇ ਕਾਬਜ਼ ਲੋਕਾਂ ਨੇ ਡਾਕਟਰ ਅੰਬੇਡਕਰ ਦੇ ਬੁੱਤਾਂ ’ਤੇ ਹਮਲੇ ਕਰਨੇ ਜਾਂ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੀਆਂ ਤਸਵੀਰਾਂ ਪਾੜ੍ਹਨ ਲੱਗ ਗਏ ਹਨ ਅਤੇ ਉਨ੍ਹਾਂ ਦੁਆਰਾ ਲਿਖਿਆ ਸੰਵਿਧਾਨ ਸਾੜਨ ਲੱਗ ਗਏ ਹਨ। ਇਥੋਂ ਤੱਕ ਕਿ ਭਾਰਤ ਦਾ ਸੰਵਿਧਾਨ ਬਦਲਣ ਦੀਆਂ ਤਰਕੀਬਾਂ ਸੋਚਣ ਲੱਗ ਗਏ ਹਨ। ਇਹ ਸੱਤਾ ਖੁੱਸਣ ਦੇ ਡਰ ਦੀ ਪ੍ਰੇਸ਼ਾਨੀ ਹੈ। ਡਾਕਟਰ ਅੰਬੇਡਕਰ ਦੇ ਵਿਚਾਰ ਤਾਂ ਕਦੋਂ ਦੇ ਫਿਜ਼ਾ ਵਿੱਚ ਖਿਲਰ ਚੁੱਕੇ ਹਨ ਅਤੇ ਗਰੀਬ ਤੇ ਸ਼ੋਸ਼ਿਤ ਲੋਕਾਂ ਦੇ ਮਨਾਂ ਵਿੱਚ ਘਰ ਕਰ ਚੁੱਕੇ ਹਨ। ਵਿਚਾਰ ਕਦੇ ਕੈਦ ਨਹੀਂ ਹੁੰਦੇ, ਕਦੇ ਕਤਲ ਨਹੀਂ ਹੁੰਦੇ। ਇਸ ਲਈ ਸ਼ੋਸ਼ਿਤ ਸਮਾਜ ਦੇ ਲੋਕਾਂ ਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਅਤੇ ਨਾ ਹੀ ਕਾਨੂੰਨ ਹੱਥਾਂ ਵਿੱਚ ਲੈਣ ਦੀ ਲੋੜ ਹੈ। ਲੋੜ ਹੈ ਡਾਕਟਰ ਅੰਬੇਡਕਰ ਦੇ ਵਿਚਾਰਾਂ ਦਾ ਕਾਫਲਾ ਅੱਗੇ ਤੋਰਨ ਦੀ, ਆਪਣੀ ਤਾਕਤ ਪਛਾਨਣ ਦੀ ਅਤੇ ਬਹੁਤ ਹੀ ਸੋਚ ਸਮਝ ਕੇ ਆਪਣੀ ਵੋਟ ਸ਼ਕਤੀ ਵਰਤਣ ਦੀ।

ਡਾਕਟਰ ਅੰਬੇਡਕਰ ਕੇਵਲ ਸ਼ੋਸ਼ਿਤ ਸਮਾਜ ਦੇ ਹੀ ਮਸੀਹਾ ਨਹੀਂ ਸਨ, ਭਾਰਤ ਦੇ ਬਹੁ-ਗਿਣਤੀ ਲੋਕਾਂ ਦੇ ਮਸੀਹਾ ਸਨ। ਮਨੁੱਖ ਜਾਤੀ ਦਾ ਅੱਧਾ ਹਿੱਸਾ ਔਰਤਾਂ ਹਨ, ਜਿਨ੍ਹਾਂ ਨੂੰ ਕੋਈ ਵੀ ਆਜ਼ਾਦੀ ਨਹੀਂ ਸੀ। ਡਾਕਟਰ ਅੰਬੇਡਕਰ ਨੇ ਸੰਵਿਧਾਨ ਰਾਹੀਂ ਪੂਰੇ ਔਰਤ ਵਰਗ ਨੂੰ ਪੜ੍ਹਨ ਲਿਖਣ ਦਾ ਅਧਿਕਾਰ, ਜਾਇਦਾਦ ਦਾ ਅਧਿਕਾਰ ਅਤੇ ਹਰ ਖੇਤਰ ਵਿੱਚ ਬਰਾਬਰੀ ਦਾ ਅਧਿਕਾਰ ਦੇ ਕੇ ਮਰਦ ਵਰਗ ਦੇ ਬਰਾਬਰ ਖੜ੍ਹਾ ਕਰ ਦਿੱਤਾ। ਸੰਵਿਧਾਨ ਦੁਆਰਾ ਹਰੇਕ ਵਿਅਕਤੀ ਨੂੰ ਬਰਾਬਰੀ ਦੇ ਹੱਕ ਕਾਨੂੰਨੀ ਤੌਰ ’ਤੇ ਪ੍ਰਾਪਤ ਹਨ। ਅੱਜ ਦਾ ਸਮਾਜਿਕ, ਰਾਜਨੀਤਕ ਅਤੇ ਆਰਥਿਕ ਢਾਂਚਾ ਸੰਵਿਧਾਨ ਦੁਆਰਾ ਨਿਯਮਤ ਹੈ। ਮੌਲਿਕ ਅਧਿਕਾਰ ਸਭ ਦੇ ਬਰਾਬਰ ਹਨ। ਇਸ ਲਈ ਸਾਰਿਆਂ ਦਾ ਸੰਵਿਧਾਨ ਦੀ ਰੱਖਿਆ ਕਰਨਾ ਫਰਜ਼ ਹੈ ਅਤੇ ਡਾਕਟਰ ਅੰਬੇਡਕਰ ਦੇ ਬੁੱਤਾਂ ’ਤੇ ਹਮਲੇ ਕਰਨ ਅਤੇ ਕਰਵਾਉਣ ਵਾਲਿਆਂ ਦਾ ਮੂੰਹ ਤੋੜ ਜਵਾਬ ਜਥੇਬੰਦ ਹੋ ਕੇ ਦੇਣਾ ਬਣ ਜਾਂਦਾ ਹੈ।

ਸੰਪਰਕ: 98142-10847

Advertisement
Author Image

Jasvir Samar

View all posts

Advertisement