ਅੰਬੇਡਕਰ ਜੈਅੰਤੀ ਦੇ ਮੱਦੇਨਜ਼ਰ ਸੁਰੱਖਿਆ ਵਧਾਈ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 12 ਅਪਰੈਲ
ਡਾ. ਭੀਮ ਰਾਓ ਅੰਬੇਡਕਰ ਦੇ ਜਨਮਦਿਨ ਮੌਕੇ ਕਰਵਾਏ ਜਾਣ ਵਾਲੇ ਸਮਾਮਗਾਂ ਲਈ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੇ ਮੱਦੇਨਜ਼ਰ ਇਲਾਕੇ ਵਿੱਚ ਪੁਲੀਸ ਵਿਭਾਗ ਨੇ ਸਖ਼ਤੀ ਵਧਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਤਵੰਤ ਪੰਨੂ ਵੱਲੋਂ ਅੰਬੇਡਕਰ ਜੈਅੰਤੀ ਦੇ ਸਬੰਧ ਵਿੱਚ ਦਿੱਤੀਆਂ ਗਈਆਂ ਧਮਕੀਆਂ ਕਾਰਨ ਇਸ ਸਾਲ ਸੁਰੱਖਿਆ ਪ੍ਰਬੰਧ ਹੋਰ ਕਰੜੇ ਕੀਤੇ ਜਾ ਰਹੇ ਹਨ।
ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਵੱਡੀ ਗਿਣਤੀ ਜਨਤਕ ਥਾਵਾਂ,ਵਿਦਿਅਕ ਅਦਾਰਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਧਾਰਮਿਕ ਅਸਥਾਨਾਂ ਤੇ ਬਾਜ਼ਾਰਾਂ ਸਮੇਤ ਡਾ. ਅੰਬੇਡਕਰ ਦੀਆਂ ਯਾਦਗਾਰਾਂ ਜਾਂ ਬੁੱਤਾਂ ਨੇੜੇ ਚੌਕਸੀ ਵਧਾਈ ਗਈ ਹੈ। ਐੱਸਐੱਸਪੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਸਰਕਲ ਅਧਿਕਾਰੀ ਭਾਵੇਂ ਪਹਿਲਾਂ ਹੀ ਆਪਣੇ-ਆਪਣੇ ਖੇਤਰ ਵਿੱਚ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ ਪਰ ਉਨ੍ਹਾਂ ਸਮੇਤ ਜ਼ਿਲ੍ਹਾ ਪੱਧਰੀ ਅਧਿਕਾਰੀ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਲਈ ਸਾਰੇ ਥਾਣਿਆਂ ਵਿੱਚ ਚੈਕਿੰਗ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ’ਤੇ ਯਕੀਨ ਕਰਨ ਦੀ ਥਾਂ ਨੇੜਲੇ ਪੁਲੀਸ ਅਧਿਕਾਰੀ ਨਾਲ ਸੰਪਰਕ ਕੀਤਾ ਜਾਵੇ।