ਅੰਬੇਡਕਰ ਜਅੰਤੀ ਮੌਕੇ ਹੁਸ਼ਿਆਰ ਬੱਚਿਆਂ ਨੂੰ ਨਕਦ ਇਨਾਮ ਦਿੱਤੇ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 14 ਅਪਰੈਲ
ਮਾਹਿਲਪੁਰ ਬਲਾਕ ਦੇ ਚਾਰ ਪਿੰਡ ਮਹਿਮਦਵਾਲ ਦੇ ਸਰਕਾਰੀ ਮਿਡਲ ਸਕੂਲ ਦੇ ਅੱਠਵੀਂ ਜਮਾਤ ਦੇ ਨਤੀਜੇ ਵਿੱਚ ਚੰਗਾ ਨਤੀਜਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਕੁਲਜੀਤ ਕੌਰ, ਸੁਖਮਨ ਧਾਮੀ ਅਤੇ ਬੱਬਲਪ੍ਰੀਤ ਕੌਰ ਨੂੰ ਡਾਕਟਰ ਅੰਬੇਡਕਰ ਜੈਅੰਤੀ ਮੌਕੇ ਨਕਦ ਇਨਾਮ ਅਤੇ ਪੁਸਤਕਾਂ ਦੇ ਸੈੱਟ ਪ੍ਰਦਾਨ ਕੀਤੇ ਗਏ। ਇਹ ਰਾਸ਼ੀ ਸਮਾਜ ਸੇਵੀ ਗਿਰਧਰੀ ਲਾਲ ਦੀ ਯਾਦ ’ਚ ਭੇਟ ਕੀਤੀ ਗਈ। ਇਸ ਮੌਕੇ ਸੁਰ ਸੰਗਮ ਵਿੱਦਿਅਕ ਟਰੱਸਟ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਮਾਜਿਕ ਅਤੇ ਆਰਥਿਕ ਤੌਰ ’ਤੇ ਪਛੜੇ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਇਤਿਹਾਸਿਕ ਕਾਰਜ ਕੀਤੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਸੰਘਰਸ਼ਸ਼ੀਲ ਜੀਵਨ ਤੋਂ ਪ੍ਰੇਰਨਾ ਲੈਣ ਦੀ ਨਸੀਹਤ ਕੀਤੀ। ਇਸ ਮੌਕੇ ਸਕੂਲ ਇੰਚਾਰਜ ਸੁਨੀਲ ਕੁਮਾਰ ਨੇ ਇਨਾਮੀ ਰਾਸ਼ੀ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆ ਨੂੰ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੇ ਵਿਚਾਰਧਾਰਾ ਦਾ ਅਧਿਐਨ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਰਣਜੀਤ ਸਿੰਘ, ਮਲਕੀਤ ਕੌਰ ,ਜਸਵੀਰ ਕੌਰ ਸਮੇਤ ਵਿਦਿਆਰਥੀ, ਮਾਪੇ ਅਤੇ ਸਕੂਲ ਮੈਨੇਜਿੰਗ ਕਮੇਟੀ ਦੇ ਮੈਂਬਰ ਹਾਜ਼ਰ ਹੋਏ।
ਇਸੇ ਦੌਰਾਨ ਪਿੰਡ ਡਾਨਸੀਵਾਲ ਵਿੱਚ ਮਾਸਟਰ ਸੁਖਦੇਵ ਡਾਨਸੀਵਾਲ ਤੇ ਮਨੋਹਰ ਲਾਲ ਡਾਨਸੀਵਾਲ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦਾ 134ਵਾਂ ਜਨਮ ਦਿਵਸ ਮਨਾਇਆ ਗਿਆ। ਸੇਵਾ ਮੁਕਤ ਪ੍ਰਿੰਸੀਪਲ ਜਗਦੀਸ਼ ਰਾਏ ਅਤੇ ਲੈਕਚਰਾਰ ਮੁਕੇਸ਼ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਡਾ ਬੀ.ਆਰ.ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਸਾਰ ਦੀ ਸਖ਼ਤ ਜ਼ਰੂਰਤ ਹੈ।